ਕੇਂਦਰ ਸਰਕਾਰ ਨੇ ਖਾਦਾਂ ਦੇ ਰੈਕ ਭੇਜਣ ਦੇ ਕੰਮ ਵਿੱਚ ਤੇਜ਼ੀ ਲਿਆਉਣ ਸਬੰਧੀ ਦਿੱਤੀ ਸਹਿਮਤੀ
ਚੰਡੀਗੜ੍ਹ, 12 ਨਵੰਬਰ:
ਪੰਜਾਬ ਦੇ ਖੇਤੀਬਾੜੀ ਮੰਤਰੀ ਦੀ ਮੰਗ ਨੂੰ ਪ੍ਰਵਾਨ ਕਰਦਿਆਂ ਕੇਂਦਰ ਸਰਕਾਰ ਨੇ ਪੰਜਾਬ ਨੂੰ ਡੀ-ਅਮੋਨੀਅਮ ਫਾਸਫੇਟ (ਡੀਏਪੀ) ਅਤੇ ਹੋਰ ਖਾਦਾਂ ਦੀ ਸਪਲਾਈ ਵਿੱਚ ਤੇਜ਼ੀ ਲਿਆਉਣ ਦਾ ਭਰੋਸਾ ਦਿੱਤਾ ਹੈ ਅਤੇ ਆਉਣ ਵਾਲੇ ਦਿਨਾਂ ਵਿੱਚ ਡੀਏਪੀ ਦੇ ਰੈਕ ਸੂਬੇ ਵਿੱਚ ਪਹਿਲ ਦੇ ਆਧਾਰ ’ਤੇ ਭੇਜੇ ਜਾਣਗੇ।
ਇਸ ਤੋਂ ਪਹਿਲਾਂ ਪੰਜਾਬ ਦੇ ਖੇਤੀਬਾੜੀ ਮੰਤਰੀ ਸ੍ਰੀ ਰਣਦੀਪ ਸਿੰਘ ਨਾਭਾ ਨੇ ਡੀਏਪੀ ਦੀ ਸਪਲਾਈ ਵਿੱਚ ਤੇਜ਼ੀ ਲਿਆਉਣ ਲਈ ਬੇਨਤੀ ਕੀਤੀ ਸੀ ਅਤੇ ਦੱਸਿਆ ਸੀ ਕਿ ਸੂਬੇ ਕੋਲ ਹਾੜੀ 2021-22 ਲਈ ਕੁੱਲ 5.50 ਲੱਖ ਮੀਟ੍ਰਿਕ ਟਨ (ਐਲਐਮਟੀ) ਡੀਏਪੀ ਦੀ ਬਕਾਇਆ ਅਲਾਟਮੈਂਟ ਹੈ ਪਰ ਸਾਨੂੰ ਸਿਰਫ਼ 1.51 ਲੱਖ ਮੀਟਰਕ ਟਨ ਡੀ.ਏ.ਪੀ.ਪ੍ਰਾਪਤ ਹੋਈ ਹੈ।
ਹੋਰ ਜਾਣਕਾਰੀ ਦਿੰਦਿਆਂ ਮੰਤਰੀ ਨੇ ਕਿਹਾ ਕਿ ਸੂਬੇ ਨੇ ਅਕਤੂਬਰ-2021 ਦੌਰਾਨ 2.75 ਲੱਖ ਮੀਟਰਕ ਟਨ ਡੀਏਪੀ ਦੀ ਮੰਗ ਕੀਤੀ ਸੀ, ਜਿਸ ਵਿੱਚੋਂ ਭਾਰਤ ਸਰਕਾਰ ਵੱਲੋਂ ਅਕਤੂਬਰ ਮਹੀਨੇ ਲਈ ਸਿਰਫ਼ 1.97 ਲੱਖ ਮੀਟਰਕ ਟਨ ਹੀ ਅਲਾਟ ਕੀਤੀ ਗਈ ਸੀ ਪਰ ਸਾਨੂੰ 1.51 ਲੱਖ ਮੀਟਰਕ ਟਨ ਪ੍ਰਾਪਤ ਹੋਈ।
ਇਸ ਨਾਲ ਸਿਰਫ ਅਕਤੂਬਰ ਵਿੱਚ 1.24 ਲੱਖ ਮੀਟਰਕ ਟਨ ਡੀਏਪੀ ਦੀ ਕਮੀ ਆਈ। ਉਹਨਾਂ ਅੱਗੇ ਕਿਹਾ ਕਿ ਰਾਜ ਨੇ ਨਵੰਬਰ 2021 ਲਈ ਪਹਿਲਾਂ ਹੀ 2.50 ਐਲਐਮਟੀ ਡੀਏਪੀ ਦੀ ਮੰਗ ਕੀਤੀ ਸੀ। ਜੇਕਰ ਅਸੀਂ ਅਕਤੂਬਰ-2021 ਦੀ ਘਾਟ ਨੂੰ ਜੋੜਦੇ ਹਾਂ, ਤਾਂ ਨਵੰਬਰ-2021 ਦੀ ਮੰਗ 3.74 ਐਲਐਮਟੀ ਤੱਕ ਵਧ ਜਾਂਦੀ ਹੈ। ਉਨ੍ਹਾਂ ਨੇ ਵਿਸ਼ੇਸ਼ ਤੌਰ ‘ਤੇ ਦੱਸਿਆ ਕਿ ਨਵੰਬਰ-2021 ਵਿੱਚ 3.74 ਲੱਖ ਮੀਟਰਕ ਟਨ ਦੀ ਲੋੜ ਦੇ ਮੁਕਾਬਲੇ 11 ਨਵੰਬਰ 2021 ਤੱਕ ਸਿਰਫ਼ 0.68 ਲੱਖ ਮੀਟਰਕ ਟਨ ਹੀ ਪ੍ਰਾਪਤ ਹੋਈ ਹੈ।
ਖੇਤੀਬਾੜੀ ਮੰਤਰੀ ਨੇ ਕਿਹਾ ਕਿ ਸੂਬੇ ਵਿੱਚ ਕਣਕ ਦੀ 85 ਫੀਸਦੀ ਬਿਜਾਈ 25 ਨਵੰਬਰ-2021 ਤੱਕ ਮੁਕੰਮਲ ਹੋ ਜਾਵੇਗੀ ਅਤੇ ਹੁਣ ਬਿਜਾਈ ਆਪਣੇ ਸਿਖਰ ‘ਤੇ ਹੈ। ਉਨ੍ਹਾਂ ਰਾਜ ਦੇ ਖੇਤੀਬਾੜੀ ਅਧਿਕਾਰੀਆਂ ਨੂੰ ਪਹਿਲਾਂ ਹੀ ਡੀ.ਏ.ਪੀ ਦੀ ਕਾਲਾਬਾਜ਼ਾਰੀ ਅਤੇ ਜ਼ਮ੍ਹਾਖੋਰੀ ਅਤੇ ਹੋਰ ਉਤਪਾਦਾਂ ਦੀ ਬੇਲੋੜੀ ਟੈਗਿੰਗ ‘ਤੇ ਸਖ਼ਤ ਨਜ਼ਰ ਰੱਖਣ ਲਈ ਨਿਰਦੇਸ਼ ਦਿੱਤੇ ਹਨ। ਉਨ੍ਹਾਂ ਚੇਤਾਵਨੀ ਦਿੱਤੀ ਕਿ ਡਿਫਾਲਟਰ ਡੀਲਰਾਂ/ਪੀਏਸੀਐਸ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ।
—————

EDITOR
CANADIAN DOABA TIMES
Email: editor@doabatimes.com
Mob:. 98146-40032 whtsapp