ਰੋਮਾਨੀਆਂ ‘ਚ ਮਰੇ ਪੁੱਤ ਦੀ ਲਾਸ਼ ਭਾਰਤ ਲਿਆਉਣ ਲਈ ਮਾਰੇ ਮਾਰੇ ਫ਼ਿਰ ਰਹੇ ਨੇ ਮਾਹਿਲਪੁਰ ਦੇ ਪਿੰਡ ਵਾਸੀ

ਰੋਮਾਨੀਆਂ ‘ਚ ਮਰੇ ਪੁੱਤ ਦੀ ਲਾਸ਼ ਭਾਰਤ ਲਿਆਉਣ ਲਈ ਮਾਰੇ ਮਾਰੇ ਫ਼ਿਰ ਰਹੇ ਨੇ ਪਿੰਡ ਵਾਸੀ

ਮਾਹਿਲਪੁਰ/ ਹੁਸ਼ਿਆਰਪੁਰ  (ਚੌਧਰੀ )- ਪਿੰਡ ਲੰਗੇਰੀ ਦੇ ਤਿੰਨ ਕੁ ਮਹੀਨਾ ਪਹਿਲਾਂ ਰੋਜੀ ਰੋਟੀ ਲਈ ਰੋਮਾਨੀਆਂ ਗਏ ਇੱਕ 35 ਸਾਲਾ ਨੌਜਵਾਨ ਦੀ ਉੱਥੇ ਹੀ ਭੇਦਭਰੀ ਹਾਲਤ ਵਿਚ ਮੌਤ ਹੋ ਜਾਣ ਕਾਰਨ ਅੱਜ ਪਰਿਵਾਰ ਅਤੇ ਪਿੰਡ ਵਾਸੀ ਆਪਣੇ ਪੁੱਤਰ ਦੀ ਲਾਸ਼ ਪਿੰਡ ਲੰਗੇਰੀ ਲੈ ਕੇ ਆਉਣ ਲਈ ਆਰਥਿਕ ਤੰਗੀ ਕਾਰਨ ਮਾਰੇ ਮਾਰੇ ਫ਼ਿਰ ਰਹੇ ਹਨ | ਪਰਿਵਾਰ ਨੂੰ ਏਜੰਟ ਦੀ ਭੂਮਿਕਾ ਵੀ ਸ਼ੱਕੀ ਜਾਪ ਰਹੀ ਹੈ |

ਰੋਮਾਨੀਆਂ ਦੇ ਅਧਿਕਾਰੀਆਂ ਦੀ ਅੰਗਰੇਜ਼ੀ ਭਾਸ਼ਾ ਕਾਰਨ ਵੀ ਪਿੰਡ ਵਾਸੀਆਂ ਅਤੇ ਪਰਿਵਾਰ ਨੂੰ ਕਈ ਔਕੜਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਪਰਿਵਾਰ ਅਤੇ ਪਿੰਡ ਵਾਸੀਆਂ ਨੇ ਮੰਗ ਕੀਤੀ ਕਿ ਉਨ੍ਹਾਂ ਦੇ ਲਾਡਲੇ ਦੀ ਲਾਸ਼ ਪਿੰਡ ਲਿਆਉਣ ਲਈ ਕੇਂਦਰ ਅਤੇ ਸੂਬਾ ਸਰਕਾਰ ਪਹਿਲ ਕਰੇ |


ਪ੍ਰਾਪਤ ਜਾਣਕਾਰੀ ਅਨੁਸਾਰ ਲੰਗੇਰੀ ਦੇ ਬਜੁਰਗ ਪਿਤਾ ਸੁਖ਼ਦੇਵ ਸਿੰਘ, ਮਾਸਟਰ ਅਵਤਾਰ ਲੰਗੇਰੀ ਸਤਪ੍ਰਕਾਸ਼ ਸਿੰਘ, ਆਪ ਆਗੂ ਹਰਮਿੰਦਰ ਬਖਸ਼ੀ, ਅਮਨਦੀਪ ਸਿੰਘ, ਤਲਵਿੰਦਰ ਸਿੰਘ ਤੇਲੂ, ਸਰਬਜੀਤ ਸਿੰਘ ਪੰਚ, ਸੁਰਜੀਤ ਸਿੰਘ ਭਰਾ ਨੇ ਦੱਸਿਆ ਕਿ ਉਨ੍ਹਾਂ ਦਾ ਪੁੱਤਰ ਕੁਲਦੀਪ ਸਿੰਘ ਭਾਖ਼ੜਾ ਨੰਗਲ ਦੇ ਇੱਕ ਏਜੰਟ ਰਾਂਹੀ ਢਾਈ ਮਹੀਨੇ ਪਹਿਲਾਂ ਰੋਮਾਨੀਆਂ ਗਿਆ ਸੀ |

ਉਨ੍ਹਾਂ ਦੱਸਿਆ ਕਿ 30 ਅਪ੍ਰੈਲ ਨੂੰ ਉਨ੍ਹਾਂ ਆਪਣੇ ਲੜਕੇ ਨਾਲ ਵੀ ਵੀਡੀਓ ਕਾਲ ਕਰਕੇ ਗੱਲ ਕੀਤੀ ਤਾਂ ਸ਼ਾਮ ਨੂੰ ਏਜੰਟ ਦਾ ਫ਼ੋਨ ਆਇਆ ਕਿ ਕੁਲਦੀਪ ਦੀ ਦਿਲ ਦੀ ਗਤੀ ਰੁਕਣ ਕਾਰਨ ਮੌਤ ਹੋ ਗਈ ਹੈ | ਉਨ੍ਹਾਂ ਦੱਸਿਆ ਕਿ ਦੋ ਦਿਨ ਬਾਅਦ ਏਜੰਟ ਨੇ ਉਨ੍ਹਾਂ ਨੂੰ ਫ਼ੋਨ ਕਰਕੇ ਕਿਹਾ ਕਿ ਲਾਸ਼ ਲੰਗੇਰੀ ਲੈ ਕੇ ਆਉਣੀ ਹੈ ਅਤੇ ਉਹ ਹਲਫ਼ੀਆ ਬਿਆਨ ਦੇਣ | ਉਨ੍ਹਾਂ ਕਿਹਾ ਕਿ ਉਨ੍ਹਾਂ ਹਲਫ਼ੀਆ ਬਿਆਨ ਵੀ ਭੇਜ ਦਿੱਤਾ | ਉਨ੍ਹਾਂ ਦੱਸਿਆ ਕਿ 04 ਅਪ੍ਰੈਲ ਨੂੰ ਏਜੰਟ ਨੇ ਉਨ੍ਹਾਂ ਨੂੰ ਫੋਨ ਕਰਕੇ ਦੱਸਿਆ ਕਿ ਲਾਸ਼ ਭਾਰਤ ਆਉਣ ਲਈ ਅੱਠ ਦਸ ਦਿਨ ਲੱਗ ਜਾਣੇ ਹਨ ਪਰੰਤੂ ਅੱਜ ਤੱਕ ਲਾਸ਼ ਪਿੰਡ ਨਹੀਂ ਆ ਸਕੀ | ਉਨ੍ਹਾਂ ਦੱਸਿਆ ਕਿ ਉਨ੍ਹਾਂ ਭਾਜਪਾ ਆਗੂ ਅਵਿਨਾਸ਼ ਰਾਏ ਖ਼ੰਨਾ, ਕਾਂਗਰਸ ਐਮ ਪੀ ਮਨੀਸ਼ ਤਿਵਾੜੀ ਨੂੰ ਅਪੀਲ ਕੀਤੀ ਪਰੰਤੂ ਸਾਰੇ ਕਾਗਜ ਪੱਤਰ ਭੇਜਣ ਤੋਂ ਬਾਅਦ ੳਨ੍ਹਾਂ ਦੇ ਬੇਟੇ ਦੀ ਲਾਸ਼ ਭਾਰਤ ਲਿਆਉਣ ਲਈ ਪੈਸੇ ਦੀ ਲੋੜ ਹੋਣ ਕਾਰਨ ਸਾਰਿਆਂ ਨੇ ਆਪਣੇ ਹੱਥ ਖ਼ਿੱਚ ਲਏ |

ਉਨ੍ਹਾਂ ਦੱਸਿਆ ਕਿ ਰੋਮਾਨੀਆਂ ਤੋਂ ਆਉਣ ਵਾਲੇ ਫ਼ੋਨ ਦੀ ਅੰਗਰੇਜ਼ੀ ਵੀ ਸਮਝ ਨਾ ਆਉਣ ਕਾਰਨ ਉਨ੍ਹਾਂ ਦੇ ਬੇਟੇ ਦੀ ਲਾਸ਼ ਭਾਰਤ ਨਹੀਂ ਆ ਰਹੀ | ਉਨ੍ਹਾਂ ਅੱਜ ਆਪ ਦੇ ਦੋਆਬਾ ਜੋਨ ਦੇ ਯੂਥ ਪ੍ਰਧਾਨ ਡਾ ਹਰਮਿੰਦਰ ਬਖ਼ਸ਼ੀ ਨੂੰ ਮਿਲ ਕੇ ਲਾਸ਼ ਲਿਆਉਣ ਦੀ ਅਪੀਲ ਕੀਤੀ | ਡਾ ਬਖ਼ਸ਼ੀ ਨੇ ਵੀ ਭਰੋਸਾ ਦਿੱਤਾ ਕਿ ਅਗਰ ਲਾਸ਼ ਸਹੀ ਸਲਾਮਤ ਹੈ ਤਾਂ ਉਹ ਲਾਸ਼ ਭਾਰਤ ਲਿਆਉਣ ਲਈ ਹਰ ਸੰਭਵ ਕੋਸ਼ਿਸ਼ ਕਰਨਗੇ |

Related posts

Leave a Reply