ਡਿਪਟੀ ਕਮਿਸ਼ਨਰ ਵੱਲੋਂ ਸ਼੍ਰੀਮਨ ਹਸਪਤਾਲ ਵਿਚ ਪੋਸਟ ਕੋਵਿਡ ਆਈ.ਸੀ.ਯੂ. ਅਤੇ ਆਕਸੀਜਨ ਪਲਾਂਟ ਦੀ ਸ਼ੁਰੂਆਤ

ਡਿਪਟੀ ਕਮਿਸ਼ਨਰ ਵੱਲੋਂ ਸ਼੍ਰੀਮਨ ਹਸਪਤਾਲ ਵਿਚ ਪੋਸਟ ਕੋਵਿਡ ਆਈ.ਸੀ.ਯੂ. ਅਤੇ ਆਕਸੀਜਨ ਪਲਾਂਟ ਦੀ ਸ਼ੁਰੂਆਤ

ਕਿਹਾ, ਅਜਿਹੀਆਂ ਪਹਿਲਕਦਮੀਆਂ ਨਾਲ ਕੋਵਿਡ-19 ਖਿਲਾਫ਼ ਲੜੀ ਜਾ ਰਹੀ ਲੜਾਈ ਨੂੰ ਜਿੱਤਣ ਵਿੱਚ ਮਦਦ ਮਿਲੇਗੀ

ਜਲੰਧਰ, 28 ਮਈ

            ਕੋਵਿਡ -19 ਮਹਾਂਮਾਰੀ ਨਾਲ ਨਜਿੱਠਣ ਲਈ ਸ਼ਹਿਰ ਵਿਚ ਸਿਹਤ ਸੰਭਾਲ ਢਾਂਚੇ ਵਿੱਚ ਹੋਰ ਵਾਧਾ ਕਰਨ ਦੇ ਉਪਰਾਲੇ ਵਜੋਂ ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਵੱਲੋਂ ਸ਼ੁੱਕਰਵਾਰ ਨੂੰ ਪਠਾਨਕੋਟ ਰੋਡ ਸਥਿਤ ਸ਼੍ਰੀਮਨ ਸੁਪਰ ਸਪੈਸ਼ਲਿਟੀ ਹਸਪਤਾਲ ਵਿਚ ਸ਼ਹਿਰ ਦੇ ਪਹਿਲੇ ਪੋਸਟ ਕੋਵਿਡ ਆਈ.ਸੀ.ਯੂ. ਅਤੇ ਪੀ.ਐਸ.ਏ. ਅਧਾਰਤ ਆਕਸੀਜਨ ਜਨਰੇਸ਼ਨ ਪਲਾਂਟ ਦੀ ਸ਼ੁਰੂਆਤ ਕੀਤੀ ਗਈ।

            ਪਲਾਂਟ ਦਾ ਉਦਘਾਟਨ ਕਰਦਿਆਂ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇਹ ਪਲਾਂਟ 750 ਲਿਟਰ ਪ੍ਰਤੀ ਮਿੰਟ ਦੀ ਦਰ ਨਾਲ ਮੈਡੀਕਲ ਆਕਸੀਜਨ ਦੇ ਉਤਪਾਦਨ ਨੂੰ ਯਕੀਨੀ ਬਣਾਏਗਾ ਅਤੇ ਇਸ ਨਾਲ ਵਾਇਰਸ ਖਿਲਾਫ਼ ਲੜੀ ਜਾ ਰਹੀ ਲੜਾਈ ਲਈ ਲੋੜੀਂਦੇ ਸਮੁੱਚੇ ਬੁਨਿਆਦੀ ਢਾਂਚੇ ਨੂੰ ਹੋਰ ਮਜ਼ਬੂਤੀ ਮਿਲੇਗੀ। ਉਨ੍ਹਾਂ ਅੱਗੇ ਕਿਹਾ ਕਿ ਜੇਕਰ ਤੀਜੀ ਲਹਿਰ ਆਉਂਦੀ ਹੈ ਤਾਂ ਇਹ ਪਲਾਂਟ ਆਕਸੀਜਨ ਉਤਪਾਦਨ ਦੇ ਮਾਮਲੇ ਵਿਚ ਜਲੰਧਰ ਨੂੰ ਸਵੈ-ਨਿਰਭਰ ਜ਼ਿਲ੍ਹਾ ਬਣਾ ਕੇ ਇਸ ਨਾਲ ਨਜਿੱਠਣ ਵਿਚ ਸਹਾਇਤਾ ਕਰੇਗਾ।

            ਡਿਪਟੀ ਕਮਿਸ਼ਨਰ ਨੇ ਅੱਗੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਵੈ-ਨਿਰਭਰ ਬਣਨ ਲਈ ਸਮੂਹ ਪ੍ਰਾਈਵੇਟ ਸਿਹਤ ਸੰਭਾਲ ਸੰਸਥਾਵਾਂ ਅਤੇ ਉਦਯੋਗਾਂ ਨੂੰ ਆਕਸੀਜਨ ਪਲਾਂਟ ਲਗਾਉਣ ਦੀ ਅਪੀਲ ਕੀਤੀ ਗਈ ਸੀ, ਜਿਸ ਤੋਂ ਬਾਅਦ ਹਸਪਤਾਲ ਆਪਣੇ ਪਲਾਂਟ ਲਗਾਉਣ ਲਈ ਅੱਗੇ ਆ ਰਹੇ ਹਨ।

            ਡਿਪਟੀ ਕਮਿਸ਼ਨਰ ਨੇ ਹਸਪਤਾਲ ਦੇ ਡਾਇਰੈਕਟਰਾਂ ਡਾ. ਵੀ. ਪੀ. ਸ਼ਰਮਾ, ਡਾ. ਹਰਮੀਤ ਪਾੱਲ ਸਿੰਘ, ਡਾ. ਰਾਜੀਵ ਭਾਟੀਆ ਅਤੇ ਡਾ. ਅਜੈ ਮਰਵਾਹਾ ਨਾਲ ਗੱਲਬਾਤ ਕਰਦਿਆਂ ਹਸਪਤਾਲ ਵਿੱਚ ਕੋਵਿਡ -19 ਸਹੂਲਤਾਂ ਦਾ ਜਾਇਜ਼ਾ ਵੀ ਲਿਆ। ਇਸ ਮੌਕੇ ਉਨ੍ਹਾਂ ਕੋਵਿਡ -19 ਦੇ ਮਰੀਜ਼ਾਂ ਦੀ ਦੇਖਭਾਲ ਲਈ ਸ਼੍ਰੀਮਨ ਸੁਪਰਸਪੈਸ਼ਲਿਟੀ ਹਸਪਤਾਲ ਵਿੱਚ 10 ਬੈੱਡਾਂ ਵਾਲੇ ਪੋਸਟ ਕੋਵਿਡ ਆਈ.ਸੀ.ਯੂ. ਦਾ ਉਦਘਾਟਨ ਵੀ ਕੀਤਾ, ਜੋ ਕਿ ਸ਼ਹਿਰ ਵਿੱਚ ਆਪਣੀ ਕਿਸਮ ਦੀ ਨਿਵੇਕਲੀ ਪਹਿਲਕਦਮੀ ਹੈ।

            ਸ਼੍ਰੀਮਨ ਸੁਪਰਸਪੈਸ਼ਲਿਟੀ ਹਸਪਤਾਲ ਦੇ ਮੈਡੀਕਲ ਡਾਇਰੈਕਟਰ ਡਾ. ਵੀ.ਪੀ. ਸ਼ਰਮਾ ਨੇ ਦੱਸਿਆ ਕਿ ਕੋਵਿਡ -19 ਨੈਗੇਟਿਵ ਰਿਪੋਰਟਾਂ ਮਿਲਣ ਤੋਂ ਬਾਅਦ ਵੀ ਵਾਇਰਲ ਨਮੂਨੀਆ ਕਾਰਨ ਜਿਨ੍ਹਾਂ ਮਰੀਜ਼ਾਂ ਦੇ ਫੇਫੜਿਆਂ ਨੂੰ ਨੁਕਸਾਨ ਹੋਇਆ ਹੈ, ਉਨ੍ਹਾਂ ਨੂੰ ਕੋਵਿਡ ਤੋਂ ਬਾਅਦ ਵੀ ਇੰਟੈਸਿਵ ਕੇਅਰ ਸਪੋਰਟ ਦੀ ਜ਼ਰੂਰਤ ਹੈ। ਉਨ੍ਹਾਂ ਅੱਗੇ ਕਿਹਾ ਕਿ ਜਲੰਧਰ ਸ਼ਹਿਰ ਵਿੱਚ ਪਹਿਲੀ ਵਾਰ ਕਿਸੇ ਹਸਪਤਾਲ ਵੱਲੋਂ ਕੋਵਿਡ -19 ਦੇ ਮਰੀਜ਼ਾਂ ਦੇ ਮੁੜ ਵਸੇਬੇ ਅਤੇ ਸਿਹਤਯਾਬੀ ਲਈ ਇਹ ਸਹੂਲਤ ਸ਼ੁਰੂ ਕਰਕੇ ਨਿਵੇਕਲੀ ਪਹਿਲ ਕੀਤੀ ਗਈ ਹੈ।

            ਜ਼ਿਕਰਯੋਗ ਹੈ ਕਿ ਪ੍ਰਸ਼ਾਸਨ ਦੀ ਅਪੀਲ ਨੂੰ ਭਰਵਾਂ ਹੁੰਘਾਰਾ ਦਿੰਦਿਆਂ ਐਨ.ਐਚ.ਐਸ., ਪਟੇਲ ਅਤੇ ਨਿਊ ਰੂਬੀ ਹਸਪਤਾਲਾਂ ਵੱਲੋਂ ਆਪੋ-ਆਪਣੇ ਆਕਸੀਜਨ ਉਤਪਾਦਨ ਪਲਾਂਟ ਸ਼ੁਰੂ ਕੀਤੇ ਜਾ ਚੁੱਕੇ ਹਨ, ਜਿਸ ਸਦਕਾ ਜਲੰਧਰ ਵਿਚ ਆਕਸੀਜਨ ਦੀ ਉਪਲਬਧਤਾ ਵਿੱਚ ਇਜ਼ਾਫਾ ਹੋਇਆ ਹੈ।

                                                                        ———–

Related posts

Leave a Reply