ਡਿਪਟੀ ਕਮਿਸ਼ਨਰ ਰਿਆਤ ਨੇ ਪੰਜਾਬ ਸਰਕਾਰ ਵਲੋਂ ਭੇਜੀ ਗਈ ਮਾਹਰ ਡਾਕਟਰਾਂ ਦੀ ਟੀਮ ਨੂੰ ਜ਼ਿਲ੍ਹੇ ਦੀ ਤਾਜ਼ਾ ਸਥਿਤੀ ਤੋਂ ਕਰਵਾਇਆ ਜਾਣੂ

ਕੋਵਿਡ ਦੇ ਫੈਲਾਅ ਨੂੰ ਰੋਕਣ ਲਈ ਜ਼ਿਲ੍ਹਾ ਪ੍ਰਸ਼ਾਸਨ ਤੇ ਸਿਹਤ ਵਿਭਾਗ ਮਿਲ ਕੇ ਚੁੱਕ ਰਿਹੈ ਸਾਰਥਕ ਕਦਮ : ਅਪਨੀਤ ਰਿਆਤ
ਡਿਪਟੀ ਕਮਿਸ਼ਨਰ ਨੇ ਪੰਜਾਬ ਸਰਕਾਰ ਵਲੋਂ ਭੇਜੀ ਗਈ ਮਾਹਰ ਡਾਕਟਰਾਂ ਦੀ ਟੀਮ ਨੂੰ ਜ਼ਿਲ੍ਹੇ ਦੀ ਤਾਜ਼ਾ ਸਥਿਤੀ ਤੋਂ ਕਰਵਾਇਆ ਜਾਣੂ
ਮਾਹਰ ਡਾਕਟਰਾਂ ਦੀ ਟੀਮ ਨੇ ਸਿਵਲ ਹਸਪਤਾਲ ਦੇ ਕੋਵਿਡ ਕੇਅਰ ਸੈਂਟਰ ਦਾ ਦੌਰਾ ਕਰਕੇ ਸਿਹਤ ਵਿਭਾਗ ਦੇ ਅਧਿਕਾਰੀਆਂ ਨਾਲ ਕੀਤੀ ਚਰਚਾ
ਕਿਹਾ ਕੋਵਿਡ ਦੇ ਫੈਲਾਅ ਨੂੰ ਰੋਕਣ ਲਈ ਲੋਕ ਸਿਹਤ ਵਿਭਾਗ ਵਲੋਂ ਜਾਰੀ ਹਦਾਇਤਾਂ ਦੀ ਪਾਲਣਾ ਬਨਾਉਣ ਯਕੀਨੀ
ਹੁਸ਼ਿਆਰਪੁਰ, 28 ਮਾਰਚ (ਆਦੇਸ਼ ): ਡਿਪਟੀ ਕਮਿਸ਼ਨਰ ਅਪਨੀਤ ਰਿਆਤ ਨੇ ਕਿਹਾ ਕਿ ਜ਼ਿਲ੍ਹੇ ਵਿੱਚ ਕੋਵਿਡ ਦੇ ਫੈਲਾਅ ਨੂੰ ਰੋਕਣ ਲਈ ਪ੍ਰਸ਼ਾਸਨ ਤੇ ਸਿਹਤ ਵਿਭਾਗ ਵਲੋਂ ਮਿਲ ਕੇ ਸਾਰਥਕ ਕਦਮ ਉਠਾਏ ਜਾ ਰਹੇ ਹਨ। ਜਿਥੇ ਜ਼ਿਲ੍ਹੇ ਵਿੱਚ ਕੋਵਿਡ ਟੈਸਟਿੰਗ ਨੂੰ ਵਧਾਇਆ ਗਿਆ ਹੈ ਉਥੇ ਲਾਭਪਾਤਰੀਆਂ ਦੇ ਟੀਕਾਕਰਨ ਵਿੱਚ ਵੀ ਤੇਜ਼ੀ ਲਿਆਂਦੀ ਗਈ ਹੈ।

ਉਹ ਅੱਜ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿੱਚ ਪੰਜਾਬ ਸਰਕਾਰ ਵਲੋਂ ਭੇਜੀ ਗਈ ਮਾਹਰ ਡਾਕਟਰਾਂ ਦੀ ਟੀਮ ਨਾਲ ਮੀਟਿੰਗ ਦੌਰਾਨ ਸੰਬੋਧਨ ਕਰ ਰਹੇ ਸਨ। ਇਸ ਦੌਰਾਨ ਵਧੀਕ ਡਿਪਟੀ ਕਮਿਸ਼ਨਰ (ਜ) ਅਮਿਤ ਕੁਮਾਰ ਪੰਚਾਲ, ਡਾ. ਵਿਸ਼ਵ ਮੋਹਨ, ਡਾ. ਆਰ.ਪੀ.ਐਸ. ਸੀਬਿਆ, ਡਾ. ਅਮਰ, ਡਾ. ਪਰਮਿੰਦਰ ਕੁਮਾਰ ਤੋਂ ਇਲਾਵਾ ਹੋਰ ਡਾਕਟਰ ਅਤੇ ਅਧਿਕਾਰੀ ਵੀ ਮੌਜੂਦ ਸਨ। ਡਿਪਟੀ ਕਮਿਸ਼ਨਰ ਨੇ ਮੀਟਿੰਗ ਦੌਰਾਨ ਮਾਹਰ ਡਾਕਟਰਾਂ ਦੀ ਟੀਮ ਨਾਲ ਕੋਵਿਡ ਸਬੰਧੀ ਜ਼ਿਲ੍ਹੇ ਦੇ ਹਾਲਾਤਾਂ ’ਤੇ ਚਰਚਾ ਕਰਦੇ ਹੋਏ ਉਨ੍ਹਾਂ ਨੂੰ ਜ਼ਿਲ੍ਹੇ ਦੀ ਤਾਜ਼ਾ ਸਥਿਤੀ ਤੋਂ ਜਾਣੂ ਕਰਵਾਇਆ। ਉਨ੍ਹਾਂ ਜ਼ਿਲ੍ਹੇ ਵਿੱਚ ਕੋਵਿਡ ਦੇ ਫੈਲਾਅ ਨੂੰ ਰੋਕਣ ਸਬੰਧੀ ਕੀਤੇ ਗਏ ਕੰਮਾਂ ਬਾਰੇ ਦੱਸਦਿਆਂ ਕਿਹਾ ਕਿ ਸਿਹਤ ਵਿਭਾਗ ਦੀ ਟੀਮ ਵਲੋਂ ਕੋਵਿਡ ਦੇ ਫੈਲਾਅ ਨੂੰ ਰੋਕਣ ਲਈ ਦਿਨ-ਰਾਤ ਮਿਹਨਤ ਕੀਤੀ ਜਾ ਰਹੀ ਹੈ।

ਡਿਪਟੀ ਕਮਿਸ਼ਨਰ ਨਾਲ ਮੀਟਿੰਗ ਉਪਰੰਤ ਡਾਕਟਰਾਂ ਦੀ ਟੀਮ ਨੇ ਸਿਵਲ ਹਸਪਤਾਲ ਹੁਸ਼ਿਆਰਪੁਰ ਦੇ ਕੋਵਿਡ ਕੇਅਰ ਸੈਂਟਰ ਦਾ ਦੌਰਾ ਕੀਤਾ ਅਤੇ ਮਰੀਜ਼ਾਂ ਨੂੰ ਦਿੱਤੀਆਂ ਜਾਣ ਵਾਲੀਆਂ ਸਿਹਤ ਸੁਵਿਧਾਵਾਂ ਬਾਰੇ ਜਾਣਕਾਰੀ ਹਾਸਲ ਕੀਤੀ। ਦੌਰੇ ਤੋਂ ਬਾਅਦ ਸੰਤੁਸ਼ਟੀ ਪ੍ਰਗਟ ਕਰਦਿਆਂ ਮਾਹਰ ਟੀਮ ਦੇ ਡਾ.ਵਿਸ਼ਵ ਮੋਹਨ, ਡਾ. ਆਰ.ਪੀ.ਐਸ. ਸੀਬਿਆ, ਡਾ. ਅਮਰ, ਡਾ. ਪਰਮਿੰਦਰ ਕੁਮਾਰ ਨੇ ਦੱਸਿਆ ਕਿ ਜ਼ਿਲ੍ਰਾ ਪ੍ਰਸ਼ਾਸਨ ਤੇ ਸਿਹਤ ਵਿਭਾਗ ਵਲੋਂ ਲੋਕਾਂ ਦੇ ਇਲਾਜ ਤੇ ਬਚਾਅ ਸਬੰਧੀ ਸਾਰੇ ਪ੍ਰਬੰਧ ਮੁਕੰਮਲ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਸਰਕਾਰ ਦੇ ਨਿਰਦੇਸ਼ਾਂ ’ਤੇ ਮਾਹਰ ਡਾਕਟਰਾਂ ਦੀ ਟੀਮ ਉਨ੍ਹਾਂ ਜ਼ਿਲਿ੍ਹਆਂ ਦਾ ਦੌਰਾ ਕਰ ਰਹੀ ਹੈ ਜਿਥੇ ਕੋਵਿਡ ਸਬੰਧੀ ਕੇਸਾਂ ਵਿੱਚ ਵਾਧਾ ਹੋਇਆ ਹੈ। ਉਨ੍ਹਾਂ ਕਿਹਾ ਕਿ ਮਾਹਰ ਡਾਕਟਰਾਂ ਦੇ ਦੌਰੇ ਦਾ ਟੀਚਾ ਲੋਕਲ ਸਿਹਤ ਵਿਭਾਗ ਦੀ ਟੀਮ ਨਾਲ ਚਰਚਾ ਕਰਕੇ ਇਲਾਜ ਦੀ ਪ੍ਰਕ੍ਰਿਆ ਨੂੰ ਹੋਰ ਬੇਹਤਰ ਬਨਾਉਣਾ ਹੈ। ਉਨ੍ਹਾਂ ਕਿਹਾ ਕਿ ਹੁਸ਼ਿਆਰਪੁਰ ਵਿੱਚ ਦਵਾਈਆਂ ਨੂੰ ਲੈ ਕੇ ਇਲਾਜ ਲਈ ਸਾਰੀਆਂ ਸੁਵਿਧਾਵਾਂ ਉਪਲਬੱਧ ਹਨ ਅਤੇ ਸਾਰਾ ਸਟਾਫ ਤਨਦੇਹੀ ਨਾਲ ਆਪਣੀ ਜ਼ਿੰਮੇਵਾਰੀ ਨੂੰ ਨਿਭਾਉਣ ਦੇ ਨਾਲ-ਨਾਲ ਸਰਕਾਰ ਦੁਆਰਾ ਇਲਾਜ ਸਬੰਧੀ ਜਾਰੀ ਪ੍ਰੋਟੋਕੋਲ ਨੂੰ ਨਿਭਾਅ ਰਿਹਾ ਹੈ।
ਡਾ. ਵਿਸ਼ਵ ਮੋਹਨ ਤੇ ਡਾ. ਆਰ.ਪੀ.ਐਸ. ਸੀਬਿਆ ਨੇ ਲੋਕਾਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਮਰੀਜ਼ਾਂ ਵਿੱਚ ਜਦ ਕੋਵਿਡ ਦੇ ਲੱਛਣ ਹੋਣ ਤਾਂ ਉਹ ਆਪਣਾ ਟੈਸਟ ਜ਼ਰੂਰ ਕਰਵਾਉਣ ਅਤੇ ਸਮੱਸਿਆ ਆਉਣ ’ਤੇ ਨਜ਼ਦੀਕੀ ਸਿਹਤ ਕੇਂਦਰ ਵਿੱਚ ਜ਼ਰੂਰ ਸੰਪਰਕ ਕਰਨ। ਉਨ੍ਹਾਂ ਕਿਹਾ ਕਿ ਜੇਕਰ ਮਰੀਜ ਕਾਫ਼ੀ ਦੇਰੀ ਨਾਲ ਹਸਪਤਾਲ ਪਹੁੰਚਦਾ ਹੈ ਤਾਂ ਕਈ ਵਾਰ ਇਲਾਜ ਕਰ ਪਾਉਣਾ ਸੰਭਵ ਨਹੀਂ ਹੁੰਦਾ। ਉਨ੍ਹਾਂ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਕੋਵਿਡ ਤੋਂ ਬਚਾਅ ਸਬੰਧੀ ਸਮੇਂ-ਸਮੇਂ ’ਤੇ ਸਿਹਤ ਵਿਭਾਗ ਵਲੋਂ ਜਾਰੀ ਹੋਣ ਵਾਲੀਆਂ ਹਦਾਇਤਾਂ ਦੀ ਗੰਭੀਰਤਾ ਨਾਲ ਪਾਲਣਾ ਕੀਤੀ ਜਾਵੇ। ਉਨ੍ਹਾਂ ਲੋਕਾਂ ਨੂੰ ਮਾਸਕ ਨੂੰ ਆਪਣੇ ਜੀਵਨ ਦਾ ਹਿੱਸਾ ਬਨਾਉਣ ਦੀ ਸਲਾਹ ਦਿੰਦੇ ਹੋਏ ਕਿਹਾ ਕਿ ਘਰ ਤੋਂ ਬਾਹਰ ਨਿਕਲਦੇ ਸਮੇਂ ਜਾਂ ਕਿਸੇ ਨਾਲ ਗੱਲ ਕਰਦੇ ਸਮੇਂ ਹਮੇਸ਼ਾਂ ਮਾਸਕ ਦਾ ਪ੍ਰਯੋਗ ਕਰਨ। ਇਸ ਤੋਂ ਇਲਾਵਾ ਸਮਾਜਿਕ ਦੂਰੀ ਦੇ ਨਿਯਮਾਂ ਦੀ ਪਾਲਣਾ ਵੀ ਯਕੀਨੀ ਬਣਾਈ ਜਾਵੇ ਅਤੇ ਸਮੇਂ-ਸਮੇਂ ਸਿਰ ਆਪਣੇ ਹੱਥਾਂ ਨੂੰ ਸਾਬਣ ਜਾਂ ਸੈਨੇਟਾਈਜ਼ਰ ਨਾਲ ਚੰਗੀ ਤਰ੍ਹਾਂ ਸਾਫ਼ ਕਰਨ। ਉਨ੍ਹਾਂ ਕਿਹਾ ਕਿ ਜੇਕਰ ਅਸੀਂ ਸਾਰੇ ਇਨ੍ਹਾਂ ਨਿਯਮਾਂ ਦਾ ਸਹੀ ਪਾਲਣਾ ਕਰੀਏ ਤਾਂ ਕੋਵਿਡ ਵਰਗੀ ਮਹਾਮਾਰੀ ਤੋਂ ਕਾਫ਼ੀ ਹੱਦ ਤੱਕ ਬੱਚ ਸਕਦੇ ਹਾਂ।
ਸਿਵਲ ਸਰਜਨ ਡਾ. ਰਣਜੀਤ ਸਿੰਘ ਘੋਤਰਾ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ ਲਾਭਪਾਤਰੀਆਂ ਨੂੰ ਕੋਵਿਡ ਬਚਾਅ ਸਬੰਧੀ ਵੈਕਸੀਨ ਦੇਣ ਦਾ ਕੰਮ ਸ਼ੁਚਾਰੂ ਢੰਗ ਨਾਲ ਚੱਲ ਰਿਹਾ ਹੈ ਅਤੇ ਜ਼ਿਲ੍ਹੇ ਵਿੱਚ 71 ਹਜਾਰ ਤੋਂ ਵੱਧ ਲੋਕਾਂ ਨੇ ਡੋਜ਼ ਲੈ ਲਈ ਹੈ। ਉਨ੍ਹਾਂ ਜ਼ਿਲ੍ਹੇ ਦੇ ਲਾਭਪਾਤਰੀਆਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਉਹ ਜਲਦ ਤੋਂ ਜਲਦ ਕੋਵਿਡ ਦੀ ਡੋਜ਼ ਨੂੰ ਲੈਣਾ ਯਕੀਨੀ ਬਣਾਉਣ। ਉਨ੍ਹਾਂ ਕਿਹਾ ਕਿ 1 ਅਪ੍ਰੈਲ ਤੋਂ 45 ਸਾਲ ਤੋਂ ਵੱਧ ਉਮਰ ਦਾ ਕੋਈ ਵੀ ਵਿਅਕਤੀ ਕੋਵਿਡ ਵੈਕਸੀਨ ਲਗਵਾ ਸਕਦਾ ਹੈ।
ਇਸ ਮੌਕੇ ਸਹਾਇਕ ਸਿਵਲ ਸਰਜਨ ਡਾ. ਪਵਨ ਕੁਮਾਰ, ਐਸ.ਐਮ.ਓ. ਡਾ. ਜਸਵਿੰਦਰ ਸਿੰਘ, ਡਾ. ਸੈਲੇਸ਼ ਤੋਂ ਇਲਾਵਾ ਹੋਰ ਅਧਿਕਾਰੀ ਵੀ ਮੌਜੂਦ ਸਨ।  

Related posts

Leave a Reply