ਵੱਡੀ ਖ਼ਬਰ : ਸਿੱਖਿਆ ਮੰਤਰੀ ਪਰਗਟ ਸਿੰਘ ਦੀ ਪਤਨੀ ਵਰਿੰਦਰਪ੍ਰੀਤ ਕੌਰ ਨੇ ਕਿਹਾ, ਸਾਰੇ ਹੀ ਸਿਆਸਤਦਾਨ ਫੜ ਕੇ ਕੁੱਟਣ ਯੋਗ, ਸਿੱਖਿਆ ਮੰਤਰੀ ਨੂੰ ਨਹੀਂ ਮਿਲੇਗੀ ਰੋਟੀ

ਜਲੰਧਰ :‘ਸਾਰੇ ਹੀ ਸਿਆਸਤਦਾਨ ਫੜ ਕੇ ਕੁੱਟਣ ਵਾਲੇ ਹਨ’, ਇਨ੍ਹਾਂ ਸ਼ਬਦਾਂ ਵਾਲੀ ਵੀਡੀਓ ਸੋਸ਼ਲ ਮੀਡੀਆ ’ਤੇ ਕਾਫੀ ਵਾਇਰਲ ਹੋ ਰਹੀ ਹੈ। ਇਹ ਵੀਡੀਓ ਕਿਸੇ ਹੋਰ ਦੀ ਨਹੀਂ ਬਲਕਿ ਜਲੰਧਰ ਛਾਉਣੀ ਹਲਕੇ ਤੋਂ ਕਾਂਗਰਸੀ ਵਿਧਾਇਕ ਤੇ ਓਲੰਪੀਅਨ ਪਰਗਟ ਸਿੰਘ ਦੀ ਪਤਨੀ ਵਰਿੰਦਰਪ੍ਰੀਤ ਕੌਰ ਵੱਲੋਂ ਕਹੇ ਗਏ ਉਕਤ ਸ਼ਬਦਾਂ ਦੀ ਹੈ।

ਇਹ ਸ਼ਬਦ ਵਰਿੰਦਰਪ੍ਰੀਤ ਕੌਰ ਨੇ ਉਨ੍ਹਾਂ ਦੇ ਘਰ ਬਾਹਰ ਧਰਨੇ ’ਤੇ ਬੈਠੇ ਬੀਐੱਡ ਟੈੱਟ ਪਾਸ ਬੇਰੁਜ਼ਗਾਰ ਅਧਿਆਪਕਾਂ ਨਾਲ ਗੱਲਬਾਤ ਦੌਰਾਨ ਕਹੇ। ਜਦੋਂ ਉਕਤ ਧਰਨਾਕਾਰੀ ਬੇਰੁਜ਼ਗਾਰ ਅਧਿਆਪਕ ਕਾਲੀ ਦੀਵਾਲੀ ਮਨਾਉਣ ਲਈ ਸਿੱਖਿਆ ਮੰਤਰੀ ਪਰਗਟ ਸਿੰਘ ਦੀ ਕੋਠੀ ਦੇ ਬਾਹਰ ਧਰਨਾ ਲਾ ਕੇ ਬੈਠੇ ਹੋਏ ਸਨ ਤਾਂ ਸਿੱਖਿਆ ਮੰਤਰੀ ਦੀ ਪਤਨੀ ਵਰਿੰਦਰਪ੍ਰੀਤ ਕੌਰ ਖ਼ੁਦ ਧਰਨਾਕਾਰੀ ਬੇਰੁਜ਼ਗਾਰ ਅਧਿਆਪਕਾਂ ਵਿਚਕਾਰ ਆਏ ਅਤੇ ਉਨ੍ਹਾਂ ਨੂੰ ਚਾਹ ਪਾਣੀ ਬਾਰੇ ਪੁੱਛਿਆ ਤਾਂ ਧਰਨਾਕਾਰੀਆਂ ਦੇ ਆਗੂਆ ਨੇ ਕਿਹਾ ਕਿ ਉਹ ਆਪਣੇ ਮੰਤਰੀ ਪਤੀ ਨੂੰ ਕਹਿ ਕੇ ਉਨ੍ਹਾਂ ਦੀ ਜਾਇਜ਼ ਮੰਗ ਪੂਰੀ ਕਰਵਾ ਦੇਣ ਤਾਂ ਜੋ ਉਨ੍ਹਾਂ ਦੀਆਂ ਰੋਟੀਆਂ ਲੱਗ ਜਾਣ।

ਇਸ ’ਤੇ ਵਰਿੰਦਰਪ੍ਰੀਤ ਕੌਰ ਨੇ ਕਿਹਾ ਕਿ ਉਨ੍ਹਾਂ ਦੇ ਵੱਸ ਦੀ ਗੱਲ ਨਹੀਂ ਹੈ ਅਤੇ ਵਾਰ-ਵਾਰ ਕਹਿ ਕੇ ਸ਼ਰਮਿੰਦਿਆਂ ਨਾ ਕਰੋ। ਜਦੋਂ ਆਗੂ ਨੇ ਕਿਹਾ ਕਿ ਤੁਸੀਂ ਅਜਿਹਾ ਕਰਵਾ ਸਕਦੇ ਹੋ ਤਾਂ ਵਰਿੰਦਰਪ੍ਰੀਤ ਕੌਰ ਨੇ ਹੱਸਦੇ ਹੋਏ ਕਿਹਾ ਕਿ ਅੱਜ ਤੁਹਾਡੇ ਮੰਤਰੀ ਸਾਬ੍ਹ ਨੂੰ ਵੀ ਰੋਟੀ ਨਹੀਂ ਦਿਆਂਗੀ। ਧਰਨਾਕਾਰੀਆ ਵੱਲੋਂ ਆਪਣੀਆ ਪਤਨੀਆਂ, ਬੱਚਿਆਂ ਤੇ ਬਜ਼ੁਰਗ ਮਾਤਾ-ਪਿਤਾ ਨਾਲ ਠੰਢ ਦੇ ਮੌਸਮ ’ਚ ਰਾਤ ਵੇਲੇ ਨਾਲ ਲਿਆਉਣ ’ਤੇ ਇਹ ਤਰਕ ਦਿੱਤਾ ਕਿ ਬੱਚਿਆਂ ਤੇ ਬਜ਼ੁਰਗਾਂ ਨੂੰ ਆਪਣੀ ਇਸ ਲਡ਼ਾਈ ਵਿਚ ਨਹੀਂ ਲਿਆਉਣਾ ਚਾਹੀਦਾ ਸੀ ਤਾਂ ਉਕਤ ਆਗੂ ਨੇ ਕਿਹਾ ਕਿ ਕਈ ਬੇਰੁਜ਼ਗਾਰ ਅਧਿਆਪਕਾਂ ਦੀਆਂ ਪਤਨੀਆ ਵੀ ਬੇਰੁਜ਼ਗਾਰ ਅਧਿਆਪਕਾਂ ’ਚ ਸ਼ਾਮਲ ਹਨ।

ਮਾਪੇ ਵੀ ਆਪਣੇ ਬੇਰੁਜ਼ਗਾਰ ਧੀਆਂ-ਪੁੱਤਾਂ ਦਾ ਸਾਥ ਦੇਣ ਲਈ ਆਏ ਹੋਏ ਹਨ। ਜੇਕਰ ਮੰਤਰੀ ਸਾਬ੍ਹ ਸਮਝਦੇ ਹਨ ਕਿ ਉਨ੍ਹਾਂ ਦੀ ਮੰਗ ਕਾਨੂੰਨੀ ਤੌਰ ’ਤੇ ਗ਼ਲਤ ਹੈ ਤਾਂ ਦੱਸਣ। ਇਸ ਲਈ ਕਾਨੂੰਨ ਮੁਤਾਬਕ ਉਨ੍ਹਾਂ ਨੂੰ ਨੌਕਰੀ ਦਿੱਤੀ ਜਾਵੇ। ਜੇਕਰ ਸਿੱਖਿਆ ਮੰਤਰੀ ਉਨ੍ਹਾਂ ਦੀ ਨੌਕਰੀ ਲਗਵਾ ਦੇਣਗੇ ਤਾਂ ਉਹ ਪਰਗਟ ਸਿੰਘ ਦੇ ਹੱਕ ’ਚ ਜੈਕਾਰੇ ਬੁਲਾਉਂਦੇ ਹੋਏ ਇੱਥੋਂ ਜਾਣਗੇ। ਇਸ ’ਤੇ ਵਰਿੰਦਰਪ੍ਰੀਤ ਕੌਰ ਨੇ ਕਿਹਾ ਕਿ ‘ਮੰਤਰੀ ਕੀ ਸਾਰੇ ਹੀ ਸਿਆਸਤਦਾਨ ਹੀ ਫਡ਼ ਕੇ ਕੁੱਟਣ ਵਾਲੇ ਹਨ।’

Related posts

Leave a Reply