ਵੱਡੀ ਖ਼ਬਰ : ਹੁਸ਼ਿਆਰਪੁਰ ਵਿੱਚ ਜਲਦ ਹੀ ਟਾਰਗੇਟ ਵੈਕਸੀਨੇਸ਼ਨ ਕੀਤੀ ਜਾਵੇਗੀ, ਜ਼ਿਲ੍ਹੇ ਵਿੱਚ 27 ਮਾਈਕ੍ਰੋ ਕੰਟੇਨਮੈਂਟ ਜ਼ੋਨ, 34 ਹਾਟ ਸਪਾਟ : ਡਿਪਟੀ ਕਮਿਸ਼ਨਰ ਅਪਨੀਤ ਰਿਆਤ

ਜ਼ਿਲ੍ਹੇ ’ਚ ਕੋਵਿਡ ਬਚਾਅ ਸਬੰਧੀ ਵੈਕਸੀਨੇਸ਼ਨ ਦੀਆਂ ਦਿੱਤੀਆਂ ਜਾ ਚੁੱਕੀਆਂ ਹਨ 60 ਹਜ਼ਾਰ ਡੋਜ਼ਾਂ, 45 ਸਾਲ ਤੋਂ ਵੱਧ ਉਮਰ ਦੇ ਲੋਕਾਂ ਦੀ ਵੀ ਹੋਵੇਗੀ ਵੈਕਸੀਨੇਸ਼ਨ : ਅਪਨੀਤ ਰਿਆਤ
-ਡਿਪਟੀ ਕਮਿਸ਼ਨਰ ਨੇ ਕੋਵਿਡ ਦੇ ਫੈਲਾਅ ਨੂੰ ਰੋਕਣ ਲਈ ਲੋਕਾਂ ਨੂੰ ਸਰਕਾਰ ਵਲੋਂ ਜਾਰੀ ਹਦਾਇਤਾਂ ਦੀ ਗੰਭੀਰਤਾ ਨਾਲ ਪਾਲਣਾ ਕਰਨ ਲਈ ਕਿਹਾ
-ਹਫ਼ਤਾਵਰੀ ਫੇਸਬੁੱਕ ਸੈਸ਼ਨ ਦੌਰਾਨ ਕੀਤਾ ਜ਼ਿਲ੍ਹਾ ਵਾਸੀਆਂ ਨੂੰ ਸੰਬੋਧਨ
-ਕਿਹਾ, ਕੋਵਿਡ ਮਰੀਜ਼ਾਂ ਲਈ ਜ਼ਿਲ੍ਹੇ ਦੇ ਸਰਕਾਰੀ ਹਸਪਤਾਲਾਂ ’ਚ ਆਕਸੀਜਨ ਵਾਲੇ 220 ਬੈਡ ਹਨ ਉਪਲਬੱਧ
-ਕੋਵਿਡ ਦੇ ਲੱਛਣ ਆਉਣ ’ਤੇ ਮਰੀਜ ਜ਼ਰੂਰ ਕਰਵਾਉਣ ਕੋਵਿਡ ਟੈਸਟ

ਹੁਸ਼ਿਆਰਪੁਰ ਵਿੱਚ ਜਲਦ ਹੀ ਟਾਰਗੇਟ ਵੈਕਸੀਨੇਸ਼ਨ ਕੀਤੀ ਜਾਵੇਗੀ, ਜ਼ਿਲ੍ਹੇ ਵਿੱਚ 27 ਮਾਈਕ੍ਰੋ ਕੰਟੇਨਮੈਂਟ ਜ਼ੋਨ, 34 ਹਾਟ ਸਪਾਟ : ਡਿਪਟੀ ਕਮਿਸ਼ਨਰ ਅਪਨੀਤ ਰਿਆਤ
ਹੁਸ਼ਿਆਰਪੁਰ, 25 ਮਾਰਚ (ਆਦੇਸ਼ ) :
ਡਿਪਟੀ ਕਮਿਸ਼ਨਰ ਅਪਨੀਤ ਰਿਆਤ ਨੇ ਕਿਹਾ ਕਿ ਜ਼ਿਲ੍ਹੇ ਵਿੱਚ ਕੋਵਿਡ ਬਚਾਅ ਸਬੰਧੀ ਵੈਕਸੀਨੇਸ਼ਨ ਦਾ ਕੰਮ ਸੁਚਾਰੂ ਢੰਗ ਨਾਲ ਚੱਲ ਰਿਹਾ ਹੈ ਅਤੇ ਹੁਣ ਤੱਕ ਵੈਕਸੀਨੇਸ਼ਨ ਦੀਆਂ 60 ਹਜ਼ਾਰ ਡੋਜ਼ਾਂ ਦਿੱਤੀਆਂ ਜਾ ਚੁੱਕੀਆਂ ਹਨ। ਉਨ੍ਹਾਂ ਕਿਹਾ ਕਿ ਸਰਕਾਰ ਵਲੋਂ ਘੋਸ਼ਣਾ ਕੀਤੀ ਜਾ ਚੁੱਕੀ ਹੈ ਕਿ 45 ਸਾਲ ਤੋਂ ਵੱਧ ਦੀ ਉਮਰ ਦਾ ਕੋਈ ਵੀ ਵਿਅਕਤੀ ਵੈਕਸੀਨੇਸ਼ਨ ਕਰਵਾ ਸਕਦਾ ਹੈ। ਇਸ ਸਬੰਧ ਵਿੱਚ ਆਉਣ ਵਾਲੇ ਦਿਨਾਂ ਵਿੱਚ ਜਲਦ ਹੀ ਟਾਰਗੇਟ ਵੈਕਸੀਨੇਸ਼ਨ ਕੀਤੀ ਜਾਵੇਗੀ, ਜਿਸ ਵਿੱਚ ਦੁਕਾਨਦਾਰ, ਕੈਮਿਸਟ ਐਸੋਸੀਏਸ਼ਨ ਅਤੇ ਹੋਰ ਵਰਗਾਂ ਦੇ ਨਾਲ ਮਿਲ ਕੇ ਵੈਕਸੀਨੇਸ਼ਨ ਦੇ ਵਿਸ਼ੇਸ਼ ਸੈਸ਼ਨ ਲਗਾਏ ਜਾਣਗੇ ਤਾਂ ਜੋ ਵੱਧ ਤੋਂ ਵੱਧ ਲਾਭਪਾਤਰੀਆਂ ਨੂੰ ਕਵਰ ਕੀਤਾ ਜਾ ਸਕੇ। ਉਹ ਆਪਣੇ ਹਫ਼ਤਾਵਰੀ ਫੇਸਬੁੱਕ ਲਾਈਵ ਦੌਰਾਨ ਕੋਵਿਡ ਦੀ ਤਾਜ਼ਾ ਸਥਿਤੀ ਦੇ ਬਾਰੇ ਵਿੱਚ ਜ਼ਿਲ੍ਹਾ ਵਾਸੀਆਂ ਨੂੰ ਜਾਣੂ ਕਰਵਾ ਰਹੇ ਸਨ। ਇਸ ਦੌਰਾਨ ਉਨ੍ਹਾਂ ਨੇ ਲੋਕਾਂ ਨੂੰ ਹਾਲ ਹੀ ਵਿੱਚ ਸਰਕਾਰ ਵਲੋਂ ਜਾਰੀ ਸਾਰੀਆਂ ਹਦਾਇਤਾਂ ਦੀ ਗੰਭੀਰਤਾ ਨਾਲ ਪਾਲਣਾ ਕਰਨ ਲਈ ਕਿਹਾ ਤਾਂ ਜੋ ਕੋਵਿਡ ਦੇ ਫੈਲਾਅ ਨੂੰ ਰੋਕਣ ਵਿੱਚ ਕਾਰਗਰ ਭੂਮਿਕਾ ਨਿਭਾਈ ਜਾ ਸਕੇ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸ ਸਮੇਂ ਜ਼ਿਲ੍ਹੇ ਵਿੱਚ 27 ਮਾਈਕ੍ਰੋ ਕੰਟੇਨਮੈਂਟ ਜ਼ੋਨ ਹਨ, ਜਿਥੇ ਲਗਾਤਾਰ ਸੈਂਪÇਲੰਗ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ ਜ਼ਿਲ੍ਹੇ ਵਿੱਚ 34 ਹਾਟ ਸਪਾਟ ਹਨ। ਉਨ੍ਹਾਂ ਜ਼ਿਲ੍ਹਾ ਵਾਸੀਆਂ ਨੂੰ ਸਮਾਜਿਕ ਇਕੱਠ ਕਰਨ ਸਬੰਧੀ ਸਰਕਾਰੀ ਹਦਾਇਤਾਂ ਦੀ ਪਾਲਣਾ ਕਰਨ ਲਈ ਕਿਹਾ ਅਤੇ ਚੇਤਾਵਨੀ ਦਿੱਤੀ ਕਿ ਉਲੰਘਣਾ ਕਰਨ ਵਾਲਿਆਂ ਖਿਲਾਫ ਸਖ਼ਤ ਕਾਰਵਾਈ ਕੀਤੀ  ਜਾਵੇਗੀ। ਉਨ੍ਹਾਂ ਕਿਹਾ ਕਿ ਪਿਛਲੇ ਕੁਝ ਦਿਨਾਂ ਵਿੱਚ ਕੋਰੋਨਾ ਸਬੰਧੀ ਮਾਮਲੇ ਲਗਾਤਾਰ ਵੱਧ ਰਹੇ ਹਨ, ਇਸ ਲਈ ਸਾਨੂੰ ਭੀੜ-ਭਾੜ ਵਾਲੀਆਂ ਥਾਵਾਂ ਤੋਂ ਇਲਾਵਾ ਬਿਨ੍ਹਾਂ ਵਜ੍ਹਾ ਬਾਹਰ ਜਾਣ ਤੋਂ ਬਚਣਾ ਚਾਹੀਦਾ ਹੈ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਦੇ ਸਰਕਾਰੀ ਹਸਪਤਾਲਾਂ ਵਿੱਚ ਆਕਸੀਜਨ ਵਾਲੇ 220 ਬੈਡ ਉਪਲਬੱਧ ਹਨ, ਪਰ ਦੇਖਣ ਵਿੱਚ ਆਇਆ ਹੈ ਕਿ ਮਰੀਜ ਕਈ ਬਾਰ ਦੇਰੀ ਨਾਲ ਹਸਪਤਾਲ ਵਿੱਚ ਦਾਖਲ ਹੁੰਦੇ ਹਨ। ਇਸ ਲਈ ਜੇਕਰ ਤੁਹਾਡੇ ਵਿੱਚ ਕੋਵਿਡ ਦੇ ਲੱਛਣ ਦਿਖਣ ਤਾਂ ਤੁਰੰਤ ਟੈਸਟ ਕਰਵਾਓ ਅਤੇ ਡਾਕਟਰ ਦੀ ਸਲਾਹ ਨਾਲ ਹੀ ਇਲਾਜ ਕਰਵਾਓ।
ਅਪਨੀਤ ਰਿਆਤ ਨੇ ਦੱਸਿਆ ਕਿ ਕੋਵਿਡ ਦੀ ਦੂਜੀ ਲਹਿਰ ਤੋਂ ਬਚਣ ਲਈ ਪਹਿਲਾਂ ਤੋਂ ਵੀ ਵੱਧ ਸਾਵਧਾਨੀ ਅਪਣਾਉਣ ਦੀ ਲੋੜ ਹੈ। ਇਸ ਲਈ ਸਰਕਾਰ ਵਲੋਂ ਲਗਾਏ ਗਏ ਨਾਈਟ ਕਰਫਿਊ ਤੋਂ ਇਲਾਵਾ ਜਾਰੀ ਹੋਰ ਹਦਾਇਤਾਂ ਦੀ ਪੂਰੀ ਪਾਲਣਾ ਕੀਤੀ ਜਾਵੇ ਅਤੇ ਮਾਸਕ ਪਹਿਨਣ ਦੇ ਨਾਲ-ਨਾਲ ਸਮਾਜਿਕ ਇਕੱਠ ਤੋਂ ਬਚਿਆ ਜਾਵੇ। ਉਨ੍ਹਾਂ ਕਿਹਾ ਕਿ ਵੈਕਸੀਨੇਸ਼ਨ ਨੂੰ ਲੈ ਕੇ ਲੋਕਾਂ ਵਿੱਚ ਕਾਫੀ ਡਰ ਹੈ, ਇਸ ਲਈ ਉਹ ਇਸ ਸਬੰਧੀ ਕਿਸੇ ਦੀਆਂ ਸੁਣੀਆਂ ਸੁਣਾਈਆਂ ਗੱਲਾਂ ’ਤੇ ਯਕੀਨ ਨਾ ਕਰਨ ਅਤੇ ਐਕਸਪਰਟ ਤੋਂ ਹੀ ਰਾਏ ਲਈ ਜਾਵੇ ਜਾਂ ਚਰਚਾ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਜ਼ਿਲ੍ਹੇ ਵਿੱਚ 60 ਹਜ਼ਾਰ ਡੋਜ਼ਾਂ ਲੱਗ ਚੁੱਕੀਆਂ ਹਨ ਪਰ ਹੁਣ ਤੱਕ ਇਕ ਵੀ ਮਾਮਲਾ ਸਾਹਮਣੇ ਨਹੀਂ ਆਇਆ, ਜਿਸ ਵਿੱਚ ਕਿਸੇ ਦੀ ਵੈਕਸੀਨੇਸ਼ਨ ਦੇ ਚੱਲਦੇ ਸਿਹਤ ਖਰਾਬ ਹੋਈ ਹੋਵੇ ਜਾਂ ਸਾਈਡ ਇਫੈਕਟ ਹੋਇਆ ਹੋਵੇ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਕੋਈ ਵੀ ਵੈਕਸੀਨੇਸ਼ਨ ਇਹ ਦਾਅਵਾ ਨਹੀਂ ਕਰਦੀ ਕਿ ਉਸ ਨਾਲ 100 ਫੀਸਦੀ ਸੁਰੱਖਿਆ ਮਿਲਦੀ ਹੈ ਪਰ ਉਸ ਨਾਲ ਐਨੀ ਸੁਰੱਖਿਆ ਜ਼ਰੂਰ ਮਿਲਦੀ ਹੈ ਕਿ ਤੁਹਾਨੂੰ ਹਸਪਤਾਲ ਨਾ ਜਾਣਾ ਪਵੇ ਅਤੇ ਤੁਹਾਡੀ ਸਿਹਤ ਨਾ ਖਰਾਬ ਹੋਵੇ। ਇਸ ਲਈ ਅਫਵਾਹਾ ’ਤੇ ਧਿਆਨ ਨਾ ਦਿੱਤਾ ਜਾਵੇ ਅਤੇ ਯੋਗ ਲਾਭਪਾਤਰੀ ਵੈਕਸੀਨੇਸ਼ਨ ਜ਼ਰੂਰ ਕਰਵਾਉਣ। ਉਨ੍ਹਾਂ ਕਿਹਾ ਕਿ ਹੈਲਥ ਅਤੇ ਫਰੰਟ ਲਾਈਨ ਵਰਕਰ ਤੋਂ ਇਲਾਵਾ ਸਾਰੇ ਲਾਭਪਾਤਰੀ ਵੈਕਸੀਨੇਸ਼ਨ ਕਰਵਾ ਰਹੇ ਹਨ। ਉਨ੍ਹਾਂ ਅਪੀਲ ਕਰਦਿਆਂ ਕਿਹਾ ਕਿ ਕੋਵਿਡ ਤੋਂ ਬਚਾਅ ਲਈ ਵੈਕਸੀਨੇਸ਼ਨ ਕਰਵਾਓ ਅਤੇ ਸਰਕਾਰ ਵਲੋਂ ਸਮੇਂ-ਸਮੇਂ ’ਤੇ ਜਾਰੀ ਹਦਾਇਤਾਂ ਦੀ ਪਾਲਣਾ ਕਰੋ ਤਾਂ ਹੀ ਕੋਵਿਡ ਦੇ ਖਿਲਾਫ ਜੰਗ ਵਿੱਚ ਫਤਿਹ ਪਾਈ ਜਾ ਸਕਦੀ ਹੈ।

Related posts

Leave a Reply