ਵੱਡੀ ਖ਼ਬਰ : ਅੱਜ ਅਧਿਆਪਕ ਯੂਨੀਅਨ ਵਲੋਂ ਘਿਰਾਓ ਦੇ ਐਲਾਨ ਤੋਂ ਬਾਅਦ ਜ਼ਿਲ੍ਹਾ ਪੁਲਿਸ ਪ੍ਰਸ਼ਾਸ਼ਨ ਵੱਲੋਂ ਯੂਨੀਅਨ ਦੀ ਵਿਧਾਇਕ ਚੱਬੇਵਾਲ ਡਾ. ਰਾਜਕੁਮਾਰ ਨਾਲ਼ ਮੀਟਿੰਗ, ਭਖਦੀਆਂ ਮੰਗਾਂ ਦੇ ਹੱਲ

ਐੱਸ.ਸੀ./ਬੀ.ਸੀ. ਅਧਿਆਪਕ ਯੂਨੀਅਨ ਵਲੋਂ ਮੰਗਾਂ ਸੰਬੰਧੀ ਵਿਧਾਇਕ ਰਾਜਕੁਮਾਰ ਨਾਲ਼ ਮੀਟਿੰਗ

ਵਿਧਾਇਕ ਨੇ ਜ਼ਿਲ੍ਹੇ ਵਿੱਚ ਹੋਈਆਂ ਤਰੱਕੀਆਂ ਦੀ ਜਾਂਚ ਕਰਾਉਣ ਅਤੇ ਹੋਰ ਮੰਗਾਂ ਦੇ ਹੱਲ ਦਾ ਦਿੱਤਾ ਭਰੋਸਾ

ਹੁਸ਼ਿਆਰਪੁਰ (ਆਦੇਸ਼ ) ਐੱਸ. ਸੀ./ਬੀ. ਸੀ. ਅਧਿਆਪਕ ਯੂਨੀਅਨ ਪੰਜਾਬ ਜ਼ਿਲ੍ਹਾ ਇਕਾਈ ਹੁਸ਼ਿਆਰਪੁਰ ਵੱਲੋਂ ਆਪਣੀਆਂ ਭਖਦੀਆਂ ਮੰਗਾਂ ਦੇ ਹੱਲ ਲਈ ਦਿੱਤੇ ਵਿਧਾਇਕ ਚੱਬੇਵਾਲ ਡਾ. ਰਾਜਕੁਮਾਰ ਦੇ ਘਿਰਾਓ ਦੇ ਐਲਾਨ ਤੋਂ ਬਾਅਦ ਹਰਕਤ ਵਿੱਚ ਆਉਂਦਿਆਂ ਜ਼ਿਲ੍ਹਾ ਪੁਲਿਸ ਪ੍ਰਸ਼ਾਸ਼ਨ ਵੱਲੋਂ ਯੂਨੀਅਨ ਦੀ ਵਿਧਾਇਕ ਚੱਬੇਵਾਲ ਡਾ. ਰਾਜਕੁਮਾਰ ਨਾਲ਼ ਮੀਟਿੰਗ ਕਰਵਾਈ ਗਈ। ਐੱਸ.ਸੀ./ਬੀ.ਸੀ. ਅਧਿਆਪਕ ਯੂਨੀਅਨ ਪੰਜਾਬ ਜ਼ਿਲ੍ਹਾ ਇਕਾਈ ਹੁਸ਼ਿਆਰਪੁਰ ਵਲੋਂ ਜ਼ਿਲ੍ਹਾ ਪ੍ਰਧਾਨ ਕੁਲਵੰਤ ਸਿੰਘ ਜਲੋਟਾ ਦੀ ਅਗਵਾਈ ਵਿੱਚ ਹਲਕਾ ਚੱਬੇਵਾਲ ਦੇ ਵਿਧਾਇਕ ਡਾ. ਰਾਜ ਕੁਮਾਰ ਨੂੰ ਆਪਣੀਆਂ ਅਹਿਮ ਮੰਗਾਂ 85ਵੀਂ ਸੰਵਿਧਾਨਿਕ ਸੋਧ ਲਾਗੂ ਕਰਵਾਉਣ , ਐੱਸ. ਸੀ. ਵਿਦਿਆਰਥੀਆਂ ਦੇ ਵਜ਼ੀਫ਼ੇ ਜਾਰੀ ਕਰਵਾਉਣ, ਨਵੀਂ ਭਰਤੀ/ਤਰੱਕੀਆਂ ਵਿੱਚ ਰਿਜ਼ਰਵੇਸ਼ਨ/ਰੋਸਟਰ ਨੁਕਤੇ ਲਾਗੂ ਕਰਵਾਉਣ ਅਤੇ ਹੋਰ ਮੰਗਾਂ ਸਬੰਧੀ ਵਿਸਥਾਰ ਵਿੱਚ ਚਰਚਾ ਕੀਤੀ ਗਈ।

ਇਸ ਸਮੇਂ ਆਗੂਆਂ ਨੇ ਦੱਸਿਆ ਕਿ ਸਰਕਾਰ ਅਤੇ ਵੱਖ-ਵੱਖ ਵਿਭਾਗਾਂ ਵੱਲੋਂ ਐਸ.ਸੀ./ਬੀ.ਸੀ. ਸਮਾਜ ਦੇ ਮੁਲਾਜ਼ਮਾਂ ਨੂੰ ਅਣਗੌਲਿਆਂ ਕੀਤਾ ਜਾ ਰਿਹਾ ਹੈ ਅਤੇ ਸੰਵਿਧਾਨ ਨੂੰ ਛਿੱਕੇ ਟੰਗ ਕੇ ਨਵੀਆਂ ਭਰਤੀਆਂ ਅਤੇ ਤਰੱਕੀਆਂ ਸਮੇਂ ਰਾਖਵਾਂਕਰਨ ਨੀਤੀ ਅਤੇ ਰੋਸਟਰ ਸਿਸਟਮ ਦਾ ਖ਼ਿਆਲ ਨਹੀਂ ਰੱਖਿਆ ਜਾ ਰਿਹਾ। ਸੀਨੀਅਰ ਮੀਤ ਪ੍ਰਧਾਨ ਹੁਸ਼ਿਆਰਪੁਰ ਅਮਰਜੀਤ ਸਿੰਘ, ਜਨਰਲ ਸਕੱਤਰ ਵਿਪਨ ਸਨਿਆਲ ਅਤੇ ਪਰਵੀਨ ਕੁਮਾਰ‌ ਨੇ ਕਿਹਾ ਕਿ ਸਰਕਾਰ ਨੂੰ 10-10-2014 ਦਾ ਪੱਤਰ ਰੱਦ ਕਰਕੇ ਅਤੇ 85ਵੀਂ ਸੋਧ ਨੂੰ ਪਹਿਲ ਦੇ ਅਧਾਰ ਤੇ ਲਾਗੂ ਕਰਨਾ ਚਾਹੀਦਾ ਹੈ ।

ਵਿਧਾਇਕ ਡਾ. ਰਾਜ ਕੁਮਾਰ ਨੇ ਯੂਨੀਅਨ ਨੂੰ ਕਿਹਾ ਕਿ ਉਹ ਜ਼ਿਲ੍ਹੇ ਵਿੱਚ ਸਿੱਖਿਆ ਵਿਭਾਗ ਸਮੇਤ ਸਾਰੇ ਵਿਭਾਗਾਂ ਵਿੱਚ ਹੋਈਆਂ ਤਰੱਕੀਆਂ/ਭਰਤੀਆਂ ਦੀ ਜਾਂਚ ਕਰਵਾਉਣਗੇ, ਉਨ੍ਹਾਂ ਕਿਹਾ ਕਿ ਐੱਸ.ਸੀ. ਵਿਦਿਆਰਥੀਆਂ ਦੇ ਵਜ਼ੀਫ਼ੇ ਜਲਦ ਜਾਰੀ ਕਰ ਦਿੱਤੇ ਜਾਣਗੇ ਅਤੇ ਫ਼ੀਸ ਨਾ ਦੇਣ ਦੇ ਕਾਰਣ ਕਿਸੇ ਵੀ ਵਿਦਿਆਰਥੀ ਦੀ ਡਿਗਰੀ ਨਹੀਂ ਰੋਕੀ ਜਾਵੇਗੀ, ਜੇਕਰ ਕਿਸੇ ਸੰਸਥਾਨ ਵਲੋਂ ਅਜਿਹਾ ਕੀਤਾ ਜਾਂਦਾ ਹੈ ਤਾਂ ਪੀੜਤ ਵਿਦਿਆਰਥੀ ਮੇਰੇ ਨਾਲ਼ ਸੰਪਰਕ ਕਰਨ। ਉਨ੍ਹਾਂ ਕਿਹਾ ਕਿ ਆਪਣੇ ਸਮਾਜ ਦੀ ਗੱਲ ਸਰਕਾਰ ਨਾਲ ਕਰਕੇ ਉਪਰੋਕਤ ਮੰਗਾਂ ਨੂੰ ਹੱਲ ਕਰਵਾਉਣ ਲਈ ਪੂਰਾ ਜ਼ੋਰ ਲਗਾਉਣਗੇ। ਯੂਨੀਅਨ ਵੱਲੋਂ ਮੀਟਿੰਗ ਤੋਂ ਬਾਅਦ ਡਾ. ਰਾਜਕੁਮਾਰ ਨੂੰ ਮੰਗ ਪੱਤਰ ਵੀ ਦਿੱਤਾ ਗਿਆ।

ਇਸ ਮੌਕੇ ਹੋਰਨਾਂ ਤੋਂ ਇਲਾਵਾ ਜ਼ਿਲ੍ਹਾ ਜਨਰਲ ਸਕੱਤਰ ਵਿਪਨ ਸਨਿਆਲ, ਪ੍ਰਵੀਨ ਕਬੀਰਪੁਰ, ਪ੍ਰੈੱਸ ਸਕੱਤਰ ਸੁਰਜੀਤ ਰਾਜਾ, ਜ਼ਿਲ੍ਹਾ ਕਮੇਟੀ ਮੈਂਬਰ ਦਿਲਬਾਗ ਸਿੰਘ, ਸੁਖਦੇਵ ਸਿੰਘ ਕਾਜਲ, ਗੁਰਮੇਲ ਸਿੰਘ, ਰਾਜਿੰਦਰ ਸਿੰਘ ਤਲਵਾੜਾ, ਹਰਭਜਨ ਸਿੰਘ ਕਰਨੈਲ ਸਿੰਘ, ਪਰਮਜੀਤ ਸਿੰਘ, ਗੁਰਵਿੰਦਰ ਸਿੰਘ, ਕੁਲਦੀਪ ਸਿੰਘ, ਸੰਜੇ ਕੁਮਾਰ, ਬਲਜੀਤ ਸਿੰਘ ਜਹੂਰਾ, ਹਰਵਿੰਦਰ ਸਿੰਘ ਕਲਸੀ, ਅਸ਼ੋਕ ਕੁਮਾਰ, ਅਵਤਾਰ ਸਿੰਘ, ਸਵਰਨ ਚੰਦ ਅਤੇ ਹੋਰ ਆਗੂ ਵੀ ਹਾਜ਼ਰ ਸਨ।

Related posts

Leave a Reply