11ਵੀਂ ਜਮਾਤ ‘ਚ ਪੜ੍ਹਦੀ ਕੁੜੀ ਨੇ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ, ਸਕੂਲ ਦੇ ਅਧਿਆਪਕ ਤੇ ਬਲੈਕਮੇਲ ਕਰਨ ਦਾ ਦੋਸ਼ ਲਗਾਇਆ

ਮੋਗਾ :  ਤਲਵੰਡੀ ਦੋਸਾਂਝ ਵਾਸੀ 11ਵੀਂ ਜਮਾਤ ‘ਚ ਪੜ੍ਹਦੀ ਇਕ ਕੁੜੀ ਨੇ ਆਪਣੇ ਘਰ ਵਿਚ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ। ਲੜਕੀ ਵੱਲੋਂ ਖ਼ੁਦਕੁਸ਼ੀ ਕਰਨ ਤੋਂ ਪਹਿਲਾਂ ਇਕ ਸੁਸਾਈਡ ਨੋਟ ਲਿਖਿਆ ਗਿਆ, ਜਿਸ ਵਿਚ ਉਸ ਨੇ ਸਕੂਲ ਦੇ ਇਕ ਅਧਿਆਪਕ ਤੇ ਸਕੂਲ ਪਿ੍ੰਸੀਪਲ ਦੀ ਲੜਕੀ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਪੁਲਿਸ ਨੇ ਲਾਸ਼ ਕਬਜ਼ੇ ਵਿਚ ਲੈ ਕੇ ਸੁਸਾਈਡ ਨੋਟ ਦੇ ਆਧਾਰ ‘ਤੇ ਸਕੂਲ ਟੀਚਰ ਤੇ ਪਿ੍ੰਸੀਪਲ ਦੀ ਲੜਕੀ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ।

 ਥਾਣਾ ਮਹਿਣਾ ਦੇ ਇੰਚਾਰਜ ਐੱਸਆਈ ਗੁਲਜਿੰਦਰ ਪਾਲ ਸਿੰਘ ਸੇਖੋਂ ਅਨੁਸਾਰ  ਕਿ ਪਿੰਡ ਦੋਸਾਂਝ ਤਲਵੰਡੀ ਵਾਸੀ ਲੜਕੀ ਖੁਸ਼ਪ੍ਰੀਤ ਕੌਰ ਦਾ ਪੂਰਾ ਪਰਿਵਾਰ ਕੈਨੇਡਾ ਵਿਖੇ ਰਹਿੰਦਾ ਹੈ ਪਰ ਉਹ ਪੜ੍ਹਾਈ ਕਰਨ ਲਈ ਆਪਣੇ ਨਾਨਾ ਨਾਨੀ ਕੋਲ ਰਹਿੰਦੀ ਸੀ।  ਸ਼ਾਮ ਨੂੰ ਉਸ ਨੇ ਗੱਡੀ ਪਾਰਕ ਕਰਨ ਵਾਲੇ ਕਮਰੇ ਵਿਚ ਪੱਖੇ ਨਾਲ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ।

ਘਟਨਾ ਦਾ ਪਤਾ ਲਗਦੇ ਹੀ ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਜਾਂਚ ਸ਼ੁਰੂ ਕੀਤੀ ਤਾਂ ਲਾਸ਼ ਕੋਲ ਪੁਲਿਸ ਨੂੰ ਇਕ ਸੁਸਾਈਡ ਨੋਟ ਮਿਲਿਆ ਜਿਸ ਵਿਚ ਖੁਸ਼ਪ੍ਰੀਤ ਕੌਰ ਨੇ ਆਪਣੀ ਮੌਤ ਦੇ ਜ਼ਿੰਮੇਵਾਰ ਸਕੂਲ ਪਿ੍ੰਸੀਪਲ ਦੀ ਬੇਟੀ ਤੇ ਇਕ ਸਕੂਲ ਟੀਚਰ ਨੂੰ ਠਹਿਰਾਇਆ ਹੈ।

ਸੁਸਾਈਡ ਨੋਟ ਵਿਚ ਖੁਸ਼ਪ੍ਰੀਤ ਕੌਰ ਨੇ ਲਿਖਿਆ ਕਿ ਉਸ ਨੂੰ ਸਕੂਲ ਟੀਚਰ ਅਮਨਦੀਪ ਤੇ ਪਿ੍ੰਸੀਪਲ ਦੀ ਲੜਕੀ ਰਵਲੀਨ ਕੌਰ ਪਿਛਲੇ ਦੋ ਮਹੀਨੇ ਤੋਂ ਬਲੈਕਮੇਲ ਕਰ ਰਹੇ ਸਨ ਜਿਸ ਤੋਂ ਤੰਗ ਹੋ ਕੇ ਉਸ ਨੇ ਮੌਤ ਨੂੰ ਗਲੇ ਲਗਾ ਲਿਆ ਹੈ। ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਮਿ੍ਤਕਾ ਦੇ ਨਾਨੇ ਜਸਵੀਰ ਸਿੰਘ ਦੇ ਬਿਆਨ ‘ਤੇ ਮੁਲਜ਼ਮ ਸਕੂਲ ਟੀਚਰ ਤੇ ਪਿ੍ੰਸੀਪਲ ਦੀ ਲੜਕੀ ਖ਼ਿਲਾਫ਼ ਖ਼ੁਦਕੁਸ਼ੀ ਲਈ ਮਜਬੂਰ ਕਰਨ ਦੇ ਦੋਸ਼ ‘ਚ ਥਾਣਾ ਮਹਿਣਾ ਵਿਚ   ਮਾਮਲਾ ਦਰਜ ਕਰ ਲਿਆ ਹੈ। ਉੱਧਰ ਪਤਾ ਲੱਗਾ ਹੈ ਕਿ ਖੁਸ਼ਪ੍ਰੀਤ ਕੌਰ ਵੱਲੋਂ ਖ਼ੁਦਕੁਸ਼ੀ ਦੀ ਘਟਨਾ ਤੋਂ ਬਾਅਦ ਤੋਂ ਹੀ ਪਿ੍ੰਸੀਪਲ ਪਰਿਵਾਰ ਸਮੇਤ  ਗਾਇਬ ਹੋ ਗਈ ਹੈ।

ਖੁਸ਼ਪ੍ਰੀਤ ਕੌਰ ਨੇ ਆਪਣੇ ਸੁਸਾਈਡ ਨੋਟ ‘ਚ ਲਿਖਿਆ ਹੈ ਕਿ ‘ਡੇਟਿੰਗ ਇਜ਼ ਨਾਟ ਕ੍ਰਾਈਮ’ ਨਾਲ ਹੀ ਉਕਤ ਦੋਵਾਂ ‘ਤੇ ਬਲੈਕਮੇਲ ਕਰਨ ਦਾ ਦੋਸ਼ ਲਗਾਇਆ ਹੈ। ਸੁਸਾਈਡ ਨੋਟ ‘ਚ ਆਪਣੇ ਮੋਬਾਈਲ ਦਾ ਪਾਸਵਰਡ ਲਿਖਣ ਦੇ ਨਾਲ ਹੀ ਇਹ ਵੀ ਲਿਖਿਆ ਹੈ ਕਿ ਮੋਬਾਈਲ ਫੋਨ ‘ਚ ਸਕਰੀਨ ਸ਼ਾਟ ਦਾ ਫੋਲਡਰ ਸਾਰੇ ਭੇਤ ਖੋਲ੍ਹ ਦੇਵੇਗਾ।  ਪੁਲਿਸ ਨੇ ਮਿ੍ਤਕਾ ਦਾ ਮੋਬਾਈਲ ਫੋਨ ਕਬਜ਼ੇ ‘ਚ ਲੈ ਲਿਆ ਹੈ।

Related posts

Leave a Reply