ਪੇਂਡੂ ਮਜ਼ਦੂਰ ਯੂਨੀਅਨ ਵਲੋਂ ਗੁਜ਼ਰ ਪਰਿਵਾਰਾਂ ਨਾਲ ਇਕਮੁੱਠਤਾ ਪ੍ਰਗਟ ਕੀਤੀ, ਆਗੂਆਂ ਨੇ ਗੁੱਜ਼ਰ ਪਰਿਵਾਰਾਂ ਨਾਲ ਮਿਲ ਕੇ ਦੁੱਧ ਵੀ ਪੀਤਾ


ਕਰੋਨਾ ਦੇ ਖ਼ਾਤਮੇ ਲਈ ਸਮਾਜਿਕ ਨਹੀਂ, ਸ਼ਰੀਰਕ ਦੂਰੀ ਬਣਾ ਕੇ ਰੱਖਣ ਦਾ ਸੱਦਾ
KARTARPUR/ JALANDHAR,13 ਅਪ੍ਰੈਲ ( BUREAU CHIEF SANDEEP VIRDI )-ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਅਤੇ ਨੌਜਵਾਨ ਭਾਰਤ ਸਭਾ ਦੇ ਸਾਥੀਆਂ ਵਲੋਂ ਵੱਖ-ਵੱਖ ਪਿੰਡਾਂ ਵਿੱਚ ਰਹਿੰਦੇ ਗੁੱਜ਼ਰ ਪਰਿਵਾਰਾਂ ਨੂੰ ਮਿਲ ਕੇ ਉਹਨਾਂ ਨਾਲ ਇੱਕਮੁੱਠਤਾ ਦਾ ਪ੍ਰਗਟਾਵਾ ਕੀਤਾ ਗਿਆ।ਇਸ ਮੌਕੇ ਆਗੂਆਂ ਨੇ ਗੁੱਜ਼ਰ ਪਰਿਵਾਰਾਂ ਨਾਲ ਮਿਲ ਕੇ ਦੁੱਧ ਵੀ ਪੀਤਾ।
ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਦੇ ਸੂਬਾਈ ਪ੍ਰਧਾਨ ਤਰਸੇਮ ਪੀਟਰ ਅਤੇ ਪ੍ਰੈੱਸ ਸਕੱਤਰ ਕਸ਼ਮੀਰ ਸਿੰਘ ਘੁੱਗਸੋ਼ਰ ਨੇ ਕਿਹਾ ਕਿ ਹਰ ਕਿਸਮ ਦੀ ਧਾਰਮਿਕ ਕੱਟੜਤਾ ਤੇ ਅੰਧ ਵਿਸ਼ਵਾਸ਼ ਬਿਮਾਰੀਆਂ ਦਾ ਵਿਗਿਆਨਕ ਸੋਚ ਤੇ ਸਹੀ ਡਾਕਟਰੀ ਇਲਾਜ ਕਰਨ ‘ਚ ਅੜਿੱਕਾ ਬਣਦੀ ਹੈ। ਨਿਜ਼ਾਮੂਦੀਨ ਮਰਕਜ਼ ਦੀ ਘਟਨਾ ਲਈ ਸਮੁੱਚੇ ਮੁਸਲਮਾਨ ਭਾਈਚਾਰੇ ਨੂੰ ਦੋਸ਼ੀ ਬਣਾ ਕੇ ਇਸਨੂੰ ਫ਼ਿਰਕੂ ਰੰਗ ਦੇਣਾ ਆਰ.ਐਸ.ਐਸ.-ਭਾਜਪਾ ਦਾ ਇਹ ਪ੍ਰਚਾਰ ਬਿਮਾਰੀ ਦੀ ਆੜ ਹੇਠ ਆਪਣੇ ਫ਼ਿਰਕੂ ਏਜੰਡੇ ਨੂੰ ਵਧਾਉਣ ਦੀ ਦਿਸ਼ਾ ਵੱਲ ਹੀ ਸੇਧਤ ਹੈ।
ਉਨ੍ਹਾਂ ਕਿਹਾ ਕਿ ਸਰਕਾਰ ਦੀਆਂ ਨਾਕਾਮੀਆਂ ਨੂੰ ਛੁਪਾਉਣ ਲਈ ਅਜਿਹੇ ਫ਼ਿਰਕੂ ਪ੍ਰਚਾਰ ਦਾ ਸਹਾਰਾ ਲਿਆ ਜਾ ਰਿਹਾ ਹੈ। ਭਿਆਨਕ ਬਿਮਾਰੀ ਦੇ ਟਾਕਰੇ ਲਈ ਡਾਕਟਰਾਂ, ਨਰਸਾਂ, ਪੈਰਾ-ਮੈਡੀਕਲ ਅਤੇ ਹੋਰ ਸਿੱਖਿਅਤ ਅਮਲਾ-ਫੈਲਾ, ਟੈਸਟ ਕਰਨ ਵਾਲੀਆਂ ਕਿੱਟਾਂ, ਸਵੈ-ਰੱਖਿਅਕ ਸਾਜੋ ਸਮਾਨ ਅਤੇ ਮਰੀਜ਼ਾਂ ਲਈ ਵੈਂਟੀਲੇਟਰ, ਮਾਸਕ ਆਦਿ ਦੇ ਪ੍ਰਬੰਧ ਵੱਲ ਧਿਆਨ ਕੇਂਦਰਤ ਕਰਨ ਅਤੇ ਸਮਾਜਿਕ ਸਹਿਯੋਗ ਲੈਣ ਦੀ ਥਾਂ ਅਜਿਹਾ ਫ਼ਿਰਕੂ ਪ੍ਰਚਾਰ ਕਰਕੇ ਲੋਕਾਂ ਦਾ ਧਿਆਨ ਅਸਲੀ ਸਮੱਸਿਆ ਤੋਂ ਹਟਾਉਣ ਦਾ ਯਤਨ ਕੀਤਾ ਜਾ ਰਿਹਾ ਹੈ।
ਉਨ੍ਹਾਂ ਕਿਹਾ ਕਿ ਲੋਕ ਵਿਰੋਧੀ ਤਾਕਤਾਂ ਵਲੋਂ ਕਰੋਨਾ ਮਹਾਂਮਾਰੀ ਲਈ ਮੁਸਲਮਾਨ ਭਾਈਚਾਰੇ ਨੂੰ ਬਦਨਾਮ ਕੀਤਾ ਜਾ ਰਿਹਾ।ਇਸ ਝੂਠ ਨੂੰ ਫੈਲਾਉਣ ਲਈ ਕੲੀ ਟੀ ਵੀ ਚੈਨਲ ਲੱਗੇ ਹੋਏ ਹਨ।ਜਿਸ ਦੀ ਵਜ੍ਹਾ ਕਰਕੇ ਪੰਜਾਬ ਦੇ ਪਿੰਡਾਂ,ਸ਼ਹਿਰਾਂ ਵਿੱਚ ਡੇਅਰੀਆਂ ਗੁੱਜਰਾਂ ਤੋਂ ਦੁੱਧ ਲੈਣ ਤੋਂ ਨਾਂਹ ਕਰ ਰਹੇ ਹਨ, ਉਦਾਹਰਣ ਵੇਖਣੀ ਹੋਵੇ ਤਾਂ ਇਹਨਾਂ ਡੇਅਰੀ ਵਿੱਚ ਸ਼ਾਮਲ ਇੱਕ ਮਾਰਕੀਟ ਕਮੇਟੀ ਦੇ ਚੇਅਰਮੈਨ ਦੀ ਕਰਤਾਰਪੁਰ ਸਥਿਤ ਡੇਅਰੀ ਤੋਂ ਵੇਖੀ ਜਾ ਸਕਦੀ ਹੈ।ਕੲੀ ਧਾਰਮਿਕ ਸਥਾਨਾਂ ਤੋਂ ਹੋਈਆਂ ਅਨਾਊਂਸਮੈਂਟਾਂ ਕਾਰਨ ਲੋਕ ਗੁੱਜਰਾਂ ਤੋਂ ਦੁੱਧ ਨਹੀਂ ਲੈ ਰਹੇ। ਗੁੱਜਰਾਂ ਤੋਂ ਦੁੱਧ ਨਾ ਲੈਣ ਲਈ ਕੁਝ ਥਾਈਂ ਪੁਲਿਸ ਵਾਲੇ ਵੀ ਪ੍ਰੇਰ ਰਹੇ ਹਨ।ਜੋ ਹੋਰ ਵੀ ਚਿੰਤਾਜਨਕ ਹੈ। ਉਨ੍ਹਾਂ ਕਿਹਾ ਕਿ ਇਹ ਪਰਿਵਾਰ ਦਹਾਕਿਆਂ ਤੋਂ ਪਸ਼ੂ ਪਾਲਣ ਅਤੇ ਦੁੱਧ ਵੇਚਣ ਦਾ ਕਾਰੋਬਾਰ ਕਰਕੇ ਆਪਣਾ ਗੁਜ਼ਾਰਾ ਕਰ ਰਹੇ ਹਨ।ਇਸ ਤੋਂ ਬਿਨ੍ਹਾਂ ਇਹਨਾਂ ਪਾਸ ਹੋਰ ਕੋਈ ਆਮਦਨ ਦਾ ਸਾਧਨ ਨਹੀਂ ਹੈ। ਇਹਨਾਂ ਨੂੰ ਕੲੀ ਥਾੲੀਂ ਦੁਕਾਨਾਂ ਤੋਂ ਸਾਮਾਨ ਵੀ ਨਹੀਂ ਲੈਣ ਦਿੱਤਾ ਜਾ ਰਿਹਾ।ਸਰੀਰਕ ਦੂਰੀ ਦੀ ਥਾਂ ਗੁੱਜਰਾਂ ਤੋਂ ਸਮਾਜਿਕ ਦੂਰੀ ਬਣਾਉਣ ਲਈ ਮਾਹੌਲ ਬਣਾਇਆ ਜਾ ਰਿਹਾ,ਜੋ ਸਮਾਜ ਲਈ ਖ਼ਤਰਨਾਕ ਹੈ। ਆਗੂਆਂ ਨੇ ਗੁੱਜ਼ਰ ਪਰਿਵਾਰਾਂ ਦੇ ਘਰਾਂ ਵਿੱਚੋਂ ਦੁੱਧ ਪੀਂਦੇ ਹੋਏ ਪੰਜਾਬ ਦੀ ਵਿਰਾਸਤ ਨੂੰ ਕਾਇਮ ਰੱਖਦੇ ਹੋਏ ਭਾਈਚਾਰਕ-ਸਮਾਜਿਕ ਸਾਂਝ ਨੂੰ ਮਜ਼ਬੂਤ ਰੱਖਣ ਅਤੇ ਕਰੋਨਾ ਮਹਾਂਮਾਰੀ ਦੇ ਖ਼ਾਤਮੇ ਲਈ ਸਰੀਰਕ ਦੂਰੀ ਬਣਾ ਕੇ ਰੱਖਣ ਦਾ ਲੋਕਾਂ ਨੂੰ ਸੱਦਾ ਦਿਤਾ। ਉਨ੍ਹਾਂ ਲੋਕਾਂ ਨੂੰ ਗੁੱਜਰਾਂ ਤੋਂ ਦੁੱਧ ਲੈਣ ਦੀ ਅਪੀਲ ਵੀ ਕੀਤੀ।
ਯੂਨੀਅਨ ਵੱਲੋਂ ਸਰਕਾਰ ਤੇ ਪ੍ਰਸ਼ਾਸਨ ਤੋਂ ਗੁੱਜ਼ਰ ਪਰਿਵਾਰਾਂ ਦੇ ਜਾਨ ਮਾਲ ਦੀ ਸੁਰੱਖਿਆ ਯਕੀਨੀ ਬਣਾਉਣ ਤੇ ਇਨ੍ਹਾਂ ਨੂੰ ਆ ਰਹੀਆਂ ਮੁਸਕਲਾਂ ਦਾ ਹੱਲ ਕਰਨ ਅਤੇ ਇਹਨਾਂ ਪਰਿਵਾਰਾਂ ਵਿਰੁੱਧ ਝੂਠਾ ਪ੍ਰਚਾਰ ਕਰਨ ਵਾਲਿਆਂ ਵਿਰੁੱਧ ਸਖ਼ਤ ਕਾਰਵਾਈ ਕਰਨ ਦੀ ਮੰਗ ਕੀਤੀ ਗਈ ਹੈ।

Related posts

Leave a Reply