ਦਲਿਤ ਆਗੂ ‘ਤੇ ਰੋਸ ਧਰਨੇ ਦੌਰਾਨ ਕਾਂਗਰਸੀਆਂ ਵੱਲੋਂ ਹਮਲਾ ਕਰਨ ਦੇ ਮਾਮਲੇ ‘ਚ ਚੇਅਰਮੈਨ ਵਿਜੈ ਸਾਂਪਲਾ ਨੇ ਸੂਬਾ ਸਰਕਾਰ ਨੂੰ ਭੇਜਿਆ ਨੋਟਿਸ

ਖੰਨਾ/ਹੁਸ਼ਿਆਰਪੁਰ  : ਮਲੌਦ ਅਨਾਜ ਮੰਡੀ ਵਿਚ ਦਲਿਤ ਆਗੂ ਗੁਰਦੀਪ ਸਿੰਘ ਕਾਲੀ ਵੱਲੋਂ ਲਾਏ ਰੋਸ ਧਰਨੇ ਦੌਰਾਨ ਕਾਂਗਰਸੀ ਆਗੂ ਤੇ ਵਰਕਰਾਂ ਵੱਲੋਂ ਹਮਲਾ ਕਰਨ ਦੇ ਮਾਮਲੇ ਦਾ ਕੌਮੀ ਅਨੁਸੂਚਿਤ ਜਾਤੀ ਕਮਿਸ਼ਨ ਨੇ ਸਖ਼ਤ ਨੋਟਿਸ ਲਿਆ ਹੈ। ਚੇਅਰਮੈਨ ਵਿਜੈ ਸਾਂਪਲਾ ਦੇ ਹੁਕਮਾਂ ’ਤੇ ਕਮਿਸ਼ਨ ਨੇ ਸੂਬਾ ਸਰਕਾਰ ਨੂੰ ਨੋਟਿਸ ਜਾਰੀ ਕਰ ਕੇ ਜਵਾਬ ਤਲ਼ਬ ਕੀਤਾ ਹੈ।

ਇਸ ਦੇ ਨਾਲ ਹੀ ਡੀਸੀ ਤੇ ਪੁਲਿਸ ਕਮਿਸ਼ਨਰ ਨੂੰ 7 ਦਿਨਾਂ ਵਿਚ ਕਾਰਵਾਈ ਕਰਨ ਸਬੰਧੀ ਰਿਪੋਰਟ ਦੇਣ ਨੂੰ ਕਿਹਾ ਹੈ ਹਾਲਾਂਕਿ ਮਲੌਦ ਪੁਲਿਸ ਜ਼ਿਲ੍ਹਾ ਖੰਨਾ ਦੇ ਅਧੀਨ ਹੈ, ਇਸ ਲਈ ਸੰਭਵ ਹੈ ਕਿ ਇਹ ਰਿਪੋਰਟ ਕਮਿਸ਼ਨਰ ਲੁਧਿਆਣਾ ਪੁਲਿਸ ਦੀ ਬਜਾਏ ਖੰਨਾ ਦੇ ਐੱਸਐੱਸਪੀ ਨੂੰ ਦੇਣੀ ਪਵੇ।

ਕੌਮੀ ਅਨੁਸੂਚਿਤ ਜਾਤੀ ਕਮਿਸ਼ਨ ਦੇ ਚੇਅਰਮੈਨ ਸਾਂਪਲਾ ਨੇ ਈਮੇਲ ਰਾਹੀਂ ਸ਼ਨਿਚਰਵਾਰ ਨੂੰ ਇਸ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਕਮਿਸ਼ਨ ਦੇ ਕੋਲ ਆਈ ਸੂਚਨਾ ਦੇ ਮੁਤਾਬਕ ਐੱਸਸੀ ਆਗੂ ਕਾਲੀ ਨੇ ਫੂਲੇ-ਸ਼ਾਹ -ਅੰਬੇਦਕਰ ਲੋਕ ਜਗਾਓ ਮੰਚ ਦੇ ਬੈਨਰ ਹੇਠ ਰੋਸ ਮੁਜ਼ਾਹਰਾ ਕੀਤਾ ਸੀ। ਜਿਸ ਕਾਰਨ ਸਥਾਨਕ ਕਾਂਗਰਸੀ ਆਗੂਆਂ ਨੇ ਹਮਲਾ ਕਰ ਕੇ ਗੁਰਦੀਪ ਕਾਲੀ ਸਮੇਤ ਕਈ ਲੋਕਾਂ ਨੂੰ ਜ਼ਖ਼ਮੀ ਕਰ ਦਿੱਤਾ।

ਕਮਿਸ਼ਨ ਨੇ ਜ਼ਿਲ੍ਹਾ ਲੁਧਿਆਣਾ ਦੇ ਡਿਪਟੀ ਕਮਿਸ਼ਨਰ ਤੇ ਲੁਧਿਆਣਾ ਪੁਲਿਸ ਦੇ ਕਮਿਸ਼ਨਰ ਦੇ ਨਾਲ ਹੀ ਸੂਬਾ ਸਰਕਾਰ ਦੇ ਮੁੱਖ ਸਕੱਤਰ ਤੇ ਪੰਜਾਬ ਪੁਲਿਸ ਦੇ ਡੀਜੀਪੀ ਨੂੰ ਨੋਟਿਸ ਜਾਰੀ ਕਰਦਿਆਂ ਐਕਸ਼ਨ ਟੇਕਨ ਰਿਪੋਰਟ ਇਸ ਕਮਿਸ਼ਨ ਦੇ ਸਾਹਮਣੇ 7 ਦਿਨਾਂ ਵਿਚ ਭੇਜਣ ਦੇ ਨਿਰਦੇਸ਼ ਦਿੱਤੇ ਹਨ। ਜੇਕਰ ਕਮਿਸ਼ਨ ਨੂੰ ਸਤ ਦਿਨਾਂ ਵਿਚ ਜਵਾਬ ਨਹੀਂ ਮਿਲਿਆ ਤਾਂ ਕਮਿਸ਼ਨ ਸੰਵਿਧਾਨ ਦੀ ਧਾਰਾ 338 ਦੇ ਤਹਿਤ ਮਿਲੀ ਸਿਵਲ ਅਦਾਲਤ ਦੇ ਹੱਕਾਂ ਦੀ ਵਰਤੋਂ ਕਰਦਿਆਂ ਸਬੰਧਤ ਅਫਸਰਾਂ ਨੂੰ ਨਿੱਜੀ ਤੌਰ ’ਤੇ ਕਮਿਸ਼ਨ ਸਾਹਮਣੇ ਹਾਜ਼ਰ ਹੋਣ ਸਬੰਧੀ ਸੰਮਨ ਜਾਰੀ ਕਰ ਸਕਦਾ ਹੈ।

Related posts

Leave a Reply