ਵੱਡੀ ਖ਼ਬਰ : ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਹੁਣ ਵੀਡੀਓ ਕਾਨਫ਼ਰੰਸਿੰਗ ਰਾਹੀਂ ਵਿਆਹਾਂ ਦੀ ਰਜਿਸਟ੍ਰੇਸ਼ਨ ਦੀ ਇਜਾਜ਼ਤ ਦਿੱਤੀ

ਚੰਡੀਗੜ੍ਹ: ਕੋਵਿਡ-19 ਮਹਾਮਾਰੀ ਦੇ ਚੱਲਦਿਆਂ ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਹੁਣ ਵੀਡੀਓ ਕਾਨਫ਼ਰੰਸਿੰਗ ਰਾਹੀਂ ਵਿਆਹਾਂ ਦੀ ਰਜਿਸਟ੍ਰੇਸ਼ਨ ਦੀ ਇਜਾਜ਼ਤ ਦੇ ਦਿੱਤੀ ਹੈ। ਹਾਈਕੋਰਟ ਦੇ ਡਿਵੀਜ਼ਨ ਬੈਂਚ ਨੇ ਉਹ ਫ਼ੈਸਲਾ ਪਲਟ ਦਿੱਤਾ, ਜਿਸ ਰਾਹੀਂ ਵਿਆਹ ਦੀ ਈ-ਰਜਿਸਟ੍ਰੇਸ਼ਨ ਦੀ ਇਜਾਜ਼ਤ ਦੇਣ ਤੋਂ ਇਨਕਾਰ ਕਰ ਦਿੱਤਾ ਗਿਆ ਸੀ। ਸਿੰਗਲ ਬੈਂਚ ਨੇ ਤਦ ਦਲੀਲ ਦਿੱਤੀ ਸੀ ਕਿ ਵਿਆਹ ਵਾਲੇ ਲਾੜਾ ਤੇ ਲਾੜੀ ਨਾਲ ਸਬੰਧਤ ਦੋਵੇਂ ਧਿਰਾਂ ਨੂੰ ਮੈਰਿਜ ਆਫ਼ੀਸਰ ਸਾਹਮਣੇ ਮੌਜੂਦ ਹੋ ਕੇ ‘ਵਿਆਹ ਸਰਟੀਫ਼ਿਕੇਟ ਵਾਲੀ ਪੁਸਤਿਕਾ’ ਉੱਤੇ ਹਸਤਾਖਰ ਕਰਨ ਤੋਂ ਛੋਟ ਨਹੀਂ ਦਿੱਤੀ ਜਾ ਸਕਦੀ।

ਜਸਟਿਸ ਰਿਤੂ ਬਾਹਰੀ ਤੇ ਜਸਟਿਸ ਅਰਚਨਾ ਪੁਰੀ ਦੇ ਬੈਂਚ ਨੇ ਕਈ ਫ਼ੈਸਲਿਆਂ ਦਾ ਜ਼ਿਕਰ ਕਰਦਿਆਂ ਫ਼ੈਸਲਾ ਸੁਣਾਇਆ ਕਿ ਇਹ ਸੰਭਵ ਹੈ ਕਿ ਭਾਰਤ ਵਿੱਚ ਕੋਈ ਵੀ ਵਿਅਕਤੀ ਹਜ਼ਾਰਾਂ ਕਿਲੋਮੀਟਰ ਦੂਰ ਰਹਿੰਦਾ ਹੋਇਆ ਵੀ ਕਿਸੇ ਹੋਰ ਧਿਰ ਨਾਲ ਤੁਰੰਤ ਗੱਲਬਾਤ ਕਰ ਸਕਦਾ ਹੈ।

ਅਦਾਲਤ ਨੇ ਕਿਹਾ ਕਿ ਤਕਨਾਲੋਜੀ ਨੇ ਇਹ ਸੁਵਿਧਾ ਹੁਣ ਦੇ ਦਿੱਤੀ ਹੈ ਕਿ ਸਬੰਧਤ ਦਸਤਾਵੇਜ਼ਾਂ ਨੂੰ ਡਿਜੀਟਲ ਤਰੀਕੇ ਤਸਦੀਕ (ਅਟੈਸਟ) ਤੇ ਪ੍ਰਮਾਣਿਤ ਕੀਤਾ ਜਾ ਸਕੇ। ਇਸ ਦੌਰਾਨ ਇੰਟਰਨੈੱਟ ਰਾਹੀਂ ਸਾਰੀ ਟ੍ਰਾਂਸਮਿਸ਼ਨ ਵੀ ਸੁਰੱਖਿਅਤ ਰਹਿੰਦੀ ਹੈ। ਸੂਚਨਾ ਤੇ ਤਕਨਾਲੋਜੀ ਕਾਨੂੰਨ ਇਸੇ ਲਈ ਪਾਸ ਕੀਤਾ ਗਿਆ ਸੀ। ਇੰਝ ਹੀ ਦੂਰ ਬੈਠੇ ਜੋੜਿਆਂ ਦੇ ਵਿਆਹਾਂ ਦੀ ਰਜਿਸਟ੍ਰੇਸ਼ਨ ਵੀ ਹੋ ਸਕਦੀ ਹੈ।

Related posts

Leave a Reply