ਵਿਧਾਨ ਸਭਾ ‘ਚ ਭਿੜੇ ਨਵਜੋਤ ਸਿੱਧੂ ਤੇ ਸੁਖਬੀਰ ਬਾਦਲ, ‘ਕੱਲ੍ਹ ਦਾ ਟਾਈਮ ਬੰਨ੍ਹਿਆ’

ਚੰਡੀਗੜ੍ਹ: ਅੱਜ ਪੰਜਾਬ ਵਿਧਾਨ ਸਭਾ ਵਿੱਚ ਕਾਂਗਰਸ ਨੇਤਾ ਨਵਜੋਤ ਸਿੰਘ ਸਿੱਧੂ ਤੇ ਅਕਾਲੀ ਦਲ ਪ੍ਰਧਾਨ ਸੁਖਬੀਰ ਬਾਦਲ ਵਿਚਾਲੇ ਤਿੱਖੀ ਬਹਿਸ ਹੋਈ। ਨਵਜੋਤ ਸਿੱਧੂ ਨੇ ਪੰਜਾਬ ਵਿਧਾਨ ਸਭਾ ਸੈਸ਼ਨ ਵਿੱਚ ਸੁਖਬੀਰ ਬਾਦਲ ਨੂੰ ਸ਼ੇਖ ਚਿੱਲੀ ਦਾ ਨਾਮ ਦਿੱਤਾ।

ਇਸ ਦਾ ਜਵਾਬ ਦਿੰਦਿਆਂ ਸੁਖਬੀਰ ਬਾਦਲ ਨੇ ਕਿਹਾ ਕਿ ਨਵਜੋਤ ਸਿੱਧੂ ਜੋ ਖ਼ੁਆਬ ਦੇਖ ਰਿਹਾ ਹੈ, ਉਹ ਕਦੇ ਪੂਰੇ ਨਹੀਂ ਹੋਣਗੇ। ਸੁਖਬੀਰ ਨੇ ਕਿਹਾ ਕਿ ਸਿੱਧੂ ਪੰਜਾਬ ‘ਚ ਮੁੱਖ ਮੰਤਰੀ ਦੀ ਕੁਰਸੀ ਕਦੇ ਨਹੀਂ ਹਾਸਲ ਕਰ ਸਕਦਾ।

ਨਵਜੋਤ ਸਿੱਧੂ ਨੇ ਵਿਧਾਨ ਸਭਾ ‘ਚ ਬਹਿਬਲ ਕਲਾਂ ਬੇਅਦਬੀ ਬਾਰੇ ਰਿਪੋਰਟ ‘ਤੇ ਬੋਲਦਿਆਂ ਕਿਹਾ ਕਿ ਸੁਖਬੀਰ ਬਾਦਲ ਖੁਦ ਇਸ ਮਾਮਲੇ ਦਾ ਮੁਲਜ਼ਮ ਹੈ ਪਰ ਰਿਪੋਰਟ ਮੰਨਣ ਤੋਂ ਇਨਕਾਰ ਕਰ ਰਿਹਾ ਹੈ। ਸਿੱਧੂ ਨੇ ਸੁਖਬੀਰ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਹੁਣ ਉਹ ਟਿੱਕੇ ਰਹਿਣ ਤੇ ਕੱਲ੍ਹ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ‘ਚ ਬਹਿਸ ਹੋਣ ਵੇਲੇ ਫਲੋਰ ਛੱਡ ਕੇ ਭੱਜੇ ਨਾ।

ਜ਼ਿਕਰਯੋਗ ਹੈ ਕਿ ਬੇਅਦਬੀ ਮਾਮਲਿਆਂ ਬਾਰੇ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਕਾਰਨ ਇਸ ਵਾਰ ਵਿਧਾਨ ਸਭਾ ਦਾ ਸੈਸ਼ਨ ਗਰਮਾਇਆ ਹੋਇਆ ਹੈ। ਅੱਜ ਵਿਧਾਨ ਸਭਾ ‘ਚ ਰਿਪੋਰਟ ਪੇਸ਼ ਕਰ ਦਿੱਤੀ ਗਈ ਹੈ। ਕੱਲ੍ਹ ਨੂੰ ਇਸ ‘ਤੇ ਬਹਿਸ ਰੱਖੀ ਗਈ ਹੈ ਜਿਸ ਦੌਰਾਨ ਵਿਧਾਨ ਸਭਾ ‘ਚ ਹੰਗਾਮਾ ਹੋਣ ਦੇ ਪੂਰੇ ਆਸਾਰ ਹਨ।

Related posts

Leave a Reply