ਵੱਡੀ ਖ਼ਬਰ : ਵਿਧਾਨ ਸਭਾ ਚੋਣਾਂ ਤੋਂ ਇਕ ਦਿਨ ਪਹਿਲਾਂ, ਤਿੰਨ ਹਥਿਆਰਬੰਦ ਨਕਾਬਪੋਸ਼ਾਂ ਨੇ ਡਾਕਾ ਮਾਰਦਿਆਂ ਐੱਚਡੀਐੱਫਸੀ ਬੈਂਕ ‘ਚ 30 ਲੱਖ ਲੁੱਟੇ

ਤਰਨਤਾਰਨ: ਤਰਨਤਾਰਨ ਜ਼ਿਲ੍ਹੇ ਦੇ ਕਸਬਾ ਨੌਸ਼ਹਿਰਾ ਪਨੂੰਆਂ ਵਿਖੇ ਸਥਿਤ ਐੱਚਡੀਐੱਫਸੀ ਬੈਂਕ ‘ਚ ਦੁਪਹਿਰ ਕਰੀਬ 2 ਵਜੇ ਤਿੰਨ ਹਥਿਆਰਬੰਦ ਨਕਾਬਪੋਸ਼ਾਂ ਨੇ ਡਾਕਾ ਮਾਰਦਿਆਂ ਲੱਖਾਂ ਦੀ ਨਕਦੀ ਲੁੱਟ ਲਈ।  ਲੁਟੇਰੇ ਸਟਾਫ ਦੇ ਮੋਬਾਈਲ ਫੋਨ, ਮਹਿਲਾ ਕਰਮਚਾਰੀ ਦੀ ਸੋਨੀ ਦੀ ਚੈਨ ਅਤੇ ਸੀਸੀਟੀਵੀ ਕੈਮਰਿਆਂ ਦਾ ਡੀਵੀਆਰ ਵੀ ਨਾਲ ਲੈ ਗਏ। ਲੁੱਟੀ ਗਈ ਰਾਸ਼ੀ ਬਾਰੇ  ਅਧਿਕਾਰਤ ਤੌਰ ’ਤੇ ਕੋਈ ਪੁਸ਼ਟੀ ਅਜੇ ਨਹੀਂ ਕੀਤੀ ਗਈ ਪਰ ਅੰਦਾਜਾ 30 ਲੱਖ ਦੇ ਕਰੀਬ ਦੱਸਿਆ ਜਾ ਰਿਹਾ ਹੈ। ਦੂਜੇ ਪਾਸੇ ਵਿਧਾਨ ਸਭਾ ਚੋਣਾਂ ਤੋਂ ਇਕ ਦਿਨ ਪਹਿਲਾਂ ਹੋਈ ਲੁੱਟ ਨੇ ਕਈ ਸਵਾਲ ਖੜ੍ਹੇ ਕਰ ਦਿੱਤੇ ਹਨ।

ਜਾਣਕਾਰੀ ਅਨੁਸਾਰ  ਦੋ ਸਪਲੈਂਡਰ ਮੋਟਰਸਾਈਕਲਾਂ ’ਤੇ ਸਵਾਰ ਹੋ ਕੇ ਤਿੰਨ ਵਿਅਕਤੀ ਆਏ ਜਿਨ੍ਹਾਂ ਨੇ ਆਪਣੇ ਮੂੰਹ ’ਤੇ ਮਾਸਕ ਪਾਏ ਹੋਏ ਸਨ। ਦੋ ਮੋਨੇ ਤੇ ਇਕ ਸਰਦਾਰ ਦੱਸੇ ਜਾਂਦੇ ਲੋਕਾਂ ਨੇ ਪਿਸਤੌਲ ਦੀ ਨੋਕ ’ਤੇ ਸਭ ਤੋਂ ਪਹਿਲਾਂ ਉਥੇ ਤਾਇਨਾਤ ਗਾਰਡ ਦੀ ਬੰਦੂਕ ਖੋਹੀ ਅਤੇ ਫਿਰ ਕੈਸ਼ੀਅਰ ਦੇ ਕਾਉਟਰ ’ਤੇ ਜਾ ਕੇ ਨਕਦੀ ਇਕ ਬੈਗ ਵਿਚ ਪਾ ਲਈ। ਉਨ੍ਹਾਂ ਨੇ ਉਥੇ ਤਾਇਨਾਤ ਮਹਿਲਾ ਕਰਮਚਾਰੀ ਦੀ ਸੋਨੀ ਚੈਨ ਝਪਟਣ ਤੋਂ ਇਲਾਵਾ ਕੁਝ ਕਰਮਚਾਰੀਆਂ ਦੇ ਮੋਬਾਈਲ ਫੋਨ ਵੀ ਖੋਹ ਲਏ। ਜਾਂਦੇ-ਜਾਂਦੇ ਉਕਤ ਲੁਟੇਰੇ ਸੀਸੀਟੀਵੀ ਕੈਮਰਿਆਂ ਦਾ ਡੀਵੀਆਰ ਵੀ ਲਾਹ ਕੇ ਲੈ ਗਏ।

ਘਟਨਾ ਦਾ ਪਤਾ ਚਲਦਿਆਂ ਹੀ ਮੌਕੇ ’ਤੇ ਚੌਂਕੀ ਨੌਸ਼ਹਿਰਾ ਪਨੂੰਆਂ ਅਤੇ ਥਾਣਾ ਸਰਹਾਲੀ ਦੀ ਪੁਲਿਸ ਪਹੁੰਚੀ ਅਤੇ ਜਾਂਚ ਸ਼ੁਰੂ ਕਰ ਦਿੱਤੀ। ਬੈਂਕ ਵੱਲੋਂ ਨਕਦੀ ਬਾਰੇ ਕੋਈ ਅਧਿਕਾਰਤ ਤੌਰ ’ਤੇ ਪੁਸ਼ਟੀ ਅਜੇ ਨਹੀਂ ਕੀਤੀ ਗਈ ਹੈ ਅਤੇ ਅਧਿਕਾਰੀ ਬੈਂਕ ਦੇ ਦਰਵਾਜ਼ੇ ਬੰਦ ਕਰਕੇ ਜਾਂਚ ਕਰ ਰਹੇ ਹਨ।

Related posts

Leave a Reply