ਜ਼ਿਲ੍ਹਾ ਲਿਖਾਰੀ ਸਭਾ ਰੂਪਨਗਰ ਦੇ ਬਾਨੀ ਗੁਰਿੰਦਰ ਸਿੰਘ ਪ੍ਰੀਤ ਦਾ ਸਦੀਵੀ ਵਿਛੋੜਾ, ਰਸਾਲੇ ‘ਸੂਲ ਸੁਰਾਹੀ’ ਦੇ ਲੰਮਾ ਸਮਾਂ ਸਹਿ-ਸੰਪਾਦਕ ਰਹੇ

ਗੁਰਿੰਦਰ ਸਿੰਘ ਪ੍ਰੀਤ ਅਤੇ ਬਲਦੇਵ ਸਿੰਘ ਕੋਰੇ ਦਾ ਸਦੀਵੀ ਵਿਛੋੜਾ

ਚੰਡੀਗੜ:  ਜ਼ਿਲ੍ਹਾ ਲਿਖਾਰੀ ਸਭਾ ਰੂਪਨਗਰ ਦੇ ਬਾਨੀ ਗੁਰਿੰਦਰ ਸਿੰਘ ਪ੍ਰੀਤ ਜੀ 85 ਸਾਲ ਦੀ ਉਮਰ ਵਿਚ ਸਦੀਵੀ ਵਿਛੋੜਾ ਦੇ ਗਏ ਹਨ। ਉਨ੍ਹਾਂ ਨੇ ਨਾਵਲ ‘ਕਾਤਲ ਕੌਣ’ (1977 ’ਚ), ਇਕ ਖੋਜ ਪੁਸਤਕ ‘ਰੂਪਨਗਰ-ਭਾਸ਼ਾਈ ਤੇ ਸਭਿਆਚਾਰਕ ਸਰਵੇਖਣ’(2009 ’ਚ) ਅਤੇ 34 ਸਾਂਝੇ ਕਾਵਿ, ਕਹਾਣੀ, ਗ਼ਜ਼ਲ, ਰੁਬਾਈਆਂ ਅਤੇ ਨਿੱਕੀ ਕਹਾਣੀ ਸੰਗ੍ਰਹਿ ਸੰਪਾਦਨ ਕੀਤੇ। ਉਹ ਜ਼ਿਲ੍ਹਾ ਲਿਖਾਰੀ ਸਭਾ, ਰੂਪਨਗਰ ਦੇ ਲਗਾਤਾਰ 27 ਸਾਲ ਜਨਰਲ ਸਕੱਤਰ ਰਹੇ ਅਤੇ 12 ਸਾਲ ਸਰਪਰਸਤ ਵਜੋਂ ਸਭਾ ਦਾ ਮਾਰਗ-ਦਰਸ਼ਨ ਕਰਦੇ ਰਹੇ। ਉਹ ਪੰਡਤ ਇੰਦਰਸੈਨ ਬ੍ਰੰਮਾਂ ਨੰਦ ਯਾਦਗਾਰੀ ਸਾਹਿਤਕ ਟਰੱਸਟ ਦੇ ਪ੍ਰਧਾਨ ਵਜੋਂ ਵੀ ਸਮਾਜ ਸੇਵੀ ਸਰਗਰਮੀਆਂ ਵਿਚ ਤਕਰੀਬਨ ਦੋ ਦਹਾਕੇ ਤਕ ਸਰਗਰਮ ਰਹੇ। ਉਹ ਮਾਸਿਕ ਸਾਹਿਤਕ ਰਸਾਲੇ ‘ਸੂਲ ਸੁਰਾਹੀ’ ਦੇ ਵੀ ਲੰਮਾ ਸਮਾਂ ਸਹਿ-ਸੰਪਾਦਕ ਰਹੇ।

ਜ਼ਿਲ੍ਹਾ ਲਿਖਾਰੀ ਸਭਾ ਰੂਪਨਗਰ ਦੇ ਸਾਬਕਾ ਪ੍ਰਧਾਨ ਬਲਦੇਵ ਸਿੰਘ ਕੋਰੇ 79 ਸਾਲ ਦੀ ਉਮਰ ਵਿਚ ਸਦੀਵੀ ਵਿਛੋੜਾ ਦੇ ਗਏ ਹਨ। ਉਨ੍ਹਾਂ 11 ਕਹਾਣੀ ਸੰਗ੍ਰਹਿ ‘ਲੱਡੂ ਮੋਤੀ ਚੂਰ ਦੇ’, ‘ਕੌੜੇ ਮਿੱਠੇ ਸੱਚ’, ‘ਝਾਂਜਰ ਦੀ ਪੈੜ’, ‘ਆਖਰੀ ਖਤ’, ‘ਅਨੇਕ ਰੰਗ’, ‘ਬਹੁਰੰਗ’, ‘ਸਭ ਰੰਗ’, ‘ਗ਼ੈਰਤ’, ‘ਰੰਗ ਨਿਆਰੇ’, ‘ਪੁੱਤਾਂ ਵਾਲੇ ਧੀਆਂ ਵਾਲੇ’, ‘ਯੋਧੇ ਕਾਰਗਿਲ ਦੇ’, 4 ਲੇਖ ਸੰਗ੍ਰਹਿ ‘ਵੱਡਮੁਲੇ ਪੱਤਰੇ’, ‘ਮੇਲੇ ਜ਼ਿਲ੍ਹਾ ਰੂਪਨਗਰ’, ‘ਕੌਣ ਕਹਿੰਦਾ ਮੈਂ ਗੁਰੂ ਦਾ ਸਿੱਖ ਨਹੀਂ’, ‘ਕਾਤਲ ਮਾਸੂਮ ਜਿੰਦਾਂ ਦੇ’ ਅਤੇ 5 ਇਤਿਹਾਸਕ ਨਾਵਲ ‘ਧੰਨ ਮੋਤੀ ਜਿਨ ਪੁੰਨ ਕਮਾਇਆ’, ‘ਗੁਰਦੁਆਰਾ ਬੀਬੀ ਮੁਮਤਾਜ਼ਗੜ੍ਹ ਸਾਹਿਬ’, ‘ਬਾਬਾ ਜਿਊਣ ਸਿੰਘ ਜੀ’, ‘ਕਲਗੀ ਦੇ ਵਾਰਸ’, ‘ਸ਼੍ਰੋਮਣੀ ਸ਼ਹੀਦ ਭਾਈ ਸੰਗਤ ਸਿੰਘ,’ ਅਤੇ 5 ਸਫ਼ਰਨਾਮਾ ‘ਪਾਕਿਸਤਾਨ ਵਿਚਲੇ ਗੁਰਧਾਮ’, ‘ਬੰਗਲਾ ਦੇਸ਼ ਅਤੇ ਕਲਕਤਾ ਦੇ ਗੁਰਦੁਆਰੇ’, ‘ਸ੍ਰੀ ਪਟਨਾ ਸਾਹਿਬ ਵਿਚਲੇ ਗੁਰਧਾਮ’, ‘ਗੁਰਦੁਆਰਾ ਹੈਡ ਦਰਬਾਰ ਕੋਟਿ ਪ੍ਰਗਣਾ’ ਅਤੇ ‘ਸ਼੍ਰੀ ਹਜੂਰ ਸਾਹਿਬ ਅਤੇ ਹੋਰ ਗੁਰਧਾਮ’ ਪੰਜਾਬੀ ਮਾਂ ਬੋਲੀ ਦੀ ਝੋਲੀ ਪਾਏ। ਉਨ੍ਹਾਂ ਪੰਜਾਬੀ ਪੰਦਰਵਾੜਾ ‘ਜਨ ਸਮਾਚਾਰ’ ਅਖਵਾਰ ਜਨਵਰੀ 2001 ਵਿਚ ਸ਼ੁਰੂ ਕਰਕੇ ਅਤੇ ਲਗਾਤਾਰ 20 ਸਾਲ ਪ੍ਰਕਾਸ਼ਤ ਕੀਤਾ।

ਕੇਂਦਰੀ ਪੰਜਾਬੀ ਲੇਖਕ ਸਭਾ (ਰਜਿ.) ਦੇ ਪ੍ਰਧਾਨ ਦਰਸ਼ਨ ਬੁੱਟਰ ਅਤੇ ਜਨਰਲ ਸਕੱਤਰ ਡਾ. ਸੁਖਦੇਵ ਸਿੰਘ ਸਿਰਸਾ ਨੇ ਜ਼ਿਲ੍ਹਾ ਲਿਖਾਰੀ ਸਭਾ ਰੂਪਨਗਰ ਦੇ ਸਾਬਕਾ ਪ੍ਰਧਾਨ ਬਲਦੇਵ ਸਿੰਘ ਕੋਰੇ ਅਤੇ ਸਰਪ੍ਰਸਤ ਗੁਰਿੰਦਰ ਸਿੰਘ ਪ੍ਰੀਤ ਦੇ ਸਦੀਵੀ ਵਿਛੋੜੇ ਉਤੇ ਉਨ੍ਹਾਂ ਦੇ ਪਰਿਵਾਰ, ਸਨੇਹੀਆਂ ਅਤੇ ਜ਼ਿਲ੍ਹਾ ਲਿਖਾਰੀ ਸਭਾ ਦੇ ਮੈਂਬਰਾਂ ਨਾਲ ਹਾਰਦਿਕ ਸੰਵੇਦਨਾ ਸਾਂਝੀ ਕੀਤੀ ਹੈ।

Related posts

Leave a Reply