ਯਾਦਵਿੰਦਰ ਬਦੇਸ਼ਾ ਦਾ ਨਾਵਲ ਬੋਹੜ ਪੁੱਤ ਰਿਲੀਜ਼

ਯਾਦਵਿੰਦਰ ਬਦੇਸ਼ਾ ਦਾ ਨਾਵਲ ਬੋਹੜ ਪੁੱਤ ਰਿਲੀਜ਼
ਤਲਵਾੜਾ, 14 ਫ਼ਰਵਰੀ: ਪੰਜਾਬੀ ਸਾਹਿਤ ਅਤੇ ਕਲਾ ਮੰਚ (ਰਜਿ:) ਤਲਵਾੜਾ ਵੱਲੋਂ ਅੱਜ ਪਰਵਾਸੀ ਲੇਖਕ ਯਾਦਵਿੰਦਰ ਸਿੰਘ ਬਦੇਸ਼ਾ ਦਾ ਪਲੇਠਾ ਨਾਵਲ ਬੋਹੜ ਪੁੱਤ ਰਿਲੀਜ਼ ਕੀਤਾ ਗਿਆ। ਪ੍ਰਿੰ. ਗੁਰਾਂ ਦਾਸ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਤਲਵਾੜਾ ਨੇ ਮਹਿਮਾਨਾਂ ਦਾ ਸਵਾਗਤ ਕਰਦਿਆਂ ਸਾਹਿਤ ਨੂੰ ਸਮਾਜ ਦਾ ਅਨਿੱਖੜਵਾਂ ਅੰਗ ਦੱਸਿਆ। ਮੰਚ ਦੇ ਪ੍ਰਧਾਨ ਡਾ. ਸੁਰਿੰਦਰ ਮੰਡ ਨੇ ਸਵੀਡਨ ਵਾਸੀ ਨਾਵਲਕਾਰ ਬਦੇਸ਼ਾ ਦੀ ਕਿਰਤ ਦਾ ਸਵਾਗਤ ਕਰਦਿਆਂ ਕਿਹਾ ਇਸ ਨਾਲ ਪੰਜਾਬੀ ਸਾਹਿਤ ਦੇ ਖ਼ਜਾਨੇ ਵਿੱਚ ਵੱਡਮੁੱਲਾ ਵਾਧਾ ਹੋਇਆ ਹੈ। ਮੰਚ ਦੇ ਜਨਰਲ ਸਕੱਤਰ ਸਮਰਜੀਤ ਸਿੰਘ ਸ਼ਮੀ ਨੇ ਨਾਵਲ ਬਾਰੇ ਚਰਚਾ ਕਰਦਿਆਂ ਕਿ ਲੇਖਕ ਦੀ ਕਰਮਭੂਮੀ ਬੇਸ਼ੱਕ ਸਵੀਡਨ ਹੈ ਪਰੰਤੂ ਇਸ ਨਾਵਲ ਦੇ ਬਿਰਤਾਂਤ ਅਤੇ ਵਿਸ਼ਾ ਵਸਤੂ ਤੋਂ ਉਸਦੇ ਆਪਣੀ ਮਿੱਟੀ, ਪੌਣ-ਪਾਣੀ, ਵਿਰਸੇ ਅਤੇ ਰਹੁਰੀਤਾਂ ਦੀ ਪੇਸ਼ਕਾਰੀ ਇਸ ਨਾਵਲ ਨੂੰ ਸਾਂਭਣਯੋਗ ਰਚਨਾ ਬਣਾਉਂਦੀ ਹੈ। ਡਾ. ਅਮਰਜੀਤ ਅਨੀਸ ਵੱਲੋਂ ਕਾਵਿਮਈ ਅੰਦਾਜ਼ ਵਿੱਚ ਪੰਜਾਬ ਵਿੱਚ ਭਖੇ ਸਿਆਸੀ ਅਖਾੜੇ ਉੱਤੇ ਅਧਾਰਿਤ ਵੋਟਾਂ ਪ੍ਰਤੀ ਚੇਤਨਾ ਦਾ ਸੁਨੇਹਾ ਦਿੰਦੀ ਰਚਨਾ ਪੇਸ਼ ਕੀਤੀ ਗਈ। ਰਾਜਿੰਦਰ ਮਹਿਤਾ ਵੱਲੋਂ ਵੋਟਰ ਚੇਤਨਾ ਦੀ ਬਾਤ ਪਾਉਂਦਿਆਂ ਰਚਨਾ ਸਾਂਝੀ ਕੀਤੀ ਗਈ। ਧਿਆਨ ਸਿੰਘ ਚੰਦਨ ਵੱਲੋਂ ਪੰਜਾਬੀ ਵਿਰਸੇ ਅਤੇ ਅੰਤਰੀਵ ਸੰਵੇਦਨਾਵਾਂ ਨਾਲ਼ ਭਰਪੂਰ ਰਚਨਾ ਸਾਂਝੀ ਕੀਤੀ ਗਈ। ਇਸ ਮੌਕੇ ਯੋਗੇਸ਼ਵਰ ਸਲਾਰੀਆ, ਜੋਗਿੰਦਰ ਸਿੰਘ ਆਦਿ ਸਮੇਤ ਵੱਡੀ ਗਿਣਤੀ ਵਿੱਚ ਸਾਹਿਤ ਪ੍ਰੇਮੀ ਹਾਜ਼ਰ ਸਨ।

Related posts

Leave a Reply