ਸਰਕਾਰੀ ਸਕੂਲਾਂ ‘ਚ ਪੜ੍ਹਦੇ ਹਰ ਬੱਚੇ ਦੇ ਘਰ ਹੋਈ ‘ਹੈਲੋ-ਹੈਲੋ’

ਸਰਕਾਰੀ ਸਕੂਲਾਂ ‘ਚ ਪੜ੍ਹਦੇ ਹਰ ਬੱਚੇ ਦੇ ਘਰ ਹੋਈ ‘ਹੈਲੋ-ਹੈਲੋ’
ਅਧਿਆਪਕਾਂ ਤੇ ਮਾਪਿਆਂ ਨੇ ਬੱਚਿਆਂ ਦੇ ਸਰਵਪੱਖੀ ਵਿਕਾਸ ਬਾਰੇ ਕੀਤੀਆਂ ਵਿਚਾਰਾਂ
ਸਿੱਖਿਆ ਵਿਭਾਗ ਦੀ ਮਾਪੇ-ਅਧਿਆਪਕਾ ਰਾਬਤਾ ਮੁਹਿੰਮ ਤੋਂ ਮਾਪੇ ਬਾਗ਼ੋ-ਬਾਗ਼
24027 ਵਿਦਿਆਰਥੀਆਂ ਦੇ ਮਾਪਿਆਂ ਨਾਲ ਪ੍ਰਾਇਮਰੀ ਅਧਿਆਪਕਾਂ ਨੇ ਰਾਬਤਾ ਬਣਾਇਆ
 
ਪਠਾਨਕੋਟ, 31 ਮਈ (ਰਾਜਿੰਦਰ ਰਾਜਨ ਬਿਊਰੋ )
ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲਾਂ ਦੇ ਸਕੂਲ ਮੁਖੀਆਂ ਅਤੇ ਅਧਿਆਪਕਾਂ ਨੇ ਸਿੱਖਿਆ ਵਿਭਾਗ ਦੀ ਮਾਪੇ-ਅਧਿਆਪਕ ਰਾਬਤਾ ਮੁਹਿੰਮ ਨੂੰ ਅਮਲੀ ਜਾਮਾ ਪਹਿਨਾ ਕੇ ਜ਼ਿਲ੍ਹਾ ਪਠਾਨਕੋਟ ਦੇ 24027 ਵਿਦਿਆਰਥੀਆਂ ਦੇ ਮਾਪਿਆਂ ਨੂੰ ਉਹਨਾਂ ਦੇ ਬੱਚਿਆਂ ਦੀ ਪੜ੍ਹਾਈ ਅਤੇ ਸਿਹਤ ਸੰਭਾਲ ਬਾਰੇ ਅਗਵਾਈ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ।
 
ਸਿੱਖਿਆ ਵਿਭਾਗ ਵੱਲੋਂ 24 ਤੋਂ 31 ਮਈ ਤੱਕ ਕਰਵਾਈ ਗਈ ਮਾਪੇ ਅਧਿਆਪਕ ਰਾਬਤਾ ਮੁਹਿੰਮ ਵਿੱਚ ਸਮੂਹ ਜ਼ਿਲ੍ਹਾ ਸਿੱਖਿਆ ਅਫ਼ਸਰਾਂ, ਉਪ-ਜ਼ਿਲ੍ਹਾ ਸਿੱਖਿਆ ਅਫ਼ਸਰਾਂ, ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰਾਂ, ‘ਪੜ੍ਹੋ ਪੰਜਾਬ, ਪੜ੍ਹਾਓ ਪੰਜਾਬ’ ਟੀਮ ਦੇ ਜ਼ਿਲ੍ਹਾ ਬਲਾਕ ਅਤੇ ਕਲੱਸਟਰ ਟੀਮ ਮੈਂਬਰਾਂ, ਅਧਿਆਪਕਾਂ ਅਤੇ ਹੋਰ ਸਹਾਇਕ ਸਟਾਫ ਨੇ ਫ਼ੋਨ ਕਾਲ ਅਤੇ ਵੀਡੀਓ ਕਾਨਫਰੰਸਿੰਗ ਰਾਹੀਂ ਇਕੱਲੇ-ਇਕੱਲੇ ਬੱਚੇ ਦੇ ਮਾਪਿਆਂ ਨਾਲ ਗੱਲਬਾਤ ਕਰਕੇ ਬੱਚੇ ਦੀ ਆਨਲਾਈਨ ਪੜ੍ਹਾਈ ਬਾਰੇ ਜਾਣਕਾਰੀ ਲਈ ਅਤੇ ਸਿੱਖਿਆ ਵਿਭਾਗ ਵੱਲੋਂ ‘ਘਰ ਬੈਠੇ ਸਿੱਖਿਆ’ ਤਹਿਤ ਕਰਵਾਈਆਂ ਜਾ ਰਹੀਆਂ ਗਤੀਵਿਧੀਆਂ ਬਾਰੇ ਦੱਸਿਆ। ਅਧਿਆਪਕਾਂ ਨੇ ਮਾਪਿਆਂ ਨੂੰ ਟੀਵੀ ਕਲਾਸਾਂ ਦੇ ਪ੍ਰਾਇਮਰੀ ਸ਼ਡਿਊਲ ਬਾਰੇ ਜਾਣਕਾਰੀ ਦਿੱਤੀ। ਇਸਤੋਂ ਇਲਾਵਾ ਮਾਪਿਆਂ ਨੂੰ ਸਰਕਾਰੀ ਸਕੂਲਾਂ ਦੀਆਂ ਵਿਸ਼ੇਸ਼ਤਾਵਾਂ ਅਤੇ ਮਿਲਦੀਆਂ ਸਹੂਲਤਾਂ ਬਾਰੇ ਦੱਸਿਆ। ਬੱਚਿਆਂ ਨੂੰ ਸਰਕਾਰੀ ਸਕੂਲਾਂ ਵਿੱਚ ਬੱਚਿਆਂ ਨੂੰ ‘ਸਵਾਗਤ ਜ਼ਿੰਦਗੀ’ ਕਿਤਾਬ ਦੇ ਰਾਹੀਂ ਦਿੱਤੀ ਜਾ ਰਹੀ ਨੈਤਿਕ ਸਿੱਖਿਆ ਬਾਰੇ ਵੀ ਵਿਸ਼ੇਸ਼ ਤੌਰ ‘ਤੇ ਚਰਚਾ ਕੀਤੀ। ਅਧਿਆਪਕਾਂ ਨੇ ਮਾਪਿਆਂ ਨੂੰ ਸਰਕਾਰੀ ਸਕੂਲਾਂ ਵਿੱਚ ਵਿਦਿਆਰਥੀਆਂ ਦਾ ਦਾਖ਼ਲਾ ਕਰਵਾਉਣ ਲਈ ਪ੍ਰਚਾਰ ਕਰਨ ਹਿੱਤ ਪ੍ਰੇਰਿਤ ਵੀ ਕੀਤਾ। 
 
ਇਸ ਸਬੰਧੀ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਸਿੱਖਿਆ ਬਲਦੇਵ ਰਾਜ ਨੇ ਦੱਸਿਆ ਕਿ ਜ਼ਿਲ੍ਹੇ ਦੇ ਸਰਕਾਰੀ ਪ੍ਰਾਇਮਰੀ ਸਕੂਲਾਂ ਵਿੱਚ 24027 ਬੱਚੇ ਦਾਖ਼ਲ ਹਨ। ਇਹਨਾਂ ਸਾਰੇ ਬੱਚਿਆਂ ਦੇ ਮਾਪਿਆਂ ਨਾਲ ਅਧਿਆਪਕਾਂ ਨੇ ਇੱਕ ਵਿਸ਼ੇਸ਼ ਯੋਜਨਾਬੰਦੀ ਅਤੇ ਸ਼ਡਿਊਲ ਨਾਲ ਕਾਰਜ ਕਰਦਿਆਂ ਫੋਨ ਰਾਹੀਂ ਰਾਬਤਾ ਬਣਾਇਆ। ਬੱਚਿਆਂ ਨੂੰ ਆਪਣੀ ਜਮਾਤ ਦੀ ਪੜ੍ਹਾਈ ਅਤੇ ਪਾਠਕ੍ਰਮ ਨਾਲ ਜੋੜੇ ਰੱਖਣ ਲਈ ਸਮੂਹ ਸਕੂਲ ਮੁਖੀਆਂ ਅਤੇ ਅਧਿਆਪਕਾਂ ਨੇ ਬਹੁਤ ਹੀ ਸ਼ਲਾਘਾਯੋਗ ਕਾਰਜ ਕੀਤਾ ਹੈ। ਉਹਨਾਂ ਕਿਹਾ ਕਿ ਮਾਪਿਆਂ ਨੂੰ ਪਹਿਲਾਂ ਸੋਸ਼ਲ ਮੀਡੀਆ ਦੀ ਸਹਾਇਤਾ ਨਾਲ ਮਾਪੇ-ਅਧਿਆਪਕ ਰਾਬਤਾ ਮੁਹਿੰਮ ਬਾਰੇ ਬਾਖ਼ੂਬੀ ਜਾਗਰੂਕ ਕੀਤਾ ਗਿਆ। ਬਹੁਤ ਸਾਰੇ ਮਾਪਿਆਂ ਦੀ ਸਹਿਮਤੀ ਨਾਲ ਫੋਨ ਕਾਲਾਂ ਨੂੰ ਰਿਕਾਰਡ ਵੀ ਕੀਤਾ ਗਿਆ ਅਤੇ ਸੋਸ਼ਲ ਮੀਡੀਆ ਰਾਹੀਂ ਸਾਂਝਾ ਕਰਕੇ ਹੋਰ ਮਾਪਿਆਂ ਨੂੰ ਵੀ ਉਹਨਾਂ ਦੇ ਬੱਚਿਆਂ ਬਾਰੇ ਅਗਵਾਈ ਪ੍ਰਦਾਨ ਕਰਨ ਸਬੰਧੀ ਪ੍ਰੇਰਿਤ ਕੀਤਾ। ਮਾਪਿਆਂ ਵੱਲੋਂ ਵੀ ਇਸ ਨਿਵੇਕਲੀ ਪਹਿਲਕਦਮੀ ਦੀ ਸਾਰੇ ਪਾਸਿਓਂ ਸ਼ਲਾਘਾ ਹੋ ਰਹੀ ਹੈ।
ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਰਮੇਸ਼ ਲਾਲ ਠਾਕੁਰ ਨੇ ਕਿਹਾ ਕਿ ਉਹਨਾਂ ਦੇ ਜ਼ਿਲ੍ਹੇ ਦੇ ਸਾਰੇ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲਾਂ ਨੇ ਮਾਪਿਆਂ ਨਾਲ ਗੱਲਬਾਤ ਦਾ 100 ਫ਼ੀਸਦੀ ਟੀਚਾ ਪ੍ਰਾਪਤ ਕਰ ਲਿਆ ਹੈ ਜਿਸ ਲਈ ਉਹ ਸਮੂਹ ਸਕੂਲ ਮੁਖੀਆਂ ਅਤੇ ਅਧਿਆਪਕਾਂ ਨੂੰ ਵਧਾਈ ਦਿੰਦੇ ਹਨ। ਉਹਨਾਂ ਨੇ ਕਿਹਾ ਕਿ ਉਹਨਾਂ ਨੇ ਖ਼ੁਦ ਵੀ ਬਹੁਤ ਸਾਰੇ ਸਕੂਲਾਂ ਦੇ ਵਿੱਚ ਪੜ੍ਹਦੇ ਬੱਚਿਆਂ ਦੇ ਮਾਪਿਆਂ ਨਾਲ ਗੱਲਬਾਤ ਕੀਤੀ। ਉਹਨਾਂ ਨੂੰ ਇਹ ਸੁਣ ਕਿ ਮਾਣ ਮਹਿਸੂਸ ਹੋਇਆ ਕਿ ਸਰਕਾਰੀ ਸਕੂਲਾਂ ਦੇ ਅਧਿਆਪਕ ਨਾ ਕੇਵਲ ਬੱਚਿਆਂ ਦਾ ਸਕੂਲਾਂ ਵਿੱਚ ਹੀ ਖਿਆਲ ਰੱਖਦੇ ਹਨ ਸਗੋਂ ਇਸ ਕੋਵਿਡ-19 ਦੀ ਮਹਾਂਮਾਰੀ ਦੇ ਸਮੇਂ ਵੀ ਘਰਾਂ ਵਿੱਚ ਛੁੱਟੀਆਂ ਦੌਰਾਨ ਫ਼ੋਨ ਕਰਕੇ ਬੱਚਿਆਂ ਨਾਲ ਜੁੜੇ ਹੋਏ ਹਨ। 
ਜ਼ਿਲ੍ਹਾ ਕੋਆਰਡੀਨੇਟਰ ਪੜ੍ਹੋ ਪੰਜਾਬ ਪੜਾਓ ਪੰਜਾਬ ਵਨੀਤ ਮਹਾਜਨ ਅਤੇ ਜ਼ਿਲ੍ਹਾ ਕੋਆਰਡੀਨੇਟਰ ਮੀਡੀਆ ਸੈਲ ਬਲਕਾਰ ਅੱਤਰੀ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ ਪੈਂਦੇ ਸਾਰੇ ਸਕੂਲਾਂ ਦੇ ਸਕੂਲ ਮੁਖੀਆਂ ਅਤੇ ਅਧਿਆਪਕਾਂ ਨੇ ਇੱਕ ਨਿਸ਼ਚਿਤ ਵਿਉਂਤਬੰਦੀ ਨਾਲ ਮਾਪਿਆਂ ਨਾਲ 24 ਤੋਂ 31 ਮਈ ਤੱਕ ਰੋਜ਼ਾਨਾ ਗੱਲਬਾਤ ਕੀਤੀ ਅਤੇ ਵਿਦਿਆਰਥੀਆਂ ਦੀ ਪੜ੍ਹਾਈ ਅਤੇ ਸਿਹਤ ਸੰਭਾਲ ਬਾਰੇ ਮਾਪਿਆਂ ਦੀ ਅਗਵਾਈ ਕੀਤੀ ਅਤੇ ਇਸ ਸਭ ਦਾ ਰਿਕਾਰਡ ਵਿਭਾਗ ਵੱਲੋਂ ਭੇਜੇ ਗਏ ਗੁੱਗਲ ਫਾਰਮ ਵਿੱਚ ਦਰਜ਼ ਕੀਤਾ। ਮਾਪਿਆਂ ਨੂੰ ਵਿਭਾਗ ਦੇ ਵੱਲੋਂ ਸ਼ੁਰੂ ਕੀਤੀ ਗਈ ਇਹ ਮੁਹਿੰੰਮ ਬਹੁਤ ਜ਼ਿਆਦਾ ਪ੍ਰਭਾਵਸ਼ਾਲੀ ਲੱਗੀ। ਇਸ ਸਬੰਧੀ ਮਾਪਿਆਂ ਨੇ ਕਿਹਾ ਕਿ ਇਸ ਮਾਪੇ-ਅਧਿਆਪਕ ਰਾਬਤਾ ਮੁਹਿੰਮ ਨਾਲ ਬੱਚਿਆਂ ਨੇ ਛੁੱਟੀਆਂ ਦੌਰਾਨ ਘਰ ਦੇ ਕੰਮ ਦੇ ਨਾਲ-ਨਾਲ ਆਨਲਾਈਨ ਪੜ੍ਹਾਈ ਨੂੰ ਵੀ ਤਵੱਜੋਂ ਦਿੱਤੀ ਹੈ।

Related posts

Leave a Reply