ਵੱਡੀ ਖ਼ਬਰ : ਨਾਗਰਿਕ ਸੇਵਾਵਾਂ ਦੇਣ ’ਚ ਸੂਬੇ ਪਹਿਲੇ ਦਰਜੇ ’ਤੇ ਆਇਆ ਹੁਸ਼ਿਆਰਪੁਰ : ਅਪਨੀਤ ਰਿਆਤ

ਨਾਗਰਿਕ ਸੇਵਾਵਾਂ ਦੇਣ ’ਚ ਸੂਬੇ ਪਹਿਲੇ ਦਰਜੇ ’ਤੇ ਆਇਆ ਹੁਸ਼ਿਆਰਪੁਰ : ਅਪਨੀਤ ਰਿਆਤ
ਡਿਪਟੀ ਕਮਿਸ਼ਨਰ ਨੇ ਬੇਹਤਰੀਨ ਸੇਵਾਵਾਂ ਦੇਣ ਦੇ ਲਈ ਸੇਵਾ ਕੇਂਦਰਾਂ ਦੇ ਸਟਾਫ ਦੀ ਕੀਤੀ ਸ਼ਲਾਘਾ
ਸੇਵਾ ਕੇਂਦਰਾਂ ਵਲੋਂ ਇਕ ਸਾਲ ’ਚ 254878 ਨਾਗਰਿਕਾਂ ਨੂੰ ਦਿੱਤੀਆਂ ਗਈਆਂ ਸੇਵਾਵਾਂ, 0.07 ਫੀਸਦੀ ਬਿਨੈਪੱਤਰ ਪੈਂਡਿੰਗ
ਕੋਵਿਡ ਨਿਰਦੇਸ਼ਾਂ ਦੀ ਪਾਲਣਾ ਕਰਦੇ ਹੋਏ 25 ਸੇਵਾ ਸੇਵਾ ਕੇਂਦਰ ਦੇ ਰਹੇ ਹਨ ਨਾਗਰਿਕ ਸੇਵਾਵਾਂ
ਕਿਹਾ, ਬਿਨੈਕਾਰ ਲੈ ਸਕਦੇ ਹਨ ਕੋਰੀਅਰ ਸਰਵਿਸ, ਆਨਲਾਈਨ ਸਮਾਂ ਲੈਣ ਲਈ ਲੋਕਾਂ ਦਾ ਸਹਿਯੋਗ
ਹੁਸ਼ਿਆਰਪੁਰ, 2 ਜੂਨ: ਡਿਪਟੀ ਕਮਿਸ਼ਨਰ ਅਪਨੀਤ ਰਿਆਤ ਨੇ ਦੱਸਿਆ ਕਿ ਕੋਵਿਡ-19 ਦੇ ਬਾਵਜੂਦ ਸੇਵਾ ਕੇਂਦਰਾਂ ਨੇ ਨਾਗਰਿਕਾਂ ਨੂੰ ਸਮੇਂ ਸਿਰ ਹਰ ਸੇਵਾ ਪ੍ਰਦਾਨ ਕੀਤੀ ਹੈ, ਜਿਸ ਦੇ ਸਿੱਟੇ ਵਜੋਂ ਅੱਜ ਜ਼ਿਲ੍ਹਾ 0.07 ਫੀਸਦੀ ਪੈਂਡੈਂਸੀ ਦੇ ਨਾਲ ਪੂਰੇ ਸੂਬੇ ਵਿਚੋਂ ਮੋਹਰੀ ਹੈ। ਉਨ੍ਹਾਂ ਕਿਹਾ ਕਿ ਵੱਖ-ਵੱਖ ਚੁਣੌਤੀਆਂ ਦੇ ਬਾਵਜੂਦ ਜ਼ਿਲ੍ਹੇ ਦੇ 25 ਸੇਵਾ ਕੇਂਦਰਾਂ ਵਿੱਚ ਲੋਕਾਂ ਨੂੰ 330 ਤਰ੍ਹਾਂ ਦੀਆਂ ਸੇਵਾਵਾਂ ਦਿੱਤੀਆਂ ਜਾ ਰਹੀਆਂ ਹਨ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਕੋਵਿਡ ਦੀ ਇਸ ਮੁਸ਼ਕਿਲ ਘੜੀ ਵਿੱਚ ਜ਼ਿਲ੍ਹੇ ਦੇ ਸਮੂਹ ਸੇਵਾ ਕੇਂਦਰਾਂ ਨੇ ਸ਼ਲਾਘਾਯੋਗ ਕੰਮ ਕਰਦੇ ਹੋਏ ਲੋਕਾਂ ਨੂੰ ਸਹੀ ਸਮੇਂ ’ਤੇ ਨਾਗਰਿਕ ਸੇਵਾਵਾਂ ਮੁਹੱਈਆ ਕਰਵਾਈਆਂ ਹਨ। ਉਨ੍ਹਾਂ ਕਿਹਾ ਕਿ 1 ਜੂਨ 2020 ਤੋਂ ਲੈ ਕੇ 1 ਜੂਨ 2021 ਤੱਕ ਜ਼ਿਲ੍ਹੇ ਦੇ ਕੁੱਲ 254878 ਅਰਜ਼ੀਆਂ ਪ੍ਰਾਪਤ ਹੋਈਆਂ, ਜਿਨ੍ਹਾਂ ਵਿਚੋਂ ਸਿਰਫ 170 ਅਰਜ਼ੀਆਂ ਪੈਂਡਿੰਗ ਹਨ, ਜਿਸ ਨਾਲ ਜ਼ਿਲ੍ਹੇ ਦੇ ਸੇਵਾ ਕੇਂਦਰਾਂ ਵਿੱਚ ਅਰਜ਼ੀਆਂ ਦੀ ਬਕਾਇਆ ਦਰ ਸਿਰਫ 0.07 ਫੀਸਦੀ ਹੈ। ਉਨ੍ਹਾਂ ਦੱਸਿਆ ਕਿ ਸੇਵਾ ਕੇਂਦਰਾਂ ਵਿੱਚ ਬਿਨੈਪੱਤਰਾਂ ਨੂੰ ਇਕ ਸਿਸਟਮ ਰਾਹੀਂ ਪਾਰਦਰਸ਼ਤਾ ਐਕਟ 2018 ਤਹਿਤ ਸਮੇਂਬੱਧ ਤਰੀਕੇ ਨਾਲ ਸੇਵਾਵਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਸਾਰੇ 25 ਸੇਵਾ ਕੇਂਦਰਾਂ ਵਿੱਚ ਨਾਗਰਿਕਾਂ ਦੀ ਸੁਵਿਧਾ ਅਤੇ ਕੋਵਿਡ ਦੇ ਮੱਦੇਨਜ਼ਰ ਜ਼ਰੂਰੀ ਪ੍ਰਬੰਧ ਅਮਲ ਵਿੱਚ ਲਿਆਂਦੇ ਗਏ ਹਨ। ਲੋਕਾਂ ਵਲੋਂ ਸੇਵਾਂ ਕੇਂਦਰਾਂ ਵਿੱਚ ਜ਼ਿਆਦਾਤਰ ਪ੍ਰਾਪਤ ਸੇਵਾਵਾਂ ਸਮਾਜਿਕ ਸੁਰੱਖਿਆ, ਖੇਤੀਬਾੜੀ, ਸਿਹਤ, ਗ੍ਰਹਿ, ਸਥਾਨਕ ਸਰਕਾਰਾਂ, ਮਾਲ, ਕਿਰਤ ਵਿਭਾਗ, ਟਰਾਂਸਪੋਰਟ, ਪੇਂਡੂ ਵਿਕਾਸ ਵਿਭਾਗ, ਸਾਂਝ ਕੇਂਦਰਾਂ ਅਤੇ ਅਥਾਰ ਕਾਰਡ ਵਿੱਚ ਸੋਧ ਨਾਲ ਸਬੰਧਤ ਹਨ। ਇਨ੍ਹਾਂ ਵਿੱਚ ਵਧੇਰੇ ਸੇਵਾਵਾਂ ਰਿਹਾਇਸ਼ੀ ਸਰਟੀਫਿਕੇਟ, ਜਨਮ ਸਰਟੀਫਿਕੇਟ, ਬੁਢਾਪਾ ਪੈਨਸ਼ਨ ਅਤੇ ਆਧਾਰ ਕਾਰਡ ਨਾਲ ਸਬੰਧਤ ਹਨ।
ਅਪਨੀਤ ਰਿਆਤ ਨੇ ਦੱਸਿਆ ਕਿ ਜ਼ਿਲ੍ਹੇ ਦੇ ਸੇਵਾ ਕੇਂਦਰਾਂ ਵਿੱਚ ਕੋਰੀਅਰ ਸੇਵਾਵਾਂ ਵੀ ਸ਼ੁਰੂ ਕੀਤੀਆਂ ਜਾ ਚੁੱਕੀਆਂ ਹਨ, ਜਿਸ ਤਹਿਤ ਕੋਈ ਵੀ ਪ੍ਰਾਰਥੀ ਆਪਣੀ ਮਰਜੀ ਨਾਲ ਕੋਰੀਅਰ ਰਾਹੀਂ ਘਰ ਬੈਠੇ ਹੀ ਸੇਵਾਵਾਂ ਪ੍ਰਾਪਤ ਕਰ ਸਕਦਾ ਹੈ। ਉਨ੍ਹਾਂ ਦੱਸਿਆ ਕਿ ਪਿਛਲੇ ਤਿੰਨ ਮਹੀਨਿਆਂ ਦੌਰਾਨ 6 ਹਜ਼ਾਰ ਤੋਂ ਵੱਧ ਬਿਨੈਪੱਤਰਾਂ ’ਤੇ ਕਾਗਜ਼ਾਤ ਬਿਨੈਕਾਰਾਂ ਦੇ ਘਰਾਂ ਤੱਕ ਪਹੁੰਚਾਏ ਜਾ ਚੁੱਕੇ ਹਨ। ਉਨ੍ਹਾਂ ਕਿਹਾ ਕਿ ਕੋਵਿਡ-19 ਮਹਾਂਮਾਰੀ ਦੌਰਾਨ ਸੂਬਾ ਸਰਕਾਰ ਦੇ ਫੈਸਲੇ ਅਨੁਸਾਰ ਸੇਵਾ ਕੇਂਦਰਾਂ ਵਿੱਚ ਸ਼ੁਰੂ ਕੀਤੇ ਗਏ ਆਨਲਾਈਨ ਸਮਾਂ ਲੈਣ ਦੀ ਵਿਧੀ ਦਾ ਲੋਕਾਂ ਨੇ ਸਮਰਥ ਕੀਤਾ ਹੈ ਜੋ ਕਿ ਲੋਕਾਂ ਲਈ ਬਹੁਤ ਹੀ ਆਸਾਨ ਅਤੇ ਲਾਭਦਾਇਕ ਹੈ।
ਜ਼ਿਲ੍ਹਾ ਗਵਰਨੈਂਸ ਕੋਆਰਡੀਨੇਟਰ ਰਣਜੀਤ ਸਿੰਘ ਨੇ ਦੱਸਿਆ ਕਿ ਡਿਪਟੀ ਕਮਿਸ਼ਨਰ ਦੀ ਅਗਵਾਈ ਵਿੱਚ ਜ਼ਿਲ੍ਹੇ ਦੇ ਸਾਰੇ ਸੇਵਾ ਕੇਂਦਰਾਂ ਵਿੱਚ ਕੋਵਿਡ ਨਿਯਮਾਂ ਦੀ ਪਾਲਣਾ ਕਰਦੇ ਹੋਏ ਜ਼ਰੂਰੀ ਨਾਗਰਿਕ ਸੇਵਾਵਾਂ ਬਿਨ੍ਹਾਂ ਕਿਸੇ ਦੇਰੀ ਅਤੇ ਪਾਰਦਰਸ਼ੀ ਤਰੀਕੇ ਨਾਲ ਦਿੱਤੀਆਂ ਜਾ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਲੋਕਾਂ ਦੀ ਸੁਵਿਧਾ ਅਨੁਸਾਰ ਟੈਂਟ ਆਦਿ ਦਾ ਵੀ ਵਿਸ਼ੇਸ਼ ਪ੍ਰਬੰਧ ਕੀਤਾ ਗਿਆ ਹੈ ਤਾਂ ਜੋ ਬਿਨੈਕਾਰ ਨੂੰ ਆਪਣੀ ਬਾਰੀ ਦਾ ਇੰਤਜਾਰ ਕਰਨ ਦੌਰਾਨ ਕਿਸੇ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। ਉਨ੍ਹਾਂ ਦੱਸਿਆ ਕਿ ਨਾਗਰਿਕ ਸੇਵਾਵਾਂ ਨਾਲ ਸਬੰਧਤ ਕਿਸੇ ਵੀ ਕਿਸਮ ਦੀ ਕੋਈ ਸ਼ਿਕਾਇਤ ਲਈ ਲੋਕ ਸੂਬਾ ਪੱਧਰੀ ਹੈਲਪ ਲਾਈਨ ਨੰਬਰ 1905 ’ਤੇ ਸੰਪਰਕ ਕਰ ਸਕਦੇ ਹਨ।

Related posts

Leave a Reply