14 ਜੂਨ ਤੱਕ ਆਨਲਾਈਨ ਆਧਾਰ ਅਪਡੇਟ ਮੁਫ਼ਤ : ਡਿਪਟੀ ਡਾਇਰੈਕਟਰ ਜਨਰਲ ਭਾਵਨਾ ਗਰਗ

14 ਜੂਨ ਤੱਕ ਆਨਲਾਈਨ ਆਧਾਰ ਅਪਡੇਟ ਮੁਫ਼ਤ : ਡਿਪਟੀ ਡਾਇਰੈਕਟਰ ਜਨਰਲ ਭਾਵਨਾ ਗਰਗ

ਹੁਸ਼ਿਆਰਪੁਰ ਜ਼ਿਲ੍ਹੇ ’ਚ ਆਧਾਰ ਕਾਰਡ ਨਾਲ ਸਬੰਧਤ ਪ੍ਰਕਿਰਿਆਵਾਂ ਦੀ ਕੀਤੀ ਸਮੀਖਿਆ

ਆਧਾਰ ਕਾਰਡ ਨਾਲ ਸਬੰਧਤ ਅਮਲੇ ਨੂੰ ਦਿੱਤੀ ਜਾਵੇਗੀ ਵਿਸਥਾਰਤ ਟਰੇਨਿੰਗ

ਭਾਰਤ ਦੀ ਵਿਲੱਖਣ ਪਛਾਣ ਅਥਾਰਟੀ (ਯੂ.ਆਈ.ਡੀ.ਏ.ਆਈ) ਦੇ ਡਿਪਟੀ ਡਾਇਰੈਕਟਰ ਜਨਰਲ ਆਈ.ਏ.ਐਸ. ਅਧਿਕਾਰੀ ਭਾਵਨਾ ਗਰਗ ਨੇ ਅੱਜ ਇਥੇ ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਅਤੇ ਹੋਰਨਾਂ ਸਬੰਧਤ ਅਧਿਕਾਰੀਆਂ ਨਾਲ ਮੀਟਿੰਗ ਕਰਦਿਆਂ ਆਧਾਰ ਕਾਰਡ ਅਤੇ ਇਸ ਸਬੰਧੀ ਜਾਰੀ ਨਵੀਆਂ ਹਦਾਇਤਾਂ ਦੀ ਸਮੀਖਿਆ ਕੀਤੀ।

          ਡਿਪਟੀ ਡਾਇਰੈਕਟਰ ਜਨਰਲ ਭਾਵਨਾ ਗਰਗ ਨੇ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਆਧਾਰ ਨਾਲ ਸਬੰਧਤ ਰਿਕਾਰਡ ਨੂੰ ਹੋਰ ਮਜ਼ਬੂਤ ਕਰਨ ਲਈ ਵਸਨੀਕਾਂ ਦਾ ਸ਼ਨਾਖਤੀ ਸਬੂਤ ਅਤੇ ਪਤੇ ਦਾ ਸਬੂਤ ਅਪਡੇਟ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਜਿਹੜੇ ਆਧਾਰ ਕਾਰਡ ਹੋਲਡਰਾਂ ਨੇ 2015 ਤੋਂ ਪਹਿਲਾਂ ਕਾਰਡ ਬਣਾਇਆ ਹੈ ਉਹ ਆਪਣੇ ਨੇੜਲੇ ਆਧਾਰ ਸੈਂਟਰ ਜਾਂ https://uidai.gov.in ਰਾਹੀਂ ਆਪਣੀ ਜਾਣਕਾਰੀ ਅਪਡੇਟ ਕਰਨ। ਉਨ੍ਹਾਂ ਦੱਸਿਆ ਕਿ 14 ਜੂਨ 2025 ਤੱਕ ਆਨਲਾਈਨ ਅਪਡੇਟ ਦੀ ਸਹੂਲਤ ਬਿਲਕੁੱਲ ਮੁਫ਼ਤ ਹੈ।

          ਆਧਾਰ ਨਾਲ ਸਬੰਧਤ ਸੁਰੱਖਿਆ ਪੱਖਾਂ ਦੀ ਗੱਲ ਕਰਦਿਆਂ ਭਾਵਨਾ ਗਰਗ ਨੇ ਆਧਾਰ ਕਾਰਡ ਹੋਲਡਰਾਂ ਨੂੰ ਕਿਹਾ ਕਿ ਉਹ  ਆਪਣੇ ਬਾਇਓਮੈਟ੍ਰਿਕ ਆਨਲਾਈਨ ਲਾਕ ਕਰ ਲੈਣ। ਉਨ੍ਹਾਂ ਕਿਹਾ ਕਿ ਆਧਾਰ ਨਾਲ ਸਬੰਧਤ ਵੱਖ-ਵੱਖ ਸੇਵਾਵਾਂ ਦਾ  https://myaadhaar.uidai.gov.in ਅਤੇ the aadhaarmobil application ਰਾਹੀਂ ਸੁਚੱਜਾ ਲਾਭ ਲੈਣ ਲਈ ਮੋਬਾਇਲ ਨੰਬਰ ਨੂੰ ਰਜਿਸਟਰਡ ਕਰਵਾਉਣਾ ਯਕੀਨੀ ਬਣਾਉਣ। ਉਨ੍ਹਾਂ ਕਿਹਾ ਕਿ ਜਨਮ ਸਰਟੀਫਿਕੇਟ ’ਤੇ ਸਹੀ ਨਾਮ ਦਰਜ ਕਰਵਾਏ ਜਾਣ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਹਸਪਤਾਲਾਂ, ਨਰਸਿੰਗ ਹੋਮਾਂ, ਟੀਕਾਕਰਨ ਸੈਂਟਰਾਂ ਅਤੇ ਆਂਗਣਵਾੜੀ ਸੈਂਟਰਾਂ ’ਤੇ 5 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦੇ ਆਧਾਰ ਕਾਰਡ ਬਣਾਉਣ ਲਈ ਵਿਸ਼ੇਸ਼ ਕੈਂਪ ਲਾਏ ਜਾਣਗੇ। ਉਨ੍ਹਾਂ ਕਿਹਾ ਕਿ ਬੱਚਿਆਂ ਦੀ 5 ਸਾਲ ਅਤੇ 15 ਸਾਲ ਉਮਰ ਹੋਣ ’ਤੇ ਬਾਇਓਮੈਟ੍ਰਿਕ ਲਾਜ਼ਮੀ ਅਪਡੇਟ ਕਰਵਾ ਲਏ ਜਾਣ। ਉਨ੍ਹਾਂ ਕਿਹਾ ਕਿ ਜੇਕਰ ਸਮੇਂ ਸਿਰ ਬਾਇਓਮੈਟ੍ਰਿਕ ਨਹੀਂ ਕਰਵਾਈ ਜਾਂਦੀ ਤਾਂ ਇਨ੍ਹਾਂ ਕੇਸਾਂ ਵਿਚ ਬੱਚੇ ਦੀ ਉਮਰ 7 ਸਾਲ ਜਾਂ 17 ਸਾਲ ਹੋਣ ’ਤੇ ਡਾਟਾ ਖਤਮ ਹੋਣ ਦਾ ਖਦਸ਼ਾ ਰਹਿੰਦਾ ਹੈ।

          ਜ਼ਿਲ੍ਹਾ ਸਿੱਖਿਆ ਅਫ਼ਸਰ ਨੂੰ ਸਕੂਲਾਂ ਵਿਚ ਆਧਾਰ ਬਾਇਓਮੈਟ੍ਰਿਕ ਅਪਡੇਟ ਦੀ ਤਾਕੀਦ ਕਰਦਿਆਂ ਭਾਵਨਾ ਗਰਗ ਨੇ ਕਿਹਾ ਕਿ 5 ਤੋਂ 7 ਸਾਲ ਉਮਰ  ਅਤੇ 15 ਤੋਂ 17 ਸਾਲ ਉਮਰ ਦੇ ਬੱਚਿਆਂ ਦੇ ਆਧਾਰ ਅਪਡੇਟ ਲਈ ਹਫ਼ਤਾਵਰੀ ਆਧਾਰ ’ਤੇ ਕੈਂਪ ਲਾਏ ਜਾਣ। ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਦੀ ਮੰਗ ਨੂੰ ਪ੍ਰਵਾਨ ਕਰਦਿਆਂ ਡਿਪਟੀ ਡਾਇਰੈਕਟਰ ਜਨਰਲ ਨੇ ਕਿਹਾ ਕਿ ਯੂ.ਆਈ.ਡੀ.ਏ.ਆਈ. ਨਾਲ ਸਬੰਧਤ ਟਰੇਨਿੰਗ ਸੈਸ਼ਨ ਲਗਾਏ ਜਾਣਗੇ ਤਾਂ ਜੋ ਅਧਿਕਾਰੀਆਂ ਨੂੰ ਆਧਾਰ ਕੈਂਪਾਂ, ਰੈਗੂਲਰ ਸਮੀਖਿਆ, ਆਧਾਰ ਸੈਂਟਰਾਂ ਦਾ ਦੌਰਾ, ਬਕਾਇਆ ਬਿਨੈ ਪੱਤਰਾਂ ਨੂੰ ਪੂਰਾ ਕਰਨ, ਬਾਇਓਮੈਟ੍ਰਿਕ ਨੂੰ ਯਕੀਨੀ ਬਣਾਉਣ ਅਤੇ ਆਧਾਰ ਸਬੰਧੀ ਵੱਖ-ਵੱਖ ਮਾਧਿਅਮਾਂ ਰਾਹੀਂ ਜਾਗਰੂਕ ਕੀਤਾ ਜਾ ਸਕੇ। ਡਿਪਟੀ ਕਮਿਸ਼ਨਰ ਨੇ ਜ਼ਿਲ੍ਹਾ ਵਾਸੀਆਂ ਨੂੰ ਆਨਲਾਈਨ ਆਧਾਰ ਅਪਡੇਟ ਦੀ ਸਹੂਲਤ ਦਾ ਲਾਭ ਲੈਣ ਦੀ ਵੀ ਅਪੀਲ ਕੀਤੀ।

ਕੈਪਸ਼ਨ: ਯੂ.ਆਈ.ਡੀ.ਏ.ਆਈ ਦੇ ਡਿਪਟੀ ਡਾਇਰੈਕਟਰ ਜਨਰਲ ਭਾਵਨਾ ਗਰਗ ਸੋਮਵਾਰ ਨੂੰ ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਅਤੇ ਹੋਰਨਾਂ ਅਧਿਕਾਰੀਆਂ ਨਾਲ ਮੀਟਿੰਗ ਕਰਦੇ ਹੋਏ। 

1000

Related posts

Leave a Reply