ਵੱਡੀ ਖ਼ਬਰ : ਮੁੱਖ ਮੰਤਰੀ ਚੰਨੀ 5 ਦਾਗੀ ਮੰਤਰੀਆਂ ਉਪਰ ਮੁਕੱਦਮੇ ਦਰਜ ਕਰਕੇ ਸਿੱਧ ਕਰਨ ਕਿ ਉਹ ਕੈਪਟਨ ਵਾਂਗ ‘ਅਲੀ ਬਾਬਾ’ ਨਹੀਂ : ਹਰਪਾਲ ਸਿੰਘ ਚੀਮਾ

ਚੰਡੀਗੜ੍ਹ : ਆਮ ਆਦਮੀ ਪਾਰਟੀ ਪੰਜਾਬ ਦੇ ਸੀਨੀਅਰ ਆਗੂ ਅਤੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ  ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਚੁਣੌਤੀ ਦਿੰਦਿਆਂ ਕੈਪਟਨ ਮੰਤਰੀ ਮੰਡਲ ਦੇ ਪੰਜ ਦਾਗੀ ਮੰਤਰੀਆਂ ਉਪਰ ਮੁਕੱਦਮੇ ਦਰਜ ਕਰਕੇ ਸਲਾਖ਼ਾਂ ਪਿੱਛੇ ਸੁੱਟਣ ਅਤੇ ਸੂਬੇ ਦੇ ਲੁੱਟੇ ਅਰਬਾਂ ਰੁਪਏ ਦੀ ਵਸੂਲੀ ਕਰਨ ਦੀ ਮੰਗ ਕੀਤੀ ਹੈ।

ਅੱਜ ਬੁੱਧਵਾਰ ਨੂੰ ਪਾਰਟੀ ਦੇ ਮੁੱਖ ਦਫ਼ਤਰ ਵਿੱਚ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ  ਕੈਪਟਨ ਅਮਰਿੰਦਰ ਸਿੰਘ ਸਮੇਤ ਉਸਦੀ ਸਾਰੀ ਕੈਬਨਿਟ ਅਤੇ ਬਹੁਤੇ ਕਾਂਗਰਸੀ ਵਿਧਾਇਕਾਂ ਨੇ ਬਾਦਲਾਂ ਵਾਂਗ ਪੰਜਾਬ ਅਤੇ ਪੰਜਾਬ ਦੇ ਲੋਕਾਂ ਨੂੰ ਰੱਜ ਕੇ ਲੁੱਟਿਆ, ਪ੍ਰੰਤੂ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ, ਬਲਬੀਰ ਸਿੰਘ ਸਿੱਧੂ, ਰਾਣਾ ਗੁਰਮੀਤ ਸਿੰਘ ਸੋਢੀ, ਭਾਰਤ ਭੂਸ਼ਣ ਆਸ਼ੂ ਅਤੇ ਸ਼ਾਮ ਸੁੰਦਰ ਅਰੋੜਾ ਵਿਰੁੱਧ ਤਾਂ ਸਬੂਤਾਂ  ਦੇ ਪੁਲੰਦੇ ਜਨਤਕ ਹੋ ਚੁੱਕੇ ਹਨ। ਆਮ ਆਦਮੀ ਪਾਰਟੀ ਨਾ ਕੇਵਲ ਇਨ੍ਹਾਂ ਮੰਤਰੀਆਂ ਵਿਰੁੱਧ ਪੰਜਾਬ ਸਰਕਾਰ ਅਤੇ ਰਾਜਪਾਲ ਪੰਜਾਬ ਕੋਲੋਂ ਬਰਖ਼ਾਸਤਗੀ ਅਤੇ ਕਾਰਵਾਈ ਮੰਗਦੀ ਆ ਰਹੀ ਹੈ ਅਤੇ ਇਨ੍ਹਾਂ ਭ੍ਰਿਸ਼ਟ ਮੰਤਰੀਆਂ ਸਮੇਤ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀਆਂ ਰਿਹਾਇਸ਼ਾਂ ਵੀ ਘੇਰਦੀ ਆ ਰਹੀ ਹੈ, ਪ੍ਰੰਤੂ ਕੈਪਟਨ ਅਮਰਿੰਦਰ ਸਿੰਘ ਇਨ੍ਹਾਂ ਨੂੰ ਆਪਣੀ ਕੁਰਸੀ ਲਈ ਬਚਾਉਂਦੇ ਰਹੇ।

ਇਸ ਲਈ ਨਵੇਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਲਈ ਇਹ ਪਰਖ਼ ਦੀ ਘੜੀ ਹੈ ਕਿ ਉਹ ਪੰਜਾਬ ਅਤੇ ਪੰਜਾਬੀਆਂ ਦੇ ਹਿੱਤਾਂ ਲਈ ਇਨ੍ਹਾਂ ਭ੍ਰਿਸ਼ਟਾਚਾਰੀਆਂ ਵਿਰੁੱਧ ਮੁਕੱਦਮੇ ਦਰਜ ਕਰਕੇ ਜੇਲ੍ਹਾਂ ਵਿੱਚ ਸੁੱਟਦੇ ਹਨ ਜਾਂ ਫਿਰ ਦੁਬਾਰਾ ਵਜ਼ੀਰੀਆਂ ਬਖ਼ਸ਼ ਕੇ ਕੈਪਟਨ ਅਮਰਿੰਦਰ ਸਿੰਘ ਵਾਂਗ ਖ਼ੁਦ ਨੂੰ ਨਵੇਂ ‘ਅਲੀ ਬਾਬਾ’ ਸਿੱਧ ਕਰਦੇ ਹਨ।

Related posts

Leave a Reply