ਕੋਰੋਨਾ ਵਾਇਰਸ ਦੇ ਸੰਕਟ ਦੇ ਸਮੇਂ ਵਿੱਚ ਵਰਦਾਨ ਸਾਬਤ ਹੋਈ 104 ਮੈਡੀਕਲ ਹੈਲਪ ਲਾਈਨ – ਚੇਅਰਮੈਨ ਚੀਮਾ




ਪਿਛਲੇ 20 ਦਿਨਾਂ ਵਿੱਚ ਜ਼ਿਲ੍ਹਾ ਗੁਰਦਾਸਪੁਰ ਤੇ ਪਠਾਨਕੋਟ ਦੇ 2291 ਵਿਅਕਤੀਆਂ ਨੇ 104 ਹੈਲਪ ਲਾਈਨ ਤੋਂ ਡਾਕਟਰੀ ਸਲਾਹ ਲਈ


ਬਟਾਲਾ, 15 ਅਪ੍ਰੈਲ (  ਸੰਜੀਵ. ਅਵਿਨਾਸ਼  )- ਕੋਵਿਡ-19 (ਕੋਰੋਨਾ) ਨਾਮ ਦੀ ਵਿਸ਼ਵ-ਵਿਆਪੀ ਮਹਾਂਮਾਰੀ ਦੌਰਾਨ ਸਿਹਤ ਵਿਭਾਗ ਦੀ 104 ਮੈਡੀਕਲ ਹੈਲਪ ਲਾਈਨ ਲੋਕਾਂ ਲਈ ਵਰਦਾਨ ਸਾਬਤ ਹੋ ਰਹੀ ਹੈ। ਸੂਬੇ ਦੇ ਲੋਕ ਇਸ ਮੁਫਤ ਮੈਡੀਕਲ ਹੈਲਪ ਲਾਈਨ ਤੋਂ ਘਰ ਬੈਠੇ ਹੀ ਡਾਕਟਰੀ ਸਲਾਹ ਲੈ ਰਹੇ ਹਨ। ਸਿਹਤ ਤੇ ਪਰਿਵਾਰ ਭਲਾਈ ਵਿਭਾਗ ਪੰਜਾਬ ਵਲੋਂ ਇਹ 104 ਮੈਡੀਕਲ ਹੈਲਪ ਲਾਈਨ ਹਫਤੇ ਦੇ ਸਾਰੇ ਦਿਨ 24 ਘੰਟੇ ਸੇਵਾਵਾਂ ਦੇ ਰਹੀ ਹੈ।
ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸ਼ਨ ਦੇ ਚੇਅਰਮੈਨ ਸ. ਅਮਰਦੀਪ ਸਿੰਘ ਚੀਮਾ ਨੇ 104 ਮੈਡੀਕਲ ਹੈਲਪ ਲਾਈਨ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਕੋਵਿਡ-19 ਦੇ ਕਾਰਨ ਦੇਸ਼ ਭਰ ਵਿੱਚ ਮੈਡੀਕਲ ਐਮਰਜੈਂਸੀ ਐਲਾਨੀ ਹੋਈ ਹੈ ਅਤੇ ਇਸ ਦੌਰਾਨ ਘਰ ਬੈਠਿਆਂ ਸਿਹਤ ਸੇਵਾਵਾਂ ਦੇਣ ਲਈ ਮੈਡੀਕਲ ਹੈਲਪ ਲਾਈਨ ਦੀ ਭੂਮਿਕਾ ਹੋਰ ਵੀ ਵੱਧ ਜਾਂਦੀ ਹੈ। ਉਨ੍ਹਾਂ ਕਿਹਾ ਕਿ ਸਿਹਤ ਵਿਭਾਗ ਵਲੋਂ ਇਸ ਸੇਵਾ ਨੂੰ ਹੋਰ ਬਿਹਤਰ ਬਣਾਇਆ ਗਿਆ ਹੈ ਅਤੇ ਇੱਕ ਫੋਨ ਕਾਲ ਉੱਪਰ ਹੀ ਸੂਬਾ ਵਾਸੀਆਂ ਨੂੰ ਸਿਹਤ ਸਬੰਧੀ ਸਾਰੀਆਂ ਸੇਵਾਵਾਂ ਮਿਲ ਰਹੀਆਂ ਹਨ। ਸ. ਚੀਮਾ ਨੇ ਦੱਸਿਆ ਕਿ 22 ਮਾਰਚ 2020 ਤੋਂ 13 ਅਪ੍ਰੈਲ 2020 ਤੱਕ ਕਰਫਿਊ ਦੇ ਦੌਰਾਨ ਜ਼ਿਲ੍ਹਾ ਗੁਰਦਾਸਪੁਰ ਤੇ ਪਠਾਨਕੋਟ ਵਿਚੋਂ 2291 ਕਾਲਾਂ 104 ਮੈਡੀਕਲ ਹੈਲਪ ਲਾਈਨ ਨੇ ਰੀਸੀਵ ਕੀਤੀਆਂ ਹਨ। ਇਨ੍ਹਾਂ ਕਾਲਾਂ ਵਿਚੋਂ 1602 ਕਾਲਾਂ ਕੋਰੋਨਾ ਬਿਮਾਰੀ ਸਬੰਧੀ ਜਾਣਕਾਰੀ ਲੈਣ ਜਾਂ ਕੋਰੋਨਾ ਦੇ ਮਰੀਜਾਂ ਦੀ ਸੂਚਨਾ ਦੇਣ ਬਾਰੇ ਸਨ। ਇਸ ਤੋਂ ਇਲਾਵਾ 229 ਕਾਲਾਂ ਡਾਕਟਰੀ ਸਲਾਹ ਮਸ਼ਵਰੇ ਨਾਲ ਸਬੰਧਤ ਸਨ ਅਤੇ ਬਾਕੀ ਹੋਰ ਮੈਡੀਕਲ ਸਹੂਲਤਾਂ ਦੀ ਜਾਣਕਾਰੀ ਲੈਣ ਬਾਰੇ ਸਨ। ਸ. ਚੀਮਾ ਨੇ ਦੱਸਿਆ ਕਿ ਮੈਡੀਕਲ ਹੈਲਪ ਲਾਈਨ ਵਲੋਂ 3781 ਕਾਲਾਂ ਬੈਕ ਕਰਕੇ ਬਿਮਾਰ ਲੋਕਾਂ ਦੀ ਮਿਜ਼ਾਜਪੁਸ਼ਤੀ ਵੀ ਕੀਤੀ ਗਈ।
ਚੇਅਰਮੈਨ ਸ. ਅਮਰਦੀਪ ਸਿੰਘ ਚੀਮਾ ਨੇ ਕਿਹਾ ਕਿ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਪੰਜਾਬ ਸਰਕਾਰ ਕੋਰੋਨਾ ਵਾਇਰਸ ਖਿਲਾਫ ਪੂਰੇ ਯੋਜਨਾਬੱਧ ਢੰਗ ਨਾਲ ਲੜ੍ਹਾਈ ਲੜ੍ਹ ਰਹੀ ਹੈ ਅਤੇ ਸਿਹਤ ਵਿਭਾਗ ਵਲੋਂ ਇਸ ਮੌਕੇ ਸਭ ਤੋਂ ਅਹਿਮ ਜਿੰਮੇਵਾਰੀ ਨਿਭਾਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਕੋਰੋਨਾ ਤੋਂ ਬਚਣ ਦੇ ਉਪਾਵਾਂ ਅਤੇ ਇਸ ਸਬੰਧੀ ਸਹੀ ਜਾਣਕਾਰੀ ਲੋਕਾਂ ਤੱਕ ਪਹੁੰਚਾਉਣ ਲਈ ਸਿਹਤ ਵਿਭਾਗ ਦੀਆਂ ਟੀਮਾਂ ਦਿਨ ਰਾਤ ਲੱਗੀਆਂ ਹੋਈਆਂ ਹਨ। ਸ. ਚੀਮਾ ਨੇ ਕਿਹਾ ਕਿ ਕਰਫਿਊ ਦੌਰਾਨ ਲੋਕਾਂ ਤੱਕ ਮੈਡੀਕਲ ਸੇਵਾਵਾਂ ਦੇਣ ਅਤੇ ਸਹੀ ਡਾਕਟਰੀ ਸਲਾਹ ਦੇਣ ਵਿੱਚ 104 ਹੈਲਪ ਲਾਈਨ ਦਾ ਰੋਲ ਸਭ ਤੋਂ ਅਹਿਮ ਹੈ। ਉਨ੍ਹਾਂ ਕਿਹਾ ਕਿ ਇਸ ਸੰਕਟ ਦੀ ਘੜ੍ਹੀ ਵਿੱਚ ਇਹ 104 ਮੈਡੀਕਲ ਹੈਲਪ ਲਾਈਨ ਲੋਕਾਂ ਲਈ ਜੀਵਨਦਾਇਕ ਬਣੀ ਹੋਈ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਕਿਸੇ ਵੀ ਡਾਕਟਰੀ ਸਲਾਹ ਜਾਂ ਮਦਦ ਲਈ 104 ਨੰਬਰ ਉੱਪਰ ਗੱਲ ਕੀਤੀ ਜਾ ਸਕਦੀ ਹੈ।  

Related posts

Leave a Reply