ਸਲਾਨਾ ਇਨਾਮ ਵੰਡ ਸਮਾਰੋਹ : ਪ੍ਰਵਾਸੀ ਭਾਰਤੀਆਂ ਵੱਲੋਂ ਸਿੱਖਿਆ ਸੰਸਥਾਵਾਂ ਦੇ ਵਿਕਾਸ ਵਿੱਚ ਪਾਇਆ ਯੋਗਦਾਨ ਸ਼ਲਾਘਾਯੋਗ: ਡੀ. ਪੀ. ਆਈ. ਸੁਖਜੀਤਪਾਲ ਸਿੰਘ

ਸਰਕਾਰੀ ਐਲੀਮੈਂਟਰੀ ਸਕੂਲ ਪ੍ਰੀਤ ਨਗਰ ਵਿਖੇ ਹੋਇਆ ਸਲਾਨਾ ਇਨਾਮ ਵੰਡ ਸਮਾਰੋਹ
ਡੀ. ਪੀ. ਆਈ. (ਸੈਕੰਡਰੀ) ਸੁਖਜੀਤਪਾਲ ਸਿੰਘ ਬਤੌਰ ਮੁੱਖ ਮਹਿਮਾਨ ਹੋਏ ਸ਼ਾਮਿਲ
ਪ੍ਰਵਾਸੀ ਭਾਰਤੀਆਂ ਵੱਲੋਂ ਸਿੱਖਿਆ ਸੰਸਥਾਵਾਂ ਦੇ ਵਿਕਾਸ ਵਿੱਚ ਪਾਇਆ ਯੋਗਦਾਨ ਸ਼ਲਾਘਾਯੋਗ: ਡੀ. ਪੀ. ਆਈ.
ਹੁਸ਼ਿਆਰਪੁਰ, 27 ਨਵੰਬਰ:
ਗੁਰੂ ਨਾਨਕ ਇੰਟਰਨੈਸ਼ਨਲ ਐਜੁਕੇਸ਼ਨਲ ਟਰੱਸਟ ਯੂ. ਕੇ. ਵੱਲੋਂ ਸਰਕਾਰੀ ਐਲੀਮੈਂਟਰੀ ਸਮਾਰਟ ਸਕੂਲ ਪ੍ਰੀਤ ਨਗਰ ਦਾ ਸਲਾਨਾ ਇਨਾਮ ਵੰਡ ਸਮਾਰੋਹ ਕਰਵਾਇਆ ਗਿਆ ਜਿਸ ਵਿੱਚ ਸ. ਸੁਖਜੀਤਪਾਲ ਸਿੰਘ ਡੀ. ਪੀ. ਆਈ. (ਸੈਕੰਡਰੀ) ਬਤੌਰ ਮੁੱਖ ਮਹਿਮਾਨ ਸ਼ਾਮਿਲ ਹੋਏ ਜਦਕਿ ਸ. ਦਲਜੀਤ ਸਿੰਘ ਸਹੋਤਾ ਮੈਂਬਰ ਐਨ. ਆਰ. ਆਈ. ਕਮਿਸ਼ਨ ਪੰਜਾਬ ਬਤੌਰ ਵਿਸ਼ੇਸ਼ ਮਹਿਮਾਨ ਸ਼ਾਮਿਲ ਹੋਏ ਅਤੇ ਸ. ਗੁਰਸ਼ਰਨ ਸਿੰਘ ਜਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ), ਇੰਜੀ. ਸੰਜੀਵ ਗੌਤਮ ਜਿਲ੍ਹਾ ਸਿੱਖਿਆ ਅਫ਼ਸਰ (ਐਲੀਮੈਂਟਰੀ) ਹਾਜ਼ਰ ਸਨ।
ਬੱਚਿਆਂ ਦੇ ਬਹੁਪੱਖੀ ਵਿਕਾਸ ਲਈ ਗੁਣਾਤਮਕ ਸੁਧਾਰ ਅਤੇ ਆਧੁਨਿਕ ਵਿੱਦਿਅਕ ਤਕਨੀਕ ਸਦਕਾ ਬੁਨਿਆਦੀ ਸਕੂਲੀ ਸਿੱਖਿਆ ਵਿੱਚ ਬੇਮਿਸਾਲ ਵਿਕਾਸ ਵੇਖਣ ਨੂੰ ਮਿਲ ਰਿਹਾ ਹੈ ਅਤੇ ਇਸ ਮੰਤਵ ਲਈ ਸਰਕਾਰ ਵੱਲੋਂ ਕੀਤੇ ਜਾਂਦੇ ਉਪਰਾਲਿਆਂ ਨੂੰ ਸਮਾਜ ਦੇ ਹਰ ਵਰਗ, ਵਿਸ਼ੇਸ਼ ਕਰਕੇ ਪ੍ਰਵਾਸੀ ਭਾਰਤੀਆਂ ਵੱਲੋਂ ਭਰਪੂਰ ਸਹਿਯੋਗ ਮਿਲ ਰਿਹਾ ਹੈ। ਇਹ ਪ੍ਰਗਟਾਵਾ ਸ. ਸੁਖਜੀਤ ਪਾਲ ਸਿੰਘ ਡੀ. ਪੀ. ਆਈ. (ਸੈਕੰਡਰੀ) ਪੰਜਾਬ ਵੱਲੋਂ ਕਰਦਿਆਂ ਕਿਹਾ ਕਿ ਗੁਰੂ ਨਾਨਕ ਇੰਟਰਨੈਸ਼ਨਲ ਐਜੂਕੇਸ਼ਨਲ ਟਰੱਸਟ ਯੂ. ਕੇ. ਵੱਲੋਂ ਪ੍ਰੀਤ ਨਗਰ ਸਕੂਲ ਲਈ ਦਿੱਤਾ ਜਾ ਰਿਹਾ ਸਹਿਯੋਗ ਬੇਹੱਦ ਸ਼ਲਾਘਾਯੋਗ ਹੈ। ਉਨ੍ਹਾਂ ਕਿਹਾ ਕਿ ਸਕੂਲਾਂ ਵਿੱਚੋਂ ਜਿਹੜੇ ਬੱਚੇ ਪੜ੍ਹਾਈ ਵਿਚਾਲੇ ਛੱਡ ਜਾਂਦੇ ਹਨ ਉਨ੍ਹਾਂ ਦੀ ਪਹਿਚਾਣ ਕਰਕੇ ਉਨ੍ਹਾਂ ਨੂੰ ਮੁੱਖਧਾਰਾ ਨਾਲ ਜੋੜਨ ਲਈ ਵਿਸ਼ੇਸ਼ ਉਪਰਾਲਿਆਂ ਦੀ ਲੋੜ ਹੈ ਅਤੇ ਦੇਸ਼ ਦੇ ਹਰ ਬੱਚੇ ਲਈ ਸਿੱਖਿਆ ਹਾਸਿਲ ਕਰਨਾ ਬੇਹੱਦ ਜਰੂਰੀ ਹੈ। ਉਨ੍ਹਾਂ ਸਕੂਲ ਦੀ ਬੇਹਤਰੀਨ ਕਾਰਗੁਜਾਰੀ ਲਈ ਅਧਿਆਪਕਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਮਿਆਰੀ ਸਿੱਖਿਆ ਪ੍ਰਦਾਨ ਕਰਨ ਲਈ ਸਰਵੋਤਮ ਬਣੇ ਰਹਿਣਾ ਇੱਕ ਚੁਣੌਤੀ ਹੁੰਦੀ ਹੈ ਅਤੇ ਵਿਭਾਗ ਦੇ ਮਿਹਨਤੀ ਤੇ ਹੋਣਹਾਰ ਅਧਿਆਪਕਾਂ ਸਦਕਾ ਇਹ ਕਾਰਜ ਸੰਭਵ ਹੋ ਸਕਦਾ ਹੈ।
ਸ. ਦਲਜੀਤ ਸਿੰਘ ਮੈਂਬਰ ਐਨ. ਆਰ. ਆਈ. ਕਮਿਸ਼ਨ ਨੇ ਸਕੂਲ ਪ੍ਰਬੰਧਕਾਂ ਅਤੇ ਸਹਿਯੋਗੀ ਸੱਜਣਾਂ ਵੱਲੋਂ ਕੀਤੇ ਜਾ ਰਹੇ ਕਾਰਜਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇੰਝ ਆਪਸੀ ਤਾਲਮੇਲ ਅਤੇ ਸੇਵਾ ਭਾਵਨਾ ਨਾਲ ਦੇਸ਼ ਦਾ ਭਵਿੱਖ ਇਨ੍ਹਾਂ ਬੱਚਿਆਂ ਦਾ ਆਪਣਾ ਭਵਿੱਖ ਸੁਰੱਖਿਅਤ ਹੋ ਰਿਹਾ ਹੈ। ਉਨ੍ਹਾਂ ਪ੍ਰਵਾਸੀ ਭਾਰਤੀ ਪੰਜਾਬੀਆਂ ਦਾ ਹਾਰਦਿਕ ਸ਼ੁਕਰੀਆ ਕਰਦਿਆਂ ਕਿਹਾ ਕਿ ਇਹ ਸਰਬ ਸਾਂਝੀਵਾਲਤਾ ਅਤੇ ਮਾਨਵਤਾ ਦੀ ਭਲਾਈ ਲਈ ਪਰਉਪਕਾਰੀ ਉੱਦਮ ਹੈ।
ਟਰੱਸਟ ਦੇ ਚੇਅਰਮੈਨ ਸ. ਰਣਜੀਤ ਸਿੰਘ ਓ. ਬੀ. ਈ. ਨੇ ਸਿੱਖਿਆ ਅਤੇ ਵਾਤਾਵਰਨ ਸੁਰੱਖਿਆ ਦੇ ਖੇਤਰਾਂ ਵਿੱਚ ਕੀਤੇ ਜਾ ਰਹੇ ਕੰਮਾਂ ਸਬੰਧੀ ਜਾਣਕਾਰੀ ਦਿੰਦਿਆਂ ਕਿਹਾ ਕਿ ਟਰੱਸਟ ਸਰਬੱਤ ਦੇ ਭਲੇ ਲਈ ਹਮੇਸ਼ਾ ਵਚਨਬੱਧ ਰਹੇਗਾ। ਉਨ੍ਹਾਂ ਕਿਹਾ ਕਿ ਸਕੂਲ ਨੂੰ ਅਡਾਪਟ ਕਰਨ ਉਪਰੰਤ ਇੱਥੇ ਟਰੱਸਟ ਵੱਲੋਂ ਸਕੂਲ ਸਿੱਖਿਆ ਵਿਭਾਗ ਦੇ ਸਹਿਯੋਗ ਨਾਲ ਅਨੇਕਾਂ ਜ਼ਿਕਰਯੋਗ ਕਾਰਜ ਕੀਤੇ ਗਏ ਹਨ ਅਤੇ ਇਹ ਲਗਾਤਾਰ ਜਾਰੀ ਰਹਿਣਗੇ।
ਸਕੂਲ ਦੇ ਨੰਨ੍ਹੇ-ਮੁੰਨੇ ਬੱਚਿਆਂ ਵੱਲੋਂ ਸ਼ਾਨਦਾਰ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ ਗਿਆ ਜਿਸ ਨੇ ਹਾਜਰ ਮਹਿਮਾਨਾਂ ਦਾ ਮਨ ਮੋਹ ਲਿਆ। ਇਸ ਮੌਕੇ ਵੱਖ ਵੱਖ ਖੇਤਰਾਂ ਵਿੱਚ ਮੱਲਾਂ ਮਾਰਨ ਵਾਲੇ ਹੋਣਹਾਰ ਵਿਦਿਆਰਥੀਆਂ ਨੂੰ ਇਨਾਮ ਤਕਸੀਮ ਕੀਤੇ ਗਏ। ਟਰੱਸਟ ਵੱਲੋਂ ਪ੍ਰੀ-ਪ੍ਰਾਇਮਰੀ ਦੇ ਸਾਰੇ ਵਿਦਿਆਰਥੀਆਂ ਨੂੰ ਪੂਰੀ ਸਕੂਲੀ ਵਰਦੀ ਦਿੱਤੀ ਗਈ ਅਤੇ ਸਟੇਜ ਉੱਤੇ ਪੇਸ਼ਕਾਰੀ ਕਰਨ ਵਾਲੇ ਬੱਚਿਆਂ ਨੂੰ ਹੌਸਲਾ ਅਫ਼ਜਾਈ ਲਈ ਪ੍ਰਤੀ ਵਿਦਿਆਰਥੀ ਪੰਜ ਸੌ ਰੁਪਏ ਨਗਦ ਇਨਾਮ ਦਿੱਤਾ ਗਿਆ। ਮੰਚ ਸੰਚਾਲਨ ਪ੍ਰੋ. ਬਹਾਦਰ ਸਿੰਘ ਸੁਨੇਤ ਪ੍ਰਧਾਨ ਟਰੱਸਟ ਅਤੇ ਮੈਡਮ ਸ਼ਾਲੂ ਵੱਲੋਂ ਬਾਖ਼ੂਬੀ ਕੀਤਾ ਗਿਆ। ਸਿਕਲੀਗਰ ਭਾਈਚਾਰੇ ਵੱਲੋਂ ਮੁੱਖ ਮਹਿਮਾਨ ਅਤੇ ਵਿਸ਼ੇਸ਼ ਮਹਿਮਾਨ ਨੂੰ ਭਾਈ ਬਚਿੱਤਰ ਸਿੰਘ ਦੀ ਤਸਵੀਰ ਭੇਟ ਕੀਤੀ ਗਈ।
ਸ. ਗੁਰਸ਼ਰਨ ਸਿੰਘ ਜਿਲ੍ਹਾ ਸਿੱਖਿਆ ਅਫ਼ਸਰ (ਸੈ. ਸਿੱ.), ਇੰਜੀ. ਸੰਜੀਵ ਗੌਤਮ ਜਿਲ੍ਹਾ ਸਿੱਖਿਆ ਅਫ਼ਸਰ (ਐਲੀ. ਸਿੱਖਿਆ), ਰਾਕੇਸ਼ ਕੁਮਾਰ ਉਪ ਜਿਲ੍ਹਾ ਸਿੱਖਿਆ ਅਫ਼ਸਰ (ਸੈ. ਸਿੱ.), ਸੁਖਵਿੰਦਰ ਸਿੰਘ ਉਪ ਜਿਲ੍ਹਾ ਸਿੱਖਿਆ ਅਫ਼ਸਰ (ਐਲੀ.), ਪ੍ਰਿੰ. ਸ਼ੈਲੇਂਦਰ ਠਾਕੁਰ ਇੰਚਾਰਜ ਜਿਲ੍ਹਾ ਸਿੱਖਿਆ ਸੁਧਾਰ ਟੀਮ, ਪ੍ਰਿੰ. ਅਚਰਨਾ ਅਗਰਵਾਲ ਡਾਇਟ, ਪ੍ਰਿੰ. ਚਰਨ ਸਿੰਘ ਅੱਜੋਵਾਲ, ਸਮਰਜੀਤ ਸਿੰਘ ਜਿਲ੍ਹਾ ਮੀਡੀਆ ਕੁਆਡੀਨੇਟਰ, ਯੋਗੇਸ਼ਵਰ ਸਲਾਰੀਆ ਜਿਲ੍ਹਾ ਸ਼ੋਸ਼ਲ ਮੀਡੀਆ ਕੁਆਡੀਨੇਟਰ, ਸਤੀਸ਼ ਕੁਮਾਰ ਸ਼ਰਮਾ ਏ. ਡੀ. ਐੱਸ. ਐੱਮ., ਜੇ. ਐੱਸ. ਆਹਲੂਵਾਲੀਆ ਆਈ. ਆਰ. ਐੱਸ., ਐਡਵੋਕੇਟ ਮਨਿੰਦਰ ਸਿੰਘ, ਡਾ. ਜਸਵੰਤ ਸਿੰਘ ਗਰੇਵਾਲ, ਅਵਨਿੰਦਰ ਕੌਰ ਐੱਚ. ਟੀ., ਗੁਰਪ੍ਰੀਤ ਸਿੰਘ, ਜਤਿੰਦਰ ਸਿੰਘ, ਰਛਪਾਲ ਸਿੰਘ ਸ਼ੁਭਕਰਮਨ ਸੁਸਾਇਟੀ, ਉਂਕਾਰ ਸਿੰਘ ਸੰਯੁਕਤ ਕਿਸਾਨ ਮੋਰਚਾ, ਸੁਖਦੇਵ ਸਿੰਘ ਲਾਜ, ਜਸਵੀਰ ਸਿੰਘ, ਐਡਵੋਕੇਟ ਜਸਪਾਲ ਸਿੰਘ, ਬਲਜੀਤ ਸਿੰਘ ਪਨੇਸਰ ਆਦਿ ਸਮੇਤ ਵੱਡੀ ਗਿਣਤੀ ਪਤਵੰਤੇ ਹਾਜਰ ਸਨ।

Related posts

Leave a Reply