ਡੇਂਗੂ ਦੀ ਰੋਕਥਾਮ ਲਈ ਨਗਰ ਨਿਗਮ ਨੇ ਤੇਜ ਕੀਤੀ ਮੁਹਿੰਮ

ਡੇਂਗੂ ਦੀ ਰੋਕਥਾਮ ਲਈ ਨਗਰ ਨਿਗਮ ਨੇ ਤੇਜ ਕੀਤੀ ਮੁਹਿੰਮ
ਨਿਗਮ ਕਮਿਸ਼ਨਰ ਆਸ਼ਿਕਾ ਜੈਨ ਨੇ ਸ਼ਹਿਰ ਵਿਚ ਖੜੇ ਪਾਣੀ ਤੇ ਡੇਂਗੂ ਦਾ ਲਾਰਵਾ ਮਿਲਣ ਦੀ ਤੁਰੰਤ ਰਿਪੋਰਟ ਦੇਣ ਦੇ ਦਿੱਤੇ ਨਿਰਦੇਸ਼
ਕਿਹਾ ਲੋਕਾਂ ਨੂੰ ਜਾਗਰੂਕ ਕਰਨ ਲਈ 90 ਸਕਿੰਟ ਦੀ ਵੀਡੀਓ ਬਣਵਾਈ ਜਾਵੇਗੀ, ਬੇਹਤਰੀਨ ਜਾਗਰੂਕਤਾ ਵੀਡੀਓ ਬਣਾਉਣ ਵਾਲੇ ਹੋਣਗੇ ਸਨਮਾਨਿਤ
ਘਰਾਂ ਦੇ ਬਾਹਰ ਹਰਾ ਤੇ ਲਾਲ ਸਟਿਕਰ ਲੱਗਣਾ ਹੋਵੇਗਾ ਸ਼ੁਰੂ
ਹੁਸ਼ਿਆਰਪੁਰ, 11 ਅਕਤੂਬਰ: ਸ਼ਹਿਰ ਵਿਚ ਡੇਂਗੂ ਦੀ ਰੋਕਥਾਮ ਲਈ ਨਗਰ ਨਿਗਮ ਨੇ ਮੁਹਿੰਮ ਤੇਜ ਕਰਦਿਆਂ ਵੱਡੇ ਪੱਧਰ ’ਤੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਜਿਸ ਸਬੰਧੀ ਨਗਰ ਨਿਗਮ ਕਮਿਸ਼ਨਰ ਆਸ਼ਿਕਾ ਜੈਨ ਨੇ ਦੱਸਿਆ ਕਿ ਸਫਾਈ ਮੁਲਾਜਮਾਂ ਅਤੇ ਸੈਨਟਰੀ ਇੰਸਪੈਕਟਰਾਂ ਨੂੰ ਸ਼ਹਿਰ ਵਿਚ ਪਾਣੀ ਖੜਾ ਹੋਣ ਅਤੇ ਲਾਰਵਾ ਮਿਲਣ ਦੀ ਤੁਰੰਤ ਰਿਪੋਰਟ ਕਰਨ ਲਈ ਕਿਹਾ ਗਿਆ ਹੈ ਤਾਂ ਜੋ ਡੇਂਗੂ ਦੇ ਪ੍ਰਸਾਰ ਨੂੰ ਰੋਕਿਆ ਜਾ ਸਕੇ
ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ ਵਿਕਾਸ)-ਕਮ-ਨਗਰ ਨਿਗਮ ਕਮਿਸ਼ਨਰ ਆਸ਼ਿਕਾ ਜੈਨ ਨੇ ਦੱਸਿਆ ਕਿ ਸੈਨਟਰੀ ਇੰਸਪੈਕਟਰਾਂ ਨੂੰ ਲਾਰਵਾ ਨਾਲ ਸਬੰਧਤ ਰਿਪੋਰਟਾਂ ਰੋਜਾਨਾ ਦਾਖਲ ਕਰਨ ਲਈ ਕਿਹਾ ਗਿਆ ਹੈ ਅਤੇ ਨਾਲ ਦੀ ਨਾਲ ਲਾਰਵਾ ਪਾਏ ਜਾਣ ’ਤੇ ਉਸਨੂੰ ਤੁਰੰਤ ਨਸ਼ਟ ਕਰਨ ਦੀ ਵੀ ਹਦਾਇਤ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਇਹ ਦੇਖਣ ਵਿਚ ਆਇਆ ਹੈ ਕਿ ਸ਼ਹਿਰ ਵਿਚ ਵੱਖ-ਵੱਖ ਥਾਵਾਂ ਤੇ ਨਾਰੀਅਲ ਪਾਣੀ ਪੀਣ ਤੋਂ ਬਾਅਦ ਲੋਕ ਨਾਰੀਅਲ ਦਾ ਖੋਲ ਉੱਥੇ ਹੀ ਸੁੱਟ ਦਿੰਦੇ ਹਨ ਜਿਸ ਵਿਚ ਡੇਂਗੂ ਦਾ ਲਾਰਵਾ ਪੈਦਾ ਹੋਣ ਦੀ ਸੰਭਾਵਨਾ ਰਹਿੰਦੀ ਹੈ । ਉਨ੍ਹਾਂ ਦੱਸਿਆ ਕਿ ਨਿਗਮ ਵਲੋਂ ਇੱਕ ਵਿਸ਼ੇਸ਼ ਵਾਹਨ ਦਾ ਪ੍ਰਬੰਧ ਕੀਤਾ ਗਿਆ ਹੈ

ਜਿਹੜਾ ਅਜਿਹੇ ਨਾਰੀਅਲ ਦੇ ਖੋਲਾਂ ਨੂੰ ਲੱਭ ਕੇ ਉਨ੍ਹਾਂ ਦਾ ਢੁੱਕਵਾਂ ਪ੍ਰਬੰਧਨ ਯਕੀਨੀ ਬਣਾਏਗਾ।

ਉਨ੍ਹਾਂ ਦੱਸਿਆ ਕਿ ਲੋਕਾਂ ਨੂੰ ਜਾਗਰੂਕ ਕਰਨ ਲਈ ਇੱਕ ਮੁਕਾਬਲਾ ਵੀ ਕਰਵਾਇਆ ਜਾ ਰਿਹਾ ਹੈ ਜਿਸ ਵਿਚ ਲੋਕਾਂ ਵਲੋਂ 90 ਸਕਿੰਟ ਦੀ ਵੀਡੀਓ ਬਣਵਾਈ ਜਾਵੇਗੀ ਜਿਸ ਵਿਚ ਡੇਂਗੂ ਦੀ ਰੋਕਥਾਮ ਲਈ ਉਪਾਅ, ਸ਼ੁੱਕਰਵਾਰ ਨੂੰ ਡਰਾਈ-ਡੇ ਰੱਖਣ, ਪਾਣੀ ਇਕੱਠਾ ਹੋਣ ਤੋਂ ਰੋਕਣ ਅਤੇ ਲਾਰਵੇ ਦੀ ਪਛਾਣ ਅਤੇ ਉਸਨੂੰ ਨਸ਼ਟ ਕਰਨ ਸਬੰਧੀ ਅਹਿਮ ਜਾਣਕਾਰੀ ਹੋਵੇਗੀ। ਉਨ੍ਹਾਂ ਦੱਸਿਆ ਕਿ ਬੇਹਤਰੀਨ ਪੰਜ ਵੀਡੀਓਜ਼ ਬਣਾਉਣ ਵਾਲਿਆਂ ਨੂੰ ਨਿਗਮ ਵਲੋਂ ਸਨਮਾਨਿਤ ਕੀਤਾ ਜਾਵੇਗਾ। ਇਹ ਵੀਡੀਓ adcudhsp@gmail.com ’ਤੇ ਭੇਜੀਆਂ ਜਾ ਸਕਦੀਆਂ ਹਨ।
ਏ.ਡੀ.ਸੀ. ਆਸ਼ਿਕਾ ਜੈਨ ਨੇ ਦੱਸਿਆ ਕਿ ਨਿਗਮ ਅਤੇ ਸਿਹਤ ਵਿਭਾਗ ਦੀਆਂ ਟੀਮਾਂ ਵਲੋਂ ਲੋਕਾਂ ਦੇ ਘਰਾਂ ਵਿਚ ਜਾ ਕੇ ਸਰਵੇ ਕੀਤਾ ਜਾ ਰਿਹਾ ਹੈ ਅਤੇ ਜਿਨ੍ਹਾਂ ਘਰਾਂ ਵਿਚ ਲਾਰਵਾ ਨਹੀਂ ਪਾਇਆ ਜਾਵੇਗਾ ਉਨ੍ਹਾਂ ਦੇ ਬਾਹਰ ਹਰੇ ਰੰਗ ਦਾ ਸਟਿੱਕਰ ਅਤੇ ਲਾਰਵਾ ਪਾਏ ਜਾਣ ਵਾਲੇ ਘਰ ਦੇ ਬਾਹਰ ਲਾਲ ਰੰਗ ਦਾ ਸਟਿੱਕਰ ਲਗਾਇਆ ਜਾਵੇਗਾ। ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਡੇਂਗੂ ਦਾ ਲਾਰਵਾ ਲੱਭਣ ਲਈ ਫੀਲਡ ਵਿਚ ਜਾਣ ਵਾਲੀਆਂ ਟੀਮਾਂ ਦਾ ਸਹਿਯੋਗ ਕੀਤਾ ਜਾਵੇ ਤਾਂ ਜੋ ਡੇਂਗੂ ਨੂੰ ਫੈਲਣੋ ਰੋਕਿਆ ਜਾ ਸਕੇ।

Edited by : purewal

Related posts

Leave a Reply