ਲਿਬਰੇਸ਼ਨ ਵਲੋਂ ਗੁੱਜਰਾਂ ਖਿਲਾਫ ਅਫਵਾਹਾਂ ਫੈਲਾਉਣ ਵਾਲੇ ਫਿਰਕੂ ਅਨਸਰਾਂ ਵਿਰੁੱਧ ਤੁਰੰਤ ਕੇਸ ਦਰਜ ਕਰਨ ਦੀ ਮੰਗ April 8, 2020April 8, 2020 Adesh Parminder Singh ਅਣਗਹਿਲੀ ਕਰਨ ਵਾਲੇ ਅਧਿਕਾਰੀਆਂ ਖਿਲਾਫ ਵੀ ਹੋਵੇ ਕਾਰਵਾਈਗੁਰਦਾਸਪੁਰ ,8 ਅਪ੍ਰੈਲ ( ਅਸ਼ਵਨੀ ) :- ਸੀਪੀਆਈ (ਐਮਐਲ) ਲਿਬਰੇਸ਼ਨ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਦਿੱਲੀ ਦੇ ਤਬਲੀਗੀ ਮਰਕਜ਼ ਮਾਮਲੇ ਦੀ ਆੜ ਵਿੱਚ ਸੂਬੇ ਦੇ ਕਈ ਜ਼ਿਲਿਆਂ ਵਿਚ ਗੁੱਜਰ ਭਾਈਚਾਰੇ ਖਿਲਾਫ ਅਫਵਾਹਾਂ ਫੈਲਾਉਣ ਅਤੇ ਪਸ਼ੂ ਪਾਲਕ ਗੁੱਜਰਾਂ ਨੂੰ ਕੁੱਟਣ ਮਾਰਨ, ਜ਼ਲੀਲ ਕਰਨ ਅਤੇ ਉਨ੍ਹਾਂ ਦਾ ਸਮਾਜਿਕ ਬਾਈਕਾਟ ਕਰਨ ਦੇ ਸੱਦੇ ਦੇਣ ਵਰਗੀਆਂ ਭੜਕਾਊ ਕਾਰਵਾਈਆਂ ਕਰਨ ਵਾਲੇ ਫਿਰਕੂ ਅਨਸਰਾਂ ਤੇ ਪੰਚਾਇਤੀ ਮੋਹਤਬਰਾਂ ਖਿਲਾਫ ਤੁਰੰਤ ਪੁਲਸ ਕੇਸ ਦਰਜ ਕੀਤੇ ਜਾਣ ਅਤੇ ਪੁਲਿਸ ਪ੍ਰਸ਼ਾਸਨ ਨੂੰ ਹਿਦਾਇਤ ਕੀਤੀ ਜਾਵੇ ਕਿ ਉਹ ਗੁੱਜਰਾਂ ਨੂੰ ਪੂਰਨ ਸੁਰੱਖਿਆ ਪ੍ਰਦਾਨ ਕਰਨ । ਲਿਬਰੇਸ਼ਨ ਦੀ ਪੰਜਾਬ ਇਕਾਈ ਦੇ ਸਕੱਤਰ ਕਾਮਰੇਡ ਗੁਰਮੀਤ ਸਿੰਘ ਬਖਤਪੁਰ ਅਤੇ ਸੂਬਾਈ ਬੁਲਾਰੇ ਕਾਮਰੇਡ ਸੁਖਦਰਸ਼ਨ ਸਿੰਘ ਨੱਤ ਵਲੋਂ ਜਾਰੀ ਇਕ ਬਿਆਨ ਵਿਚ ਕਿਹਾ ਗਿਆ ਹੈ ਕਿ ਪਾਰਟੀ ਦੇ ਸੂਬਾ ਦਫਤਰ ਨੂੰ ਵੱਖ-ਵੱਖ ਜ਼ਿਲ੍ਹਿਆਂ ਤੋਂ ਅਜਿਹੀਆਂ ਰਿਪੋਰਟਾਂ ਮਿਲੀਆਂ ਹਨ ਕਿ ਕੁਝ ਫਿਰਕੂ ਤੇ ਭੜਕਾਊ ਅਨਸਰ ਪਿੰਡਾਂ ਕਸਬਿਆਂ ਵਿੱਚ ਗੁੱਜਰ ਭਾਈਚਾਰੇ ਖਿਲਾਫ ਇਹ ਅਫਵਾਹਾਂ ਫੈਲਾ ਰਹੇ ਹਨ ਕਿ ਗੁੱਜਰ ਕੋਰੋਨਾ ਫੈਲਾ ਰਹੇ ਨੇ, ਇਸ ਲਈ ਇੰਨ੍ਹਾਂ ਨੂੰ ਪਿੰਡਾਂ ਵਿੱਚ ਨਾ ਵੜਨ ਦਿਓ ਅਤੇ ਇੰਨ੍ਹਾਂ ਤੋਂ ਦੁੱਧ ਨਾ ਖਰੀਦੋ। ਇਸੇ ਤਰ੍ਹਾਂ ਕੁਝ ਗੁੰਮਰਾਹ ਹੋਏ ਪੰਚਾਂ ਸਰਪੰਚਾਂ ਵਲੋਂ ਆਪਣੇ ਪਿੰਡਾਂ ਵਿੱਚ ਸਪੀਕਰਾਂ ‘ਤੇ ਗੁੱਜਰਾਂ ਦਾ ਪੂਰਨ ਸਮਾਜਿਕ ਬਾਈਕਾਟ ਕਰਨ ਦੇ ਸੱਦੇ ਦਿੱਤੇ ਜਾ ਰਹੇ ਹਨ। ਜਿਸ ਕਰਕੇ ਦਹਾਕਿਆਂ ਤੋਂ ਪੰਜਾਬ ਦੇ ਵੱਖ-ਵੱਖ ਹਿੱਸਿਆਂ ਵਿੱਚ ਸਥਾਈ ਤੌਰ’ਤੇ ਵਸਦੇ ਇਸ ਮਿਹਨਤੀ ਪਸ਼ੂ ਪਾਲਕ ਭਾਈਚਾਰੇ ਵਿੱਚ ਜਿਥੇ ਭਾਰੀ ਡਰ ਤੇ ਸਹਿਮ ਦਾ ਮਾਹੌਲ ਹੈ, ਉਥੇ ਉਨ੍ਹਾਂ ਦੇ ਗੁਜ਼ਾਰੇ ਦਾ ਮੁੱਖ ਸਾਧਨ ਦੁੱਧ ਨਾ ਵਿਕਣ ਕਾਰਨ ਇਹ ਲੋਕ ਆਰਥਿਕ ਤੌਰ’ਤੇ ਤਬਾਹ ਹੋ ਰਹੇ ਹਨ। ਉਨ੍ਹਾਂ ਨੂੰ ਅਪਣੇ ਪਸ਼ੂਆਂ ਲਈ ਪੱਠੇ ਚਾਰੇ ਦਾ ਅਤੇ ਪਰਿਵਾਰਾਂ ਲਈ ਖਾਣੇ ਤੇ ਦਵਾਈ ਆਦਿ ਦਾ ਪ੍ਰਬੰਧ ਕਰਨਾ ਮੁਸ਼ਕਿਲ ਹੋ ਗਿਆ ਹੈ। ਇਹ ਸਮਸਿਆ ਜ਼ਿਲ੍ਹਾ ਹੁਸ਼ਿਆਰਪੁਰ ਵਿੱਚ ਖਾਸ ਕਰਕੇ ਗੰਭੀਰ ਹੈ, ਕਿਉਂਕਿ ਜਿਥੇ ਇਹ ਜ਼ਿਲ੍ਹਾ ਸੰਘ-ਬੀਜੇਪੀ ਦੇ ਸੰਘਣੇ ਅਸਰ ਵਾਲਾ ਹੈ, ਉਥੇ ਇਸ ਵਿਚ ਗੁੱਜਰਾਂ ਦੀ ਵੀ ਵੱਡੀ ਗਿਣਤੀ ਵਸਦੀ ਹੈ। ਸਾਡੀ ਸੂਚਨਾ ਮੁਤਾਬਕ ਉਥੇ ਇਹ ਘਟਨਾਵਾਂ ਕਈ ਦਿਨ ਤੋਂ ਵਾਪਰ ਰਹੀਆਂ ਹਨ ਅਤੇ ਇਸ ਬਾਰੇ ਕਈ ਅਖਬਾਰੀ ਰਿਪੋਰਟਾਂ ਵੀ ਛਪ ਚੁੱਕੀਆਂ ਹਨ। ਬਿਆਨ ਵਿੱਚ ਲਿਬਰੇਸ਼ਨ ਨੇ ਮੁੱਖ ਮੰਤਰੀ ਪੰਜਾਬ ਤੋਂ ਇਸ ਬਾਰੇ ਫੌਰੀ ਤੌਰ ‘ਤੇ ਬਣਦੀ ਕਾਰਵਾਈ ਕਰਨ ਦੀ ਮੰਗ ਕੀਤੀ ਹੈ। Adesh Parminder SinghEDITOR CANADIAN DOABA TIMES Email: editor@doabatimes.com Mob:. 98146-40032 whtsapp www.doabatimes.comShare this:FacebookTelegramWhatsAppPrintTwitterLike this:Like Loading...