ਸੁੰਦਰ ਸ਼ਾਮ ਅਰੋੜਾ ਵਲੋਂ ਮੁਹੱਲਾ ਪੁਰਹੀਰਾਂ ’ਚ 24.97 ਲੱਖ ਰੁਪਏ ਦੀ ਲਾਗਤ ਨਾਲ ਬਣੇ ਨਵੇਂ ਟਿਊਬਵੈਲ ਦੀ ਸ਼ੁਰੂਆਤ

ਸੁੰਦਰ ਸ਼ਾਮ ਅਰੋੜਾ ਵਲੋਂ ਮੁਹੱਲਾ ਪੁਰਹੀਰਾਂ ’ਚ 24.97 ਲੱਖ ਰੁਪਏ ਦੀ ਲਾਗਤ ਨਾਲ ਬਣੇ ਨਵੇਂ ਟਿਊਬਵੈਲ ਦੀ ਸ਼ੁਰੂਆਤ
ਹੁਸ਼ਿਆਰਪੁਰ, 9 ਜੂਨ: ਉਦਯੋਗ ਤੇ ਵਣਜ ਮੰਤਰੀ ਸੁੰਦਰ ਸ਼ਾਮ ਅਰੋੜਾ ਨੇ ਸਥਾਨਕ ਵਾਰਡ ਨੰਬਰ 19 ਦੇ ਮੁਹੱਲਾ ਪੁਰਹੀਰਾਂ ਵਿਖੇ 24.97 ਲੱਖ ਰੁਪਏ ਦੀ ਲਾਗਤ ਨਾਲ ਬਣੇ ਨਵੇਂ ਟਿਊਬਵੈਲ ਦੀ ਸ਼ੁਰੂਆਤ ਕਰਵਾਉਂਦਿਆਂ ਕਿਹਾ ਕਿ ਪੰਜਾਬ ਸਰਕਾਰ ਲੋਕਾਂ ਨੂੰ ਹਰ ਮੁੱਢਲੀ ਸਹੂਲਤ ਪ੍ਰਦਾਨ ਕਰਨ ਲਈ ਵਚਨਬੱਧ ਹੈ ਜਿਸ ਤਹਿਤ ਸ਼ਹਿਰ ਦੇ ਲਗਭਗ ਹਰ ਖੇਤਰ ਵਿੱਚ ਲੋੜੀਂਦੀਆਂ ਸਹੂਲਤਾਂ ਯਕੀਨੀ ਬਣਾਈਆਂ ਜਾ ਰਹੀਆਂ ਹਨ।
ਉਦਯੋਗ ਮੰਤਰੀ ਸੁੰਦਰ ਸ਼ਾਮ ਅਰੋੜਾ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਸੂਬੇ ਦੇ ਹਰ ਖੇਤਰ ਵਿੱਚ ਪਾਈਪਾਂ ਰਾਹੀਂ ਪਾਣੀ ਦੀ ਸਪਲਾਈ ਯਕੀਨੀ ਬਣਾਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਪਾਈਪਾਂ ਦੀ ਸਪਲਾਈ ਅਤੇ ਪੀਣਯੋਗ ਪਾਣੀ ਦੇ ਟੀਚਿਆਂ ਨੂੰ ਪ੍ਰਾਪਤ ਕਰਨ ਲਈ ਸਰਕਾਰ ਵਲੋਂ 2021-22 ਦੌਰਾਨ 2148 ਕਰੋੜ ਰੁਪਏ ਦੀ ਵੰਡ ਕੀਤੀ ਗਈ ਹੈ ਜੋ ਕਿ 2020-21 ਦੇ ਮੁਕਾਬਲੇ 25 ਫੀਸਦੀ ਵੱਧ ਹੈ। ਉਨ੍ਹਾਂ ਕਿਹਾ ਕਿ ਹੁਸ਼ਿਆਰਪੁਰ ਸ਼ਹਿਰ ਅਤੇ ਇਸ ਦੇ ਆਲੇ-ਦੁਆਲੇ ਦੇ ਖੇਤਰਾਂ ਵਿੱਚ ਜੰਗੀ ਪੱਧਰ ’ਤੇ ਵਿਕਾਸ ਕਾਰਜ ਕਰਵਾਏ ਗਏ ਹਨ ਅਤੇ ਭਵਿੱਖ ਵਿੱਚ ਵੀ ਸਮੇਂ-ਸਮੇਂ ਸਿਰ ਲੋੜੀਂਦੇ ਕਾਰਜ ਮੁਕੰਮਲ ਕਰਵਾਏ ਜਾਣਗੇ ਤਾਂ ਜੋ ਲੋਕਾਂ ਨੂੰ ਵੱਧ ਤੋਂ ਵੱਧ ਸਹੂਲਤਾਂ ਦਿੱਤੀਆਂ ਜਾ ਸਕਣ। ਉਨ੍ਹਾਂ ਕਿਹਾ ਕਿ ਪਿਛਲੇ ਚਾਰ ਸਾਲਾਂ ਦੌਰਾਨ ਪੀਣ ਵਾਲੇ ਸਾਫ਼ ਪਾਣੀ ਦੀ ਸਪਲਾਈ, ਸੀਵਰੇਜ਼ ਸਿਸਟਮ ਦੀ ਮਜਬੂਤੀ, ਪਾਰਕਾਂ ’ਚ ਓਪਨ ਜਿੰਮਾਂ ਦੀ ਸਥਾਪਤੀ ਦੇ ਨਾਲ-ਨਾਲ ਸ਼ਹਿਰ ਅੰਦਰ ਬੁਨਿਆਦੀ ਢਾਂਚੇ ਨੂੰ ਨਵੀਂ ਮਜ਼ਬੂਤੀ ਪ੍ਰਦਾਨ ਕੀਤੀ ਗਈ ਹੈ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਮੇਅਰ ਨਗਰ ਨਿਗਮ ਸੁਰਿੰਦਰ ਕੁਮਾਰ ਸ਼ਿੰਦਾ, ਸੀਨੀਅਰ ਡਿਪਟੀ ਮੇਅਰ ਪ੍ਰਵੀਨ ਸੈਣੀ, ਡਿਪਟੀ ਮੇਅਰ ਰਣਜੀਤ ਚੌਧਰੀ, ਕੌਂਸਲਰ ਇੰਦਰਜੀਤ ਕੌਰ, ਚੌਧਰੀ ਅਮਰਜੀਤ, ਹਰਪਾਲ ਸਿੰਘ, ਸਰਫਰਾਜ ਸਿੰਘ, ਵਿਸ਼ਵ ਨਾਥ, ਸੁੱਚਾ ਸਿੰਘ, ਪੰਡਤ ਬ੍ਰਹਮਾ, ਰਾਹੁਲਵੀਰ ਦਾਸ, ਕਰਨੈਲ ਸਿੰਘ, ਸਤਿੰਦਰ ਸਿੰਘ, ਕਤਿੰਦਰ ਸਿੰਘ, ਤਰਸੇਮ ਸਿੰਘ, ਚੰਚਲ ਸਿੰਘ, ਮਨਜੀਤ ਸਿੰਘ, ਹਰਕਿਰਤ ਸਿੰਘ, ਜਸਵੰਤ ਸਿੰਘ, ਰਣਜੀਤ ਕੁਮਾਰ ਕੋਹਲੀ, ਜਗਤਾਰ ਸਿੰਘ ਬਾਵਾ ਆਦਿ ਮੌਜੂਦ ਸਨ।

Related posts

Leave a Reply