ਮੁੱਖ ਮੰਤਰੀ ਕੈਪਟਨ ਅਮਰਿੰਦਰ ਵੱਲੋਂ ਹਿਮਾਚਲ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਵੀਰਭੱਦਰ ਸਿੰਘ ਦੇ ਦੇਹਾਂਤ ’ਤੇ ਦੁੱਖ ਦਾ ਪ੍ਰਗਟਾਵਾ

ਮੁੱਖ ਮੰਤਰੀ ਵੱਲੋਂ ਵੀਰਭੱਦਰ ਸਿੰਘ ਦੇ ਦੇਹਾਂਤ ’ਤੇ ਦੁੱਖ ਦਾ ਪ੍ਰਗਟਾਵਾ

ਚੰਡੀਗੜ, 8 ਜੁਲਾਈ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀਰਵਾਰ ਨੂੰ ਉੱਘੇ ਕਾਂਗਰਸੀ ਆਗੂ ਅਤੇ ਹਿਮਾਚਲ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਵੀਰਭੱਦਰ ਸਿੰਘ ਦੇ ਦੇਹਾਂਤ ਉੱਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਵੀਰਭੱਦਰ ਸਿੰਘ ਲੰਮੇ ਸਮੇਂ ਤੋਂ ਬਿਮਾਰ ਚੱਲ ਰਹੇ ਸਨ ਅਤੇ ਉਨਾਂ ਨੇ ਅੱਜ ਸਵੇਰੇ ਇੰਦਰਾ ਗਾਂਧੀ ਮੈਡੀਕਲ ਕਾਲਜ ਅਤੇ ਹਸਪਤਾਲ, ਸ਼ਿਮਲਾ ਵਿਖੇ ਆਖਰੀ ਸਾਹ ਲਏ। ਉਹ 87 ਵਰਿਆਂ ਦੇ ਸਨ ਅਤੇ ਆਪਣੇ ਪਿੱਛੇ ਪਤਨੀ, ਇੱਕ ਪੁੱਤਰ ਅਤੇ ਇੱਕ ਧੀ ਛੱਡ ਗਏ ਹਨ।

ਆਪਣੇ ਸ਼ੋਕ ਸੰਦੇਸ਼ ਵਿਚ ਮੁੱਖ ਮੰਤਰੀ ਨੇ ਕਿਹਾ, ‘‘ਮੈਨੂੰ ਵੀਰਭੱਦਰ ਸਿੰਘ ਦੇ ਦੇਹਾਂਤ ਬਾਰੇ ਸੁਣ ਕੇ ਬਹੁਤ ਦੁੱਖ ਹੋਇਆ ਹੈ। ਉਹ ਇੱਕ ਤਜ਼ੁਰਬੇਕਾਰ ਸਿਆਸਤਦਾਨ ਹੋਣ ਦੇ ਨਾਲ ਨਾਲ ਹੀ ਉੱਚ ਗੁਣਾਂ ਦੇ ਧਾਰਨੀ ਇੱਕ ਬੇਹੱਦ ਚੰਗੇ ਇਨਸਾਨ ਵੀ ਸਨ।’’

ਛੇ ਵਾਰ ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਵਜੋਂ ਵੀਰਭੱਦਰ ਸਿੰਘ ਵੱਲੋਂ ਦਿੱਤੀਆਂ ਗਈਆਂ ਬਹੁਮੁੱਲੀਆਂ ਸੇਵਾਵਾਂ ਬਾਰੇ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਉਨਾਂ ਨੇ ਨਾ ਸਿਰਫ ਪਹਾੜੀ ਸੂਬੇ ਦੇ ਸਮੁੱਚੇ ਵਿਕਾਸ ਨੂੰ ਯਕੀਨੀ ਬਣਾਇਆ ਪਰ ਇਸ ਦੇ ਨਾਲ ਹੀ ਸਮਾਜ ਦੇ ਸਾਰੇ ਵਰਗਾਂ ਦੀ ਭਲਾਈ ਵਿੱਚ ਵੀ ਅਹਿਮ ਕਿਰਦਾਰ ਅਦਾ ਕੀਤਾ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਵੀਰਭੱਦਰ ਸਿੰਘ ਦੇ ਦੇਹਾਂਤ ਨਾਲ ਕਾਂਗਰਸ ਵਿਚ ਇੱਕ ਖਲਾਅ ਪੈਦਾ ਹੋ ਗਿਆ ਹੈ ਅਤੇ ਪਾਰਟੀ ਅੰਦਰੂਨੀ ਮਸਲਿਆਂ ਸਬੰਧੀ ਉਨਾਂ ਦੀ ਸਲਾਹ ਅਤੇ ਵੱਡਮੁੱਲੀਆਂ ਸੇਵਾਵਾਂ ਤੋਂ ਵਾਂਝੀ ਹੋ ਗਈ ਹੈ।

ਮੁੱਖ ਮੰਤਰੀ ਨੇ ਸ਼ੋਕਗ੍ਰਸਤ ਪਰਿਵਾਰਕ ਮੈਂਬਰਾਂ ਅਤੇ ਸਾਕ-ਸਬੰਧੀਆਂ ਨਾਲ ਦਿਲੀ ਹਮਦਰਦੀ ਜ਼ਾਹਰ ਕਰਦਿਆਂ ਅਕਾਲ ਪੁਰਖ ਅੱਗੇ ਵਿਛੜੀ ਰੂਹ ਨੂੰ ਆਪਣੇ ਚਰਨਾਂ ਵਿੱਚ ਸਦੀਵੀ ਨਿਵਾਸ ਦੇਣ ਅਤੇ ਪਿੱਛੇ ਪਰਿਵਾਰਕ ਮੈਂਬਰਾਂ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ ਲਈ ਅਰਦਾਸ ਕੀਤੀ।

Related posts

Leave a Reply