ਦੁਖਦ ਖ਼ਬਰ : ਅਗਨੀਵੀਰ ਤਹਿਤ ਭਰਤੀ ਹੋਇਆ, 19 ਸਾਲਾ ਫੌਜੀ ਜਵਾਨ ਅੰਮ੍ਰਿਤਪਾਲ ਸਿੰਘ ਜੰਮੂ ਕਸ਼ਮੀਰ ‘ਚ ਸ਼ਹੀਦ, ਮੁੱਖ ਮੰਤਰੀ ਨੇ…

ਮਾਨਸਾ / ਚੰਡੀਗੜ੍ਹ : ਮਾਨਸਾ ਜ਼ਿਲ੍ਹੇ ਦੇ ਪਿੰਡ ਕੋਟਲੀ ਦਾ ਫ਼ੌਜੀ ਜਵਾਨ ਜੰਮੂ ਕਸ਼ਮੀਰ ‘ਚ ਸ਼ਹੀਦ ਹੋ ਗਿਆ। ਭਾਰਤੀ ਫ਼ੌਜ ਦਾ ਜਵਾਨ ਅੰਮ੍ਰਿਤਪਾਲ ਸਿੰਘ ਅਗਨੀਵੀਰ ਤਹਿਤ ਭਰਤੀ ਹੋਇਆ ਸੀ।  ਮਾਪਿਆਂ ਦਾ ਇਕਲੌਤਾ ਪੁੱਤ ਜੰਮੂ ਕਸ਼ਮੀਰ ਦੇ ਪੁੰਛ ਇਲਾਕੇ ‘ਚ ਤਾਇਨਾਤ ਸੀ।

ਉਹ ਟ੍ਰੇਨਿੰਗ ਬਾਅਦ ਛੁੱਟੀ ਕੱਟ ਕੇ ਜੰਮੂ ਕਸ਼ਮੀਰ ਡਿਊਟੀ ‘ਤੇ ਗਿਆ ਸੀ। ਖ਼ਬਰ ਦਾ ਪਤਾ ਲੱਗਣ ‘ਤੇ ਮਾਨਸਾ ’ਚ ਸੋਗ ਦੀ ਲਹਿਰ ਫ਼ੈਲ ਗਈ।  ਸ਼ਹੀਦ ਅੰਮ੍ਰਿਤਪਾਲ ਦਾ ਪਿਤਾ ਗੁਰਦੀਪ ਸਿੰਘ ਖੇਤੀ ਕਰਦਾ ਹੈ ਅਤੇ ਉਹ ਜਵਾਨ ਮਾਪਿਆਂ ਦਾ ਇਕਲੌਤਾ ਪੁੱਤ ਸੀ।

 

ਮੁੱਖ ਮੰਤਰੀ ਨੇ ਜਵਾਨ ਅੰਮ੍ਰਿਤਪਾਲ ਸਿੰਘ ਦੀ ਸ਼ਹਾਦਤ ਉਤੇ ਦੁੱਖ ਪ੍ਰਗਟਾਇਆ
 
ਚੰਡੀਗੜ੍ਹ, 13 ਅਕਤੂਬਰ:

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ 19 ਸਾਲਾ ਫੌਜੀ ਜਵਾਨ ਅੰਮ੍ਰਿਤਪਾਲ ਸਿੰਘ ਦੀ ਡਿਊਟੀ ਨਿਭਾਉਂਦਿਆਂ ਹੋਈ ਸ਼ਹਾਦਤ ਉਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ।

ਇੱਥੇ ਜਾਰੀ ਇਕ ਬਿਆਨ ਵਿੱਚ ਮੁੱਖ ਮੰਤਰੀ ਨੇ ਦੱਸਿਆ ਕਿ ਅੰਮ੍ਰਿਤਪਾਲ ਸਿੰਘ ਮਾਨਸਾ ਜ਼ਿਲ੍ਹੇ ਦੇ ਪਿੰਡ ਕੋਟਲੀ ਕਲਾਂ ਨਾਲ ਸਬੰਧਤ ਹੈ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਇਹ ਦੇਸ਼ ਲਈ ਖ਼ਾਸ ਤੌਰ ਉਤੇ ਪਰਿਵਾਰ ਲਈ ਨਾ ਪੂਰਿਆ ਜਾਣ ਵਾਲਾ ਘਾਟਾ ਹੈ।

ਮੁੱਖ ਮੰਤਰੀ ਨੇ ਪੀੜਤ ਪਰਿਵਾਰ ਨਾਲ ਡੂੰਘੀ ਹਮਦਰਦੀ ਜ਼ਾਹਰ ਕੀਤੀ ਅਤੇ ਕਿਹਾ ਕਿ ਇਸ ਦੁੱਖ ਦੀ ਘੜੀ ਵਿੱਚ ਪੰਜਾਬ ਸਰਕਾਰ ਪਰਿਵਾਰ ਨਾਲ ਖੜ੍ਹੀ ਹੈ। ਉਨ੍ਹਾਂ ਕਿਹਾ ਕਿ ਸ਼ਹੀਦ ਨੇ ਆਪਣੀ ਡਿਊਟੀ ਪੂਰੇ ਸਮਰਪਣ ਤੇ ਪੇਸ਼ੇਵਰ ਵਚਨਬੱਧਤਾ ਨਾਲ ਨਿਭਾਈ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਸ਼ਹੀਦ ਦਾ ਬਲੀਦਾਨ ਹਮੇਸ਼ਾ ਨੌਜਵਾਨਾਂ ਨੂੰ ਪ੍ਰੇਰਿਤ ਕਰਦਾ ਰਹੇਗਾ। ਉਨ੍ਹਾਂ ਦੱਸਿਆ ਕਿ ਸੂਬਾ ਸਰਕਾਰ ਦੀ ਨੀਤੀ ਮੁਤਾਬਕ ਪੀੜਤ ਪਰਿਵਾਰ ਨੂੰ ਵਿੱਤੀ ਇਮਦਾਦ ਦਿੱਤੀ ਜਾਵੇਗੀ।     

Related posts

Leave a Reply