ਵੱਡੀ ਖ਼ਬਰ : ਫਰਜ਼ੀ ਪੁਲਿਸ ਇੰਸਪੈਕਟਰਾਂ ਦਾ ਗਿਰੋਹ ਕਾਬੂ, ਹੂਟਰ ਲੱਗੀ ਗੱਡੀ ‘ਚ ਬੈਠਦੇ ਤੇ ਨਸ਼ਾ ਕਰਨ ਵਾਲੇ ਨੌਜਵਾਨਾਂ ਕੋਲੋਂ ਕਰਦੇ ਸਨ ਵਸੂਲੀ

ਲੁਧਿਆਣਾ :ਥਾਣਾ ਡਾਬਾ ਦੀ ਪੁਲਿਸ ਨੇ ਇਕ ਅਜਿਹੇ ਫਰਜ਼ੀ ਪੁਲਿਸ ਇੰਸਪੈਕਟਰਾਂ ਦਾ ਗਿਰੋਹ ਕਾਬੂ ਕੀਤਾ ਹੈ ਜੋ ਇੰਸਪੈਕਟਰਾਂ ਦਾ ਰੂਪ ਧਾਰਨ ਕਰ ਕੇ ਹੂਟਰ ਲੱਗੀ ਗੱਡੀ ਚ ਬੈਠਦੇ ਤੇ ਨਸ਼ਾ ਕਰਨ ਵਾਲੇ ਨੌਜਵਾਨਾਂ ਕੋਲੋਂ ਵਸੂਲੀ ਕਰਦੇ।

ਪੁਲਿਸ ਦੇ ਮੁਤਾਬਕ ਗ੍ਰਿਫਤਾਰ ਕੀਤੇ ਗਏ ਮੁਲਜ਼ਮਾਂ ਦੀ ਪਛਾਣ ਡਾਬਾ ਰੋਡ ਦੇ ਵਾਸੀ ਮਨਪ੍ਰੀਤ ਸਿੰਘ, ਐਸਏਐਸ ਕਲੋਨੀ ਦੇ ਰਹਿਣ ਵਾਲੇ ਸੰਤੋਸ਼ ਕੁਮਾਰ, ਪਿੱਪਲ ਚੌਕ ਦੇ ਵਾਸੀ ਰਾਕੇਸ਼ ਕੁਮਾਰ ਤੇ ਲਛਮਣ ਨਗਰ ਦੇ ਰਹਿਣ ਵਾਲੇ ਅਜੇ ਕੁਮਾਰ ਵਜੋਂ ਹੋਈ ਹੈ। ਪੁਲਿਸ ਨੇ ਗ੍ਰਿਫ਼ਤਾਰ ਕੀਤੇ ਮੁਲਜ਼ਮਾਂ ਦੇ ਕਬਜ਼ੇ ਚੋਂ ਹੂਟਰ ਲੱਗੀ ਕਾਰ ਤੇ ਵਸੂਲੀ ਦੀ ਰਕਮ ਚੋਂ 28500 ਬਰਾਮਦ ਕਰ ਲਏ ਹਨ।

 ਪੁਲਿਸ ਨੂੰ ਇਤਲਾਹ ਮਿਲੀ ਕਿ 33 ਫੁੱਟਾ ਰੋਡ ਬਾਪੂ ਮਾਰਕੀਟ ਦੇ ਲਾਗੇ ਕਾਰ ਸਵਾਰ ਕੁਝ ਵਿਅਕਤੀ ਆਪਣੇ-ਆਪ ਨੂੰ ਪੁਲਿਸ ਇੰਸਪੈਕਟਰ ਦੱਸ ਰਹੇ ਹਨ। ਉਨ੍ਹਾਂ ਦੀ ਕਾਰ ਉੱਪਰ ਸਪਾਕਿੰਗ ਲਾਈਟ ਤੇ ਹੂਟਰ ਵੀ ਲੱਗਾ ਹੋਇਆ ਹੈ। ਪੁਲਿਸ ਨੂੰ ਇਹ ਵੀ ਜਾਣਕਾਰੀ ਮਿਲੀ ਕਿ ਮੁਲਜ਼ਮਾਂ ਨੇ ਮੂੰਹ ਉੱਪਰ ਪੁਲਿਸ ਦਾ ਲੋਗੋ ਲੱਗੇ ਮਾਸਕ ਪਾਏ ਹੋਏ ਹਨ ਤੇ ਮੁਲਜ਼ਮ ਇਲਾਕੇ ਚ ਘੁੰਮ ਕੇ ਨਸ਼ਾ ਕਰਨ ਵਾਲੇ ਨੌਜਵਾਨਾਂ ਨੂੰ ਮੁਕੱਦਮਾ ਦਰਜ ਕਰਨ ਦਾ ਡਰ ਦਿਖਾ ਕੇ ਉਨ੍ਹਾਂ ਕੋਲੋਂ ਵਸੂਲੀ ਕਰ ਰਹੇ ਹਨ।

ਜਾਣਕਾਰੀ ਤੋਂ ਬਾਅਦ ਥਾਣਾ ਡਾਬਾ ਦੇ ਇੰਚਾਰਜ ਮਨਿੰਦਰ ਕੌਰ ਮੌਕੇ ਤੇ ਪਹੁੰਚੇ ਤੇ ਕਾਰ ਸਮੇਤ ਚਾਰਾਂ ਮੁਲਜ਼ਮਾਂ ਨੂੰ ਹਿਰਾਸਤ ਚ ਲਿਆ। ਇਸ ਮਾਮਲੇ ਚ ਪੁਲਿਸ ਨੇ ਮੁਲਜ਼ਮਾਂ ਦੇ ਕਬਜ਼ੇ ਚੋਂ ਵਸੂਲੀ ਦੀ ਰਾਸ਼ੀ ਵੀ ਬਰਾਮਦ ਕੀਤੀ ਹੈ। ਜੁਆਇੰਟ ਕਮਿਸ਼ਨਰ ਸਚਿਨ ਗੁਪਤਾ ਇਸ ਮਾਮਲੇ ਸਬੰਧੀ ਦੁਪਹਿਰੇ 1 ਵਜੇ ਪ੍ਰੈੱਸ ਕਾਨਫਰੰਸ ਕਰਨਗੇ।

Related posts

Leave a Reply