ਗ਼ਦਰ ਫਿਲਮ ਦੇਖਦੇ ਹੋਏ ਹਿੰਦੋਸਤਾਨ ਜ਼ਿੰਦਾਬਾਦ ਦਾ ਨਾਅਰਾ ਲਾਉਣ ’ਤੇ ਸਿੱਖ ਨੌਜਵਾਨ ਦੀ ਹੱਤਿਆ

ਭਿਲਾਈ/ ਛੱਤੀਸਗੜ੍ਹ : ਛੱਤੀਸਗੜ੍ਹ ਦੇ ਭਿਲਾਈ ’ਚ ਗ਼ਦਰ-2 ਫਿਲਮ ਦੇਖਦੇ ਹੋਏ ਹਿੰਦੋਸਤਾਨ ਜ਼ਿੰਦਾਬਾਦ ਦਾ ਨਾਅਰਾ ਲਾਉਣ ’ਤੇ ਮਲਕੀਤ ਸਿੰਘ ਵੀਰੂ (30) ਨਾਂ ਦੇ ਸਿੱਖ ਨੌਜਵਾਨ ਦੀ ਉਸ ਦੇ ਹੀ ਦੋਸਤਾਂ ਵਲੋਂ  ਹੱਤਿਆ ਕਰ ਦਿੱਤੀ ਗਈ ।

ਪੁਲਿਸ ਨੇ ਚਾਰ ਮੁਲਜ਼ਮਾਂ ਤਸੱਵੁਰ, ਫੈਜ਼ਲ, ਸ਼ੁਭਮ ਲਹਿਰੇ ਉਰਫ਼ ਬਬਲੂ ਤੇ ਤਰੁਣ ਨਿਸ਼ਾਦ ਨੂੰ ਇਸ ਸੰਬੰਧ ਚ ਗ੍ਰਿਫਤਾਰ ਕੀਤਾ ਹੈ। ਜਦੋਂ ਕਿ ਇਕ ਹੋਰ ਮੁਲਜ਼ਮ ਫ਼ਰਾਰ ਹੈ। ਉਸ ਦੀ ਭਾਲ ਕੀਤੀ ਜਾ ਰਹੀ ਹੈ। ਮਰਨ ਵਾਲੇ ਦੇ ਪਿਤਾ ਕੁਲਵੰਤ ਸਿੰਘ ਖੁਰਸੀਪਾਰ ਗੁਰਦੁਆਰੇ ਦੇ ਪ੍ਰਧਾਨ ਹਨ। ਵਾਰਦਾਤ ਦੀ ਖ਼ਬਰ ਮਿਲਦੇ ਹੀ ਮਲਕੀਤ ਦੇ ਪਰਿਵਾਰਕ ਮੈਂਬਰਾਂ ਦੇ ਨਾਲ ਸਿੱਖ ਭਾਈਚਾਰੇ ਦੇ ਲੋਕ ਤੇ ਲੋਕ ਨੁਮਾਇੰਦੇ ਖੁਰਸੀਪਾਰ ਥਾਣੇ ਪੁੱਜੇ ਤੇ ਨੈਸ਼ਨਲ ਹਾਈਵੇ ਜਾਮ ਕਰ ਦਿੱਤਾ। ਇਨ੍ਹਾਂ ਨੇ 50 ਲੱਖ ਰੁਪਏ ਮੁਆਵਜ਼ਾ ਤੇ ਮਲਕੀਤ ਦੀ ਪਤਨੀ ਲਈ ਸਰਕਾਰੀ ਨੌਕਰੀ ਦੀ ਮੰਗ ਕੀਤੀ ਹੈ।

ਖੁਰਸੀਪਾਰ ਥਾਣੇ ਦੀ ਪੁਲਿਸ ਨੇ ਕਿਹਾ ਕਿ ਮਲਕੀਤ ਵੱਲੋਂ ਹਿੰਦੋਸਤਾਨ ਜ਼ਿੰਦਾਬਾਦ ਦਾ ਨਾਅਰਾ ਲਾਉਣ ’ਤੇ ਉੱਥੇ ਦੋਵੇਂ ਮੁਸਲਮਾਨ ਨੌਜਵਾਨਾਂ ਨੂੰ ਲੱਗਾ ਕਿ ਉਹ ਉਨ੍ਹਾਂ ਨੂੰ ਚਿੜ੍ਹਾਉਣ ਲਈ ਇਸ ਤਰ੍ਹਾਂ ਕਰ ਰਿਹਾ ਹੈ। ਇਸ ਗੱਲ ਨੂੰ ਲੈ ਕੇ ਉਨ੍ਹਾਂ ’ਚ ਵਿਵਾਦ ਸ਼ੁਰੂ ਹੋ ਗਿਆ। ਇਸ ’ਤੇ ਉਨ੍ਹਾਂ ਨੇ ਮਲਕੀਤ ਨੂੰ ਬੁਰੀ ਤਰ੍ਹਾਂ ਕੁੱਟਿਆ। ਉਸ ਦੇ ਇਕ ਦੋਸਤ ਨੇ ਉਸ ਦੀ ਗਰਦਨ ’ਤੇ ਚਾਕੂ ਰੱਖ ਦਿੱਤਾ।  ਦੇਰ ਰਾਤ ਜ਼ਖ਼ਮੀ ਹਾਲਤ ’ਚ ਉਸ ਨੂੰ ਰਾਏਪੁਰ ਦੇ ਰਾਮਕ੍ਰਿਸ਼ਨ ਕੇਅਰ ਹਸਪਤਾਲ ਰੈਫਰ ਕੀਤਾ ਗਿਆ ਸੀ, ਜਿੱਥੇ ਉਸਦੀ ਮੌਤ ਹੋ ਗਈ। ਭਿਲਾਈ ’ਚ ਉਹ ਆਪਣੇ ਮਾਤਾ-ਪਿਤਾ, ਪਤਨੀ, ਦੋ ਬੱਚਿਆਂ ਤੇ ਭਰਾ ਦੇ ਪਰਿਵਾਰ ਨਾਲ ਰਹਿੰਦਾ ਸੀ। ਉਸ ਦੀ ਬਿਲਡਿੰਗ ਮਟੀਰੀਅਲ ਦੀ ਦੁਕਾਨ ਸੀ।

Related posts

Leave a Reply