ਵੱਡੀ ਖ਼ਬਰ : ਪ੍ਰਾਇਮਰੀ ਸਕੂਲ ਦੇ ਪੰਜ ਕੰਟਰੈਕਟ ਅਧਿਆਪਕਾਂ ਨੇ ਸਿੱਖਿਆ ਵਿਭਾਗ ਦੇ ਮੁੱਖ ਦਫਤਰ ਬਾਹਰ ਜ਼ਹਿਰ ਖਾ ਲਿਆ, ਦੋ ਦੀ ਹਾਲਤ ਨਾਜ਼ੁਕ

ਕੋਲਕਾਤਾ: ਪੱਛਮੀ ਬੰਗਾਲ ਦੇ ਇੱਕ ਪ੍ਰਾਇਮਰੀ ਸਕੂਲ ਸਿੱਖਿਆ ਕੇਂਦਰ ਦੇ ਪੰਜ ਕੰਟਰੈਕਟ ਅਧਿਆਪਕਾਂ ਨੇ  ਸਿੱਖਿਆ ਵਿਭਾਗ ਦੇ ਮੁੱਖ ਦਫਤਰ ਬਾਹਰ ਕਥਿਤ ਤੌਰ ‘ਤੇ ਜ਼ਹਿਰ ਖਾ ਲਿਆ। ਇਹ ਸਾਰੇ ਅਧਿਆਪਕ ਨੌਕਰੀ ਸਬੰਧੀ ਆਪਣੀਆਂ ਮੰਗਾਂ ਨੂੰ ਲੈ ਕੇ ਸਿੱਖਿਆ ਵਿਭਾਗ ਦੇ ਮੁੱਖ ਦਫਤਰ ਦੇ ਬਾਹਰ ਪ੍ਰਦਰਸ਼ਨ ਕਰ ਰਹੇ ਸਨ। ਸਾਰਿਆਂ ਨੂੰ ਸਰਕਾਰੀ ਹਸਪਤਾਲ ਲਿਜਾਇਆ ਗਿਆ, ਜਿੱਥੇ ਉਨ੍ਹਾਂ ਵਿੱਚੋਂ ਦੋ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ।

ਇਹ ਘਟਨਾ ਵਿਕਾਸ ਭਵਨ ਦੇ ਸਾਹਮਣੇ ਵਾਪਰੀ ਜਦੋਂ ਸਕੂਲ ਦੇ ਕੁਝ ਕੰਟਰੈਕਟ ਅਧਿਆਪਕ ਆਪਣੇ ਘਰਾਂ ਤੋਂ ਤਕਰੀਬਨ 600 ਤੋਂ 700 ਕਿਲੋਮੀਟਰ ਦੂਰ ਦੁਰਾਡੇ ਇਲਾਕਿਆਂ ਵਿੱਚ ਉਨ੍ਹਾਂ ਦੇ ਕਥਿਤ ਤਬਾਦਲੇ ਵਿਰੁੱਧ ਅਧਿਆਪਕ ਓਕਿਆ ਮੰਚ (ਅਧਿਆਪਕ ਏਕਤਾ ਮੰਚ) ਦੇ ਬੈਨਰ ਹੇਠ ਅੰਦੋਲਨ ਕਰ ਰਹੇ ਸਨ। ਜਦੋਂ ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਰੋਹ ਵਿੱਚ ਆਏ ਅਧਿਆਪਕਾਂ ਨੂੰ ਖਿੰਡਾਉਣ ਦੀ ਕੋਸ਼ਿਸ਼ ਕੀਤੀ ਤਾਂ ਪੰਜ ਮਹਿਲਾ ਅਧਿਆਪਕਾਂ ਨੇ ਜ਼ਹਿਰ ਦੀ ਬੋਤਲ ਕੱਢ ਕੇ ਪੀ ਲਈ।

ਪੁਲਿਸ ਅਨੁਸਾਰ ਉਨ੍ਹਾਂ ਵਿੱਚੋਂ ਤਿੰਨ ਮੌਕੇ ‘ਤੇ ਬੇਹੋਸ਼ ਹੋ ਗਈ। ਉਨ੍ਹਾਂ ਨੂੰ ਤੁਰੰਤ ਬਿਧਾਨਨਗਰ ਸਬ-ਡਵੀਜ਼ਨਲ ਹਸਪਤਾਲ ਲਿਜਾਇਆ ਗਿਆ, ਪਰ ਉਨ੍ਹਾਂ ਵਿੱਚੋਂ ਦੋ ਦੀ ਹਾਲਤ ਜ਼ਿਆਦਾ ਖਰਾਬ ਹੋਣ ਉਤੇ ਐਨਆਰਐਸ ਮੈਡੀਕਲ ਕਾਲਜ ਅਤੇ ਹਸਪਤਾਲ ਵਿੱਚ ਭੇਜ ਦਿੱਤਾ ਗਿਆ, ਜਦੋਂ ਕਿ ਬਾਕੀਆਂ ਨੂੰ ਮੈਡੀਕਲ ਕਾਲਜ ਹਸਪਤਾਲ ਵਿੱਚ ਭੇਜਿਆ ਗਿਆ।

ਕੰਟਰੈਕਟ ਅਧਿਆਪਕ, ਜੋ ਸਰਕਾਰੀ ਪੇ-ਰੋਲ ਵਿੱਚ ਨਹੀਂ ਹਨ ਪਰ ਉਨ੍ਹਾਂ ਨੂੰ 10,000 ਰੁਪਏ ਤੋਂ 15,000 ਰੁਪਏ ਪ੍ਰਤੀ ਮਹੀਨਾ ਦੇ ਵਿਚਕਾਰ ਤਨਖਾਹ ਦਿੱਤੀ ਜਾਂਦੀ ਹੈ। ਉਹ ਲੰਮੇ ਸਮੇਂ ਤੋਂ ਸਥਾਈ ਨੌਕਰੀਆਂ ਅਤੇ ਤਨਖਾਹ ਵਿੱਚ ਵਾਧੇ ਸਮੇਤ ਕਈ ਮੁੱਦਿਆਂ ‘ਤੇ ਅੰਦੋਲਨ ਕਰ ਰਹੇ ਹਨ। ਇੱਕ ਅੰਦੋਲਨਕਾਰੀ ਅਧਿਆਪਕ ਨੇ ਕਿਹਾ, “ਅਸੀਂ ਠੇਕੇ ‘ਤੇ ਰੱਖੇ ਅਧਿਆਪਕ ਹਾਂ। ਜੇਕਰ ਨਵੀਂ ਸਿੱਖਿਆ ਨੀਤੀ ਲਾਗੂ ਹੁੰਦੀ ਹੈ ਤਾਂ ਸਾਨੂੰ ਰੁਜ਼ਗਾਰ ਨਹੀਂ ਮਿਲੇਗਾ। ਅਸੀਂ ਲੰਮੇ ਸਮੇਂ ਤੋਂ ਸਰਕਾਰ ਨੂੰ ਸਾਡੀਆਂ ਮੰਗਾਂ ਸੁਣਨ ਦੀ ਮੰਗ ਕਰ ਰਹੇ ਹਾਂ, ਪਰ ਇਹ ਕੋਈ ਧਿਆਨ ਦੇਣ ਲਈ ਤਿਆਰ ਨਹੀਂ ਹੈ।” ਇਕ ਹੋਰ ਅਧਿਆਪਕ ਨੇ ਕਿਹਾ, “ਹਾਲ ਹੀ ਵਿੱਚ ਅਸੀਂ ਵਿਰੋਧ ਕੀਤਾ ਸੀ ਅਤੇ ਉਸ ਤੋਂ ਬਾਅਦ ਅਧਿਆਪਕਾਂ ਦਾ ਤਬਾਦਲਾ ਕਰ ਦਿੱਤਾ ਗਿਆ ਸੀ।”

ਇਸ ਘਟਨਾ ਨੇ ਸਿਆਸੀ ਹਲਕਿਆਂ ਵਿੱਚ ਬਹਿਸ ਛੇੜ ਦਿੱਤੀ ਹੈ।

Related posts

Leave a Reply