ਸਿੱਖਿਆ ਮੰਤਰੀ ਤੇ ਸਕੱਤਰ ਤੋਂ ਵਿਦਿਆਰਥੀਆਂ ਅਤੇ ਅਧਿਆਪਕਾਂ ਦੀਆਂ ਮੁਸ਼ਕਿਲਾਂ ਦਾ ਹੱਲ ਕਰਨ ਦੀ ਮੰਗ April 29, 2020April 29, 2020 Adesh Parminder Singh ਸਿੱਖਿਆ ਮੰਤਰੀ ਤੇ ਸਕੱਤਰ ਤੋਂ ਵਿਦਿਆਰਥੀਆਂ ਅਤੇ ਅਧਿਆਪਕਾਂ ਦੀਆਂ ਮੁਸ਼ਕਿਲਾਂ ਦਾ ਹੱਲ ਕਰਨ ਦੀ ਮੰਗਅਧਿਆਪਕਾਂ ਦੀਆਂ ਗੈਰ-ਵਾਜਿਬ ਫੀਲਡ ਡਿਊਟੀਆਂ ਰੱਦ ਹੋਣ ਅਤੇ ਸਾਰੀਆਂ ਜਮਾਤਾਂ ਦੇ ਸਿਲੇਬਸ ਘਟਾਏ ਜਾਣ: ਡੀ.ਟੀ.ਐੱਫਗੁਰਦਾਸਪੁਰ 29 ਅਪ੍ਰੈਲ ( ਅਸ਼ਵਨੀ ) :- ਸੂਬੇ ਵਿੱਚ ਲਾਗੂ ਕਰਫਿਊ ਤੇ ਤਾਲਾਬੰਦੀ ਦਰਮਿਆਨ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਦਰਪੇਸ਼ ਮੁਸ਼ਕਿਲਾਂ ਦਾ ਹੱਲ ਕਰਨ ਲਈ ਡੈਮੋਕਰੇਟਿਕ ਟੀਚਰਜ਼ ਫਰੰਟ (ਡੀ.ਟੀ.ਐੱਫ) ਪੰਜਾਬ ਵੱਲੋਂ ਸਿੱਖਿਆ ਮੰਤਰੀ ਸ੍ਰੀ ਵਿਜੇਇੰਦਰ ਸਿੰਗਲਾ ਅਤੇ ਸਿੱਖਿਆ ਸਕੱਤਰ ਸ੍ਰੀ ਕ੍ਰਿਸ਼ਨ ਕੁਮਾਰ ਨੂੰ ਵੱਖ-ਵੱਖ ਇਲੈਕਟ੍ਰੋਨਿਕ ਮਾਧਿਅਮਾਂ ਰਾਹੀਂ ‘ਮੰਗ ਪੱਤਰ’ ਭੇਜੇ ਗਏ।ਡੀ.ਟੀ.ਐੱਫ ਦੇ ਸੂਬਾ ਪ੍ਰਧਾਨ ਦਵਿੰਦਰ ਸਿੰਘ ਪੂਨੀਆ, ਜਨਰਲ ਸਕੱਤਰ ਜਸਵਿੰਦਰ ਸਿੰਘ ਝਬੇਲਵਾਲੀ ਅਤੇ ਸੀਨੀਅਰ ਮੀਤ ਪ੍ਰਧਾਨ ਵਿਕਰਮ ਦੇਵ ਸਿੰਘ ਨੇ ਕਿਹਾ ਕਿ ਜਿਲ੍ਹਾ ਪ੍ਰਸ਼ਾਸ਼ਨਿਕ ਅਧਿਕਾਰੀਆਂ ਵੱਲੋਂ ਵੱਡੀ ਗਿਣਤੀ ਵਿੱਚ ਅਧਿਆਪਕਾਂ ਦੀਆਂ ਗੈਰ-ਵਾਜਿਬ ਫੀਲਡ ਡਿਊਟੀਆਂ (ਅਨਾਜ ਮੰਡੀਆਂ, ਪੁਲਿਸ ਨਾਕੇ ਆਦਿ) ਉਪਰ ਲਗਾਈਆਂ ਜਾ ਰਹੀਆਂ ਹਨ। ਇਸ ਸਬੰਧੀ ਸਿੱਖਿਆ ਮੰਤਰੀ ਅਤੇ ਸਕੱਤਰ ਤੋਂ ਦਖਲ ਦੀ ਮੰਗ ਕਰਦਿਆਂ ਅਧਿਆਪਕਾਂ ਦੀਆਂ ਡਿਊਟੀਆਂ ਲਗਾਉਣ ਤੋਂ ਗੁਰੇਜ਼ ਕਰਨ ਸਬੰਧੀ ਅਧਿਕਾਰੀਆਂ ਨੂੰ ਹਦਾਇਤਾਂ ਜਾਰੀ ਕਰਨ ਦੀ ਮੰਗ ਰੱਖੀ ਗਈ ਹੈ। ਇਸੇ ਤਰ੍ਹਾਂ ਕਰਫਿਊ/ਤਾਲਾਬੰਦੀ ਕਾਰਨ ਵਿਦਿਆਰਥੀਆਂ ਦੀ ਪੜ੍ਹਾਈ ਵੱਡੇ ਪੱਧਰ ‘ਤੇ ਪ੍ਰਭਾਵਿਤ ਹੋ ਰਹੀ ਹੈ, ਜਿਸ ਨੂੰ ਦੇਖਦੇ ਹੋਏ ਸਾਰੀਆਂ ਜਮਾਤਾਂ ਦੇ ਸਿਲੇਬਸ ਤਰਕਸੰਗਤ ਢੰਗ ਨਾਲ ਘੱਟ ਕਰਨ ਦੀ ਮੰਗ ਉਠਾਈ ਗਈ ਹੈ। ਅਧਿਆਪਕਾਂ ਰਾਹੀਂ ਮਿਡ ਡੇ ਮੀਲ ਦੇ ਨਿਗੂਣੇ ਅਨਾਜ਼ ਦੀ ਘਰ-ਘਰ ਵੰਡ ਕਰਵਾਉਣ ਦੀ ਬਜਾਏ ਵਿਦਿਆਰਥੀਆਂ ਦੇ ਸਾਰੇ ਪੈਡਿੰਗ ਵਜੀਫੇ ਅਤੇ ਆਰਥਿਕ ਤੌਰ ‘ਤੇ ਕਮਜੋਰ ਵਰਗਾਂ ਨਾਲ ਸਬੰਧਿਤ ਵਿਦਿਆਰਥੀਆਂ ਲਈ ਸਪੈਸ਼ਲ਼ ਸਹਾਇਤਾ ਰਾਸ਼ੀ ਜਾਰੀ ਕਰਨ ਦੀ ਮੰਗ ਕੀਤੀ ਗਈ।ਜਥੇਬੰਦੀ ਦੇ ਸੂਬਾਈ ਆਗੂਆਂ ਅਸ਼ਵਨੀ ਅਵਸਥੀ, ਧਰਮ ਸਿੰਘ ਸੂਜਾਪੁਰ, ਰਾਜੀਵ ਕੁਮਾਰ, ਓਮ ਪ੍ਰਕਾਸ਼ ਅਤੇ ਜਗਪਾਲ ਬੰਗੀ ਨੇ ਕਿਹਾ ਕਿ ਜੇਕਰ ਸਮਾਜ ਦੇ ਵਡੇਰੇ ਹਿੱਤਾਂ ਲਈ ਸੰਕਟਕਾਲੀਨ ਸਥਿਤੀ ਵਿੱਚ ਅਧਿਆਪਕਾਂ ਦੀ ਡਿਊਟੀ ਲਗਾਈ ਵੀ ਜਾਂਦੀ ਹੈ ਤਾਂ ਅਧਿਆਪਕਾਂ ਦੀਆਂ ਡਿਊਟੀਆਂ ਲਗਾਉਣ ਸਮੇਂ, ਹੋਰਨਾਂ ਵਿਭਾਗਾਂ ਅਤੇ ਕਾਡਰਾਂ ਨਾਲ ਅਨੁਪਾਤਕ ਗਿਣਤੀ ਅਤੇ ਰੋਟੇਸ਼ਨ ਰੱਖਣੀ ਯਕੀਨੀ ਬਣਾਇਆ ਜਾਣਾ ਚਾਹੀਦਾ ਹੈ। ਅਜਿਹੇ ਅਧਿਆਪਕਾਂ ਨੂੰ ਕਰੋਨਾ ਵਾਇਰਸ ਤੋਂ ਬਚਾਅ ਲਈ ਢੁੱਕਵੀਂ ਮਾਤਰਾ ਵਿੱਚ ਦਸਤਾਨੇ, ਮਾਸਕ, ਸੈਨੇਟਾਇਜ਼ਰ ਤੇ ਨਿੱਜੀ ਸੁਰੱਖਿਆ ਲਈ ਜਰੂਰੀ ਹੋਰ ਸਹੂਲਤਾਂ ਮੁਹੱਈਆ ਕਰਵਾਈਆਂ ਜਾਣ ਅਤੇ ਡਿਊਟੀ ਦਾ ਸਮਾਂ ਕਿਸੇ ਵੀ ਹਾਲਤ ਵਿੱਚ ਛੇ ਘੰਟੇ ਰੋਜਾਨਾ ਤੋਂ ਵਧੇਰੇ ਨਾ ਰੱਖਿਆ ਜਾਵੇ। ਕਰੋਨਾ ਮਹਾਂਮਾਰੀ ਦੌਰਾਨ ਡਿਊਟੀਆਂ ‘ਤੇ ਲਗਾਏ ਸਾਰੇ ਅਧਿਆਪਕਾਂ ਨੂੰ ‘ਕਰੋਨਾ ਵਾਰੀਅਰ’ ਦਾ ਦਰਜ਼ਾ ਦਿੰਦੇ ਹੋਏ ਇਹਨਾ ‘ਤੇ 50 ਲੱਖ ਰੁਪਏ ਦੀ ਸਿਹਤ ਬੀਮਾ ਯੋਜਨਾ ਲਾਗੂ ਕੀਤੀ ਜਾਵੇ। ਕਰਫਿਊ/ਤਾਲਾਬੰਦੀ ਅਤੇ ਛੁੱਟੀਆਂ ਦਰਮਿਆਨ ਡਿਊਟੀਆਂ ‘ਤੇ ਲਗਾਏ ਅਧਿਆਪਕਾਂ ਨੂੰ ਸਿਵਲ ਸੇਵਾ ਨਿਯਮਾਂ ਅਨੁਸਾਰ ਮਿਲਣਯੋਗ ਕਮਾਈ ਛੁੱਟੀਆਂ ਦੇਣ ਸਬੰਧੀ ਸਮੂਹ ਡੀ.ਡੀ.ਓਜ਼ ਨੂੰ ਸਪੱਸ਼ਟੀਕਰਨ ਪੱਤਰ ਜਾਰੀ ਕੀਤਾ ਜਾਵੇ। ਜਥੇਬੰਦੀ ਵੱਲੋਂ ਇਸ ਮੰਗ ਪੱਤਰ ਦਾ ਉਤਾਰਾ ਜਾਣਕਾਰੀ ਹਿੱਤ ਡੀ.ਜੀ.ਐੱਸ.ਈ., ਡੀ.ਪੀ.ਆਈ. (ਸ਼ੈ: ਸਿ) ਅਤੇ ਡੀ.ਪੀ.ਆਈ. (ਐ: ਸਿ) ਨੂੰ ਵੀ ਭੇਜੇ ਗਏ ਹਨ।ਇਸ ਮੌਕੇ ਡੀ.ਐੱਮ.ਐੱਫ. ਦੇ ਸੂਬਾ ਜਨਰਲ ਸਕੱਤਰ ਜਰਮਨਜੀਤ ਸਿੰਘ ਤੋਂ ਇਲਾਵਾ ਜਥੇਬੰਦੀ ਦੇ ਸੂਬਾ ਸਕਤਰੇਤ ਮੈਂਬਰਾਂ ਅਤੇ ਜਿਲ੍ਹਾ ਪ੍ਰਧਾਨਾਂ ਹਰਜਿੰਦਰ ਸਿੰਘ ਵਡਾਲਾ ਬਾਂਗਰ, ਕੁਲਵਿੰਦਰ ਸਿੰਘ ਜੋਸ਼ਨ, ਪਵਨ ਕੁਮਾਰ ਮੁਕਤਸਰ, ਨਛੱਤਰ ਸਿੰਘ ਤਰਨਤਾਰਨ, ਰੁਪਿੰਦਰ ਪਾਲ ਗਿੱਲ, ਸੁਖਦੇਵ ਡਾਂਸੀਵਾਲ, ਗੁਰਮੀਤ ਸਿੰਘ ਸੁੱਖਪੁਰ, ਅਤਿੰਦਰ ਘੱਗਾ, ਗੁਰਪਿਆਰ ਕੋਟਲੀ, ਬਲਵਿੰਦਰ ਭੰਡਾਲ, ਕੁਲਦੀਪ ਸਿੰਘ ਸੰਗਰੂਰ, ਮੁਲਖ ਰਾਜ, ਹਰਜਿੰਦਰ ਢਿੱਲੋਂ, ਲਖਵਿੰਦਰ ਸਿੰਘ ਰੁੜਕੀ, ਸੁਨੀਲ ਕੁਮਾਰ ਫਾਜ਼ਿਲਕਾ ਅਤੇ ਅਮਰੀਕ ਸਿੰਘ ਆਦਿ ਨੇ ਵੀ ਅਧਿਆਪਕਾਂ ਤੇ ਵਿਦਿਆਰਥੀਆਂ ਦੇ ਭਖਦੇ ਮਸਲਿਆਂ ਦੇ ਹੱਲ ਕਰਵਾਉਣ ਲਈ ਆਵਾਜ਼ ਬੁਲੰਦ ਕਰਨ ‘ਤੇ ਸਹਿਮਤੀ ਪ੍ਰਗਟਾਈ। Adesh Parminder SinghEDITOR CANADIAN DOABA TIMES Email: editor@doabatimes.com Mob:. 98146-40032 whtsapp www.doabatimes.comShare this:FacebookTelegramWhatsAppPrintTwitterLike this:Like Loading...