ਸ਼ਹੀਦਾਂ ਦੀ ਸਮਾਧ ‘ਤੇ ਪਏ ਗੁਟਕਾ ਸਾਹਿਬਾਂ ਦੀ ਹੋਈ ਬੇਅਦਬੀ

ਸੰਗਰੂਰ : 

ਨੇੜਲੇ ਪਿੰਡ ਭੱੱਟੀਵਾਲ ਕਲਾਂ ‘ਚ  ਪਿੰਡ ਦੇ ਨੇੜੇ ਖੇਤਾਂ ‘ਚ ਬਣੀ ਸ਼ਹੀਦਾਂ ਦੀ ਸਮਾਧ ‘ਤੇ ਪਏ 3 ਗੁਟਕਾ ਸਾਹਿਬਾਂ ‘ਚੋਂ ਦੋ ਦੀ ਬੇਦਅਬੀ ਹੋਣ ਦੀ ਮੰਦਭਾਗੀ ਘਟਨਾ ਸਾਹਮਣੇ ਆਈ ਹੈ। ਬੇਅਦਬੀ ਦੀ ਵਾਪਰੀ ਮੰਦਭਾਗੀ ਘਟਨਾ ਦਾ ਪਤਾ ਲੱਗਦਿਆਂ ਹੀ ਲੋਕਾਂ ਵੱਲੋਂ ਇਸਦੀ ਜਾਣਕਾਰੀ ਪੁਲਿਸ ਨੂੰ ਦਿੱਤੀ ਗਈ ਜਿਸ ਉਪਰੰਤ ਪੁਲਿਸ ਪ੍ਰਸ਼ਾਸਨ ਨੇ ਮੌਕੇ ‘ਤੇ ਪਹੁੰਚ ਕੇ ਖਿਲਰੇ ਗੁਟਕਾ ਸਾਹਿਬ ਦੇ ਅੰਗਾਂ ਨੂੰ ਆਪਣੇ ਅਧੀਨ ਕਰਦਿਆਂ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ। ਮੰਦਭਾਗੀ ਘਟਨਾ ਸੰਬੰਧੀ ਜਾਣਕਾਰੀ ਦਿੰਦਿਆਂ ਕਿਸਾਨ ਆਗੂ ਗੁਰਚੇਤ ਸਿੰਘ, ਸੁਰਜੀਤ ਸਿੰਘ, ਸੋਹਣ ਸਿੰਘ, ਸ਼ਿਵਦਿਆਲ ਸਿੰਘ ਸਾਬਕਾ ਪੰਚ, ਮੋਹਨ ਸਿੰਘ, ਬਾਰੂ ਸਿੰਘ ਸਮੇਤ ਹੋਰ ਪਿੰਡ ਵਾਸੀਆਂ ਨੇ ਦੱਸਿਆ ਕਿ ਉਨਾਂ੍ਹ ਦੇ ਪਿੰਡ ਤੋਂ ਨਰੈਣਗੜ੍ਹ ਨੂੰ ਜਾਂਦੀ ਸੜਕ ਨੇੜੇ ਸੁਰਜੀਤ ਸਿੰਘ ਅਤੇ ਸੋਹਣ ਸਿੰਘ ਦੇ ਖੇਤਾਂ ‘ਚ ਸ਼ਹੀਦਾਂ ਦੀ ਸਮਾਧ ਬਣੀ ਹੋਈ ਹੈ ਜਿੱਥੇ ਲੋਕ ਮੱਥਾ ਟੇਕਦੇ ਹਨ ਤੇ ਸਮਾਥ ਨੇੜੇ ਬਣੇ ਕਮਰਿਆਂ ਨੂੰ ਸੰਗਤ ਵੱਲੋਂ ਦਸਵੀਂ ਵਾਲੇ ਦਿਨ ਹੀ ਖੋਲਿ੍ਹਆ ਜਾਂਦਾ ਹੈ। ਸਮਾਧ ਨੇੜੇ ਬਣੀ ਅਲਮਾਰੀ ‘ਚ ਧਾਰਮਿਕ ਗੁਟਕਾ ਸਾਹਿਬ ਰੱਖੇ ਹੋਏ ਸਨ ਤੇ ਸੰਗਤ ਵੱਲੋਂ ਗੁਰਬਾਣੀ ਪੜੀ ਜਾਂਦੀ ਹੈ।

ਲੋਕਾਂ ਨੇ ਦੱਸਿਆ ਕਿ ਅੱਜ ਦਸਵੀਂ ਕਰਕੇ ਜਦੋਂ ਸੰਗਤ ਉੱਥੇ ਮੱਥਾ ਟੇਕਣ ਲਈ ਆਈ ਤਾਂ ਦੇਖਿਆ ਕਿ ਉੱਥੇ ਪਏ 3 ਗੁਟਕਾ ਸਾਹਿਬਾਂ ‘ਚੋਂ 1 ਗੁਟਕਾ ਸਾਹਿਬ ਦੇ ਪੱਤਰੇ ਗਾਇਬ ਸਨ ਸਿਰਫ਼ ਜਿਲਦ ਪਈ ਸੀ ਅਤੇ ਦੂਜੇ ਗੁਟਕਾ ਸਾਹਿਬ ਦੇ ਅੰਗ ਪਾੜ ਕੇ ਨੇੜੇ ਹੀ ਖਿਲਾਰੇ ਪਏ ਸਨ ਤੇ ਜਦੋਂਕਿ ਤੀਜੇ ਗੁਟਕਾ ਸਾਹਿਬ ਨਾਲ ਕੋਈ ਵੀ ਛੇੜਛਾੜ ਨਹੀਂ ਕੀਤੀ ਗਈ ਸੀ। ਇਸ ਤੋੰ ਇਲਾਵਾ ਪਿੰਡ ਵਾਸੀਆਂ ਨੇ ਦੱਸਿਆ ਕਿ ਅਣਪਛਾਤੇ ਲੋਕਾਂ ਵੱਲੋੰ ਸਮਾਧ ਦੇ ਗੋਲਕ ਨੂੰ ਵੀ ਤੋੜਨ ਦੀ ਕੋਸ਼ਿਸ਼ ਕੀਤੀ ਗਈ ਪਰ ਸਫਲ ਨਾ ਹੋ ਸਕੇ। ਓਧਰ, ਸਿੱਖ ਪ੍ਰਚਾਰਕ ਅਤੇ ਦਰਬਾਰ-ਏ-ਖਾਲਸਾ ਦੇ ਮੁੱਖ ਸੇਵਾਦਾਰ ਭਾਈ ਹਰਜਿੰਦਰ ਸਿੰਘ ਮਾਝੀ ਨੇ ਬੇਅਦਬੀ ਦੀ ਇਸ ਘਟਨਾ ਦੀ ਨਿਖ਼ੇਧੀ ਕਰਦਿਆਂ ਆਖਿਆ ਕਿ ਗੁਟਕਾ ਸਾਹਿਬ ਨੂੰ ਇਸ ਤਰਾਂ੍ਹ ਸੁਨਸਾਨ ਥਾਂ ‘ਤੇ ਰੱਖ ਕੇ ਆਉਣਾ ਵੀ ਮੰਦਭਾਗਾ ਹੈ ਕਿਉਂਕਿ ਜੇਕਰ ਸੰਗਤ ਸੁਰੱਖਿਆ ਨਹੀਂ ਕਰ ਸਕਦੀ ਤਾਂ ਗੁਟਕਾ ਸਾਹਿਬ ਨੂੰ ਉੱਥੇ ਨਹੀਂ ਰੱਖਣਾ ਚਾਹੀਦਾ ਸੀ। ਪੁਲਿਸ ਨੇ ਕਾਰਵਾਈ ਕਰਦਿਆਂ ਮਾਮਲੇ ਸਬੰਧੀ ਧਾਰਾ 295 ਤੇ 457 ਅਧੀਨ ਪਰਚਾ ਦਰਜ ਕਰਕੇ ਘਟਨਾ ਨੂੰ ਅੰਜਾਮ ਦੇਣ ਵਾਲੇ ਵਿਅਕਤੀਆਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।

 
 
 
 

Related posts

Leave a Reply

Social Media Auto Publish Powered By : XYZScripts.com