ਵੱਡੀ ਖ਼ਬਰ : ਪੁਲਿਸ ਕਰਮਚਾਰੀਆਂ ਦੀ ਸੈਲਰੀ ‘ਚ 1.1 ਕਰੋੜ ਰੁਪਏ ਦਾ ਘਪਲਾ, ਹੁਣ ਮਾਸਟਰਮਾਈਂਡ ਖੋਲ੍ਹੇਗਾ ਰਾਜ਼

ਚੰਡੀਗੜ੍ਹ:  ਪੁਲਿਸ ਵਿਭਾਗ ‘ਚ ਕਰੋੜਾਂ ਰੁਪਏ ਦਾ ਘਪਲਾ ਕਰਨ ਵਾਲੇ ਦੋਸ਼ੀ ਹੈੱਡ ਕਾਂਸਟੇਬਲ ਨਰੇਸ਼ ਕੁਮਾਰ ਨੇ ਆਤਮ ਸਮਰਪਣ ਕਰ ਦਿੱਤਾ। ਪੁਲਿਸ ਨੇ ਅਦਾਲਤ ਤੋਂ ਉਸ ਦਾ ਛੇ ਦਿਨ ਦਾ ਰਿਮਾਂਡ ਹਾਸਲ ਕਰ ਲਿਆ ਹੈ।  ਪੁਲਿਸ ਸੂਤਰਾਂ ਅਨੁਸਾਰ ਕਰੀਬ 2 ਸਾਲ ਪਹਿਲਾਂ ਚੰਡੀਗੜ੍ਹ ਪੁਲਿਸ ਵਿਭਾਗ ਵਿਚ ਕਰੋੜਾਂ ਰੁਪਏ ਦਾ ਤਨਖ਼ਾਹ ਘੁਟਾਲਾ ਕਰਨ ਵਾਲੇ ਮੁਲਜ਼ਮ ਹੈੱਡ ਕਾਂਸਟੇਬਲ ਨਰੇਸ਼ ਕੁਮਾਰ ਦੇ ਨਾਲ ਪੁਲਿਸ ਵਿਭਾਗ ਦੇ ਹੋਰ ਲੋਕ ਵੀ ਇਸ ‘ਚ ਸ਼ਾਮਲ ਹੋ ਸਕਦੇ ਹਨ।  ਦੋਸ਼ੀ ਨਰੇਸ਼ ਨੇ ਜ਼ਿਲਾ ਅਦਾਲਤ ‘ਚ ਆਤਮ ਸਮਰਪਣ ਕਰ ਦਿੱਤਾ। ਉਹ ਦੋ ਮਹੀਨਿਆਂ ਤੋਂ ਫਰਾਰ ਸੀ।

ਦੋ ਸਾਲ ਪਹਿਲਾਂ ਪੁਲਿਸ ਨੂੰ ਸ਼ਿਕਾਇਤ ਮਿਲੀ ਸੀ ਕਿ ਮੁਲਾਜ਼ਮਾਂ ਦੇ ਖਾਤੇ ‘ਚ ਵੱਧ ਪੈਸੇ ਪਾ ਕੇ ਘਪਲਾ ਕੀਤਾ ਜਾ ਰਿਹਾ ਹੈ। ਇਸ ਤੋਂ ਬਾਅਦ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕੀਤੀ ਅਤੇ ਕੰਪਟਰੋਲਰ ਆਡੀਟਰ ਜਨਰਲ (ਕੈਗ) ਤੋਂ ਆਡਿਟ ਦੀ ਮੰਗ ਕੀਤੀ। ਆਡਿਟ ਰਿਪੋਰਟ ‘ਚ ਸਾਹਮਣੇ ਆਇਆ ਕਿ ਸਾਢੇ ਤਿੰਨ ਸਾਲਾਂ ‘ਚ 1.1 ਕਰੋੜ ਰੁਪਏ ਦਾ ਘਪਲਾ ਹੋਇਆ ਹੈ।

ਇਸ ਤੋਂ ਬਾਅਦ ਮਾਮਲੇ ‘ਚ ਐੱਸਆਈਟੀ ਦਾ ਗਠਨ ਕਰਕੇ ਮਾਮਲੇ ਦੀ ਜਾਂਚ ਕ੍ਰਾਈਮ ਬ੍ਰਾਂਚ ਨੂੰ ਸੌਂਪ ਦਿੱਤੀ ਗਈ ਸੀ। ਜਾਂਚ ‘ਚ ਪਤਾ ਲੱਗਾ ਕਿ 200 ਤੋਂ ਜ਼ਿਆਦਾ ਪੁਲਸ ਕਰਮਚਾਰੀਆਂ ਦੇ ਖਾਤੇ ‘ਚ ਜ਼ਿਆਦਾ ਤਨਖ਼ਾਹ ਜਮ੍ਹਾਂ ਹੈ। ਇਸ ਸਾਲ ਸਤੰਬਰ ਵਿਚ ਪੁਲਿਸ ਨੇ ਜੂਨੀਅਰ ਸਹਾਇਕ ਬਲਵਿੰਦਰ ਕੁਮਾਰ ਅਤੇ ਹੋਮ ਗਾਰਡ ਵਾਲੰਟੀਅਰ ਸੁਰਜੀਤ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਸੀ।

ਪੁਲਿਸ ਹੁਣ ਨਰੇਸ਼ ਵਿਰੁੱਧ ਆਮਦਨ ਤੋਂ ਵੱਧ ਜਾਇਦਾਦ ਦੀ ਵੀ ਜਾਂਚ ਕਰ ਰਹੀ ਹੈ। ਜਦੋਂ ਇਹ ਘੁਟਾਲਾ ਹੋਇਆ ਤਾਂ ਨਰੇਸ਼ ਪੁਲਿਸ ਵਿਭਾਗ ਦੀ ਅਕਾਊਂਟਸ ਸ਼ਾਖਾ ਵਿਚ ਤਾਇਨਾਤ ਸੀ। ਨਰੇਸ਼ ਖਿਲਾਫ਼ ਕੀਤੀ ਗਈ ਜਾਂਚ ‘ਚ ਪੁਲਸ ਨੂੰ ਪਤਾ ਲੱਗਾ ਹੈ ਕਿ ਇਨਕਮ ਟੈਕਸ ਰਿਟਰਨ ‘ਚ ਉਸ ਨੇ ਆਪਣੀ ਅਤੇ ਆਪਣੀ ਪਤਨੀ ਦੀ ਸਾਲਾਨਾ ਆਮਦਨ 45 ਲੱਖ ਰੁਪਏ ਦੱਸੀ ਸੀ ਪਰ ਉਸ ਨੇ ਡੇਢ ਕਰੋੜ ਰੁਪਏ ਦਾ ਨਿਵੇਸ਼ ਕੀਤਾ ਸੀ। ਇੰਨਾ ਹੀ ਨਹੀਂ, ਉਸ ਨੇ 23 ਲੱਖ ਰੁਪਏ ਦਾ ਕਰਜ਼ਾ ਲਿਆ ਸੀ ਜਿਸ ਨੂੰ ਉਸ ਨੇ ਸਿਰਫ 2 ਸਾਲਾਂ ‘ਚ ਵਾਪਸ ਕਰ ਦਿੱਤਾ ਸੀ । ਪੁਲਿਸ ਨੇ ਇਹ ਖੁਲਾਸਾ ਨਰੇਸ਼ ਦੀ ਅਗਾਊਂ ਜ਼ਮਾਨਤ ਪਟੀਸ਼ਨ ਦੇ ਜਵਾਬ ‘ਚ ਕੀਤਾ ਸੀ।

Related posts

Leave a Reply