LATEST: 2021 ’ਚ ਵਿਕਾਸ ਦੀਆਂ ਵੱਡੀਆਂ ਪੁਲਾਂਘਾ ਪੁੱਟੇਗਾ ਹੁਸ਼ਿਆਰਪੁਰ : ਸੁੰਦਰ ਸ਼ਾਮ ਅਰੋੜਾ

2021 ’ਚ ਵਿਕਾਸ ਦੀਆਂ ਵੱਡੀਆਂ ਪੁਲਾਂਘਾ ਪੁੱਟੇਗਾ ਹੁਸ਼ਿਆਰਪੁਰ : ਸੁੰਦਰ ਸ਼ਾਮ ਅਰੋੜਾ
ਕਿਹਾ 2020 ਰਿਹੈ ਵਿਕਾਸਮਈ ਵਰ੍ਹਾ, ਕਈ ਅਹਿਮ ਪ੍ਰੋਜੈਕਟ ਹੋਏ ਮੁਕੰਮਲ
ਆਉਂਦੇ ਸਾਲ ’ਚ ਮਲਟੀਪਰਪਜ਼ ਸਪੋਰਟਸ ਸਟੇਡੀਅਮ, ਅਤਿ ਆਧੁਨਿਕ ਕਮਿਊਨਿਟੀ ਹਾਲ, ਜੁਡੀਸ਼ੀਅਲ ਕੰਪਲੈਕਸ ਆਦਿ ਪ੍ਰੋਜੈਕਟ ਹੋਣਗੇ ਲੋਕਾਂ ਨੂੰ ਸਮਰਪਿਤ
ਮੈਡੀਕਲ ਕਾਲਜ, ਆਰਮਡ ਫੋਰਸਿਜ਼ ਪ੍ਰੈਪਰੇਟਰੀ ਇੰਸਟੀਚਿਊਟ ਬਜਵਾੜਾ ਪ੍ਰੋਜੈਕਟਾਂ ’ਤੇ ਜਲਦ ਸ਼ੁਰੂ ਹੋਵੇਗਾ ਕੰਮ
ਹੁਸ਼ਿਆਰਪੁਰ, 30 ਦਸੰਬਰ:
ਪੰਜਾਬ ਸਰਕਾਰ ਵਲੋਂ ਸਾਲ 2020 ਦੌਰਾਨ ਕਰਾਏ ਗਏ ਵੱਖ-ਵੱਖ ਅਹਿਮ ਵਿਕਾਸ ਕਾਰਜਾਂ ਸਦਕਾ ਇਹ ਵਰ੍ਹਾ ਹੁਸ਼ਿਆਰਪੁਰ ਲਈ ਵਿਕਾਸਮਈ ਸਾਲ ਸਾਬਤ ਹੋਇਆ ਅਤੇ ਸ਼ੁਰੂ ਹੋਣ ਜਾ ਰਹੇ 2021 ਵਿੱਚ ਵਿਕਾਸ ਦੀਆਂ ਵੱਡੀਆਂ ਪੁਲਾਂਘਾ ਪੁੱਟਦਿਆਂ ਕਰੋੜਾਂ ਰੁਪਏ ਦੀ ਲਾਗਤ ਨਾਲ ਮੁਕੰਮਲ ਹੋਣ ਜਾ ਰਹੇ ਕਈ ਪ੍ਰੋਜੈਕਟ ਲੋਕਾਂ ਨੂੰ ਸਮਰਪਿਤ ਕੀਤੇ ਜਾਣਗੇ ਜਿਨ੍ਹਾਂ ਵਿੱਚ ਬਹੁਮੰਤਵੀ ਖੇਡ ਸਟੇਡੀਅਮ, ਅਤਿ-ਆਧੁਨਿਕ ਸਹੂਲਤਾਂ ਨਾਲ ਲੈਸ ਕਮਿਊਨਿਟੀ ਸੈਂਟਰ, ਜੁਡੀਸ਼ੀਅਲ ਕੋਰਟ ਕੰਪਲੈਕਸ ਅਤੇ ਸਰਦਾਰ ਬਹਾਦਰ ਅਮੀ ਚੰਦ ਸੋਨੀ ਆਰਮਡ ਫੋਰਸਿਜ਼ ਪ੍ਰੈਪਰੇਟਰੀ ਇੰਸਟੀਚਿਊਟ, ਬਜਵਾੜਾ ਸ਼ਾਮਲ ਹਨ।
ਉਦਯੋਗ ਤੇ ਵਣਜ ਮੰਤਰੀ ਸੁੰਦਰ ਸ਼ਾਮ ਅਰੋੜਾ ਨੇ ਇਹ ਪ੍ਰਗਟਾਵਾ ਕਰਦਿਆਂ ਸ਼ਹਿਰ ਅੰਦਰ ਚੱਲ ਰਹੇ ਵਿਕਾਸ ਕਾਰਜਾਂ ਦੀ ਰਫ਼ਤਾਰ ’ਤੇ ਤਸੱਲੀ ਪ੍ਰਗਟਾਈ ਅਤੇ ਕਿਹਾ ਕਿ 2021 ਵਿੱਚ ਹੁਸ਼ਿਆਰਪੁਰ ਵਿਕਾਸ ਦੇ ਖੇਤਰ ਵਿੱਚ ਨਵੇਂ ਦਿੱਸਹਦੇ ਕਾਇਮ ਕਰੇਗਾ। ਉਨ੍ਹਾਂ ਕਿਹਾ ਕਿ ਪੂਰਾ ਹੋਣ ਜਾ ਰਹੇ ਸਾਲ 2020 ਵਿੱਚ ਸ਼ਹਿਰ ਦੇ ਲੋਕਾਂ ਦੀਆਂ ਬਹੁਤ ਚਿਰੋਕਲੀਆਂ ਮੰਗਾਂ ਨੂੰ ਪ੍ਰਵਾਨ ਕਰਦਿਆਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿੱਚ ਹਰ ਖੇਤਰ ਨਾਲ ਸਬੰਧਤ ਕੰਮਾਂ ਨੂੰ ਬਹੁਤ ਹੀ ਸੁਚੱਜੇ ਢੰਗ ਨਾਲ ਨੇਪਰੇ ਚਾੜਦਿਆਂ ਲੋਕਾਂ ਨੂੰ ਆਧੁਨਿਕ ਸਹੂਲਤਾਂ ਪ੍ਰਦਾਨ ਕਰਵਾਈਆਂ ਗਈਆਂ। ਉਨ੍ਹਾਂ ਕਿਹਾ ਕਿ ਭਾਵੇਂ 2020 ਵਿੱਚ ਕੋਰੋਨਾ ਮਹਾਂਮਾਰੀ ਕਾਰਨ ਪੈਦਾ ਹੋਏ ਗੰਭੀਰ ਸੰਕਟਾਂ ਨੇ ਹਰ ਖੇਤਰ ਨੂੰ ਬੁਰੀ ਤਰ੍ਹਾਂ ਢਾਹ ਲਾਈ ਪਰ ਬਾਵਜੂਦ ਇਸ ਦੇ ਪੰਜਾਬ ਸਰਕਾਰ ਨੇ ਸ਼ਹਿਰ ਅੰਦਰ ਵਿਕਾਸ ਕਾਰਜਾਂ ਦੀ ਰਫ਼ਤਾਰ ਮੱਠੀ ਨਹੀਂ ਪੈਣ ਦਿੱਤਾ ਅਤੇ ਉਲੀਕੇ ਹੋਏ ਕਾਰਜ ਸਮਾਂਬੱਧ ਢੰਗ ਨਾਲ ਮੁਕੰਮਲ ਕਰਵਾਏ।
ਸੁੰਦਰ ਸ਼ਾਮ ਅਰੋੜਾ ਨੇ ਦੱਸਿਆ ਕਿ ਹੁਸ਼ਿਆਰਪੁਰ ਵਿੱਚ 60.28 ਕਰੋੜ ਰੁਪਏ ਦੀ ਲਾਗਤ ਨਾਲ ਨਵਾਂ ਜੁਡੀਸ਼ੀਅਲ ਕੰਪਲੈਕਸ ਬਣ ਰਿਹਾ ਹੈ ਜਿਸ ਦੀ ਉਸਾਰੀ ਆਉਂਦੇ ਕੁਝ ਮਹੀਨਿਆਂ ਵਿੱਚ ਮੁਕੰਮਲ ਹੋਣ ਉਪਰੰਤ ਇਹ ਪ੍ਰੋਜੈਕਟ ਸ਼ੁਰੂ ਹੋਣ ਨਾਲ ਪੂਰੇ ਜ਼ਿਲ੍ਹੇ ਦੇ ਲੋਕਾਂ ਨੂੰ ਵੱਡੀ ਸਹੂਲਤ ਪ੍ਰਦਾਨ ਹੋਵੇਗੀ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਖੇਡਾਂ ਨੂੰ ਉਤਸ਼ਾਹਿਤ ਕਰਨ ਲਈ ਕੀਤੇ ਉਪਰਾਲਿਆਂ ਤਹਿਤ ਹੁਸ਼ਿਆਰਪੁਰ ਵਿੱਚ 6.99 ਕਰੋੜ ਰੁਪਏ ਦੀ ਲਾਗਤ ਨਾਲ ਬਹੁਮੰਤਵੀ ਇਨਡੋਰ ਖੇਡ ਸਟੇਡੀਅਮ ਦੀ ਉਸਾਰੀ ਦਾ ਕੰਮ ਲਗਭਗ ਅੰਤਮ ਪੜਾਅ ’ਤੇ ਹੈ ਜੋ ਕਿ ਜਲਦ ਹੀ ਲੋਕਾਂ ਨੂੰ ਸਮਰਪਿਤ ਕੀਤਾ ਜਾਵੇਗਾ। ਸ਼ਹਿਰ ਅੰਦਰ ਆਮ ਲੋਕਾਂ ਦੀ ਸਹੂਲਤ ਲਈ 6.11 ਕਰੋੜ ਰੁਪਏ ਦੀ ਲਾਗਤ ਨਾਲ ਬਣਾਏ ਜਾ ਰਹੇ ਕਮਿਊਨਿਟੀ ਸੈਂਟਰ ਸਬੰਧੀ ਸੁੰਦਰ ਸ਼ਾਮ ਅਰੋੜਾ ਨੇ ਦੱਸਿਆ ਕਿ ਇਹ ਪ੍ਰੋਜੈਕਟ ਵੀ ਲਗਭਗ ਮੁਕੰਮਲ ਹੋਣ ਕਿਨਾਰੇ ਹੈ ਅਤੇ ਇਸ ਦੀ ਸ਼ੁਰੂਆਤ ਨਾਲ ਆਮ ਲੋਕਾਂ ਨੂੰ ਭਾਰੀ ਸਹੂਲਤ ਮਿਲੇਗੀ ਕਿਉਂਕਿ ਇਥੇ ਕਰੀਬ 1000 ਲੋਕਾਂ ਦੀ ਇਕੱਤਰਤਾ ਵਾਲੇ ਸਮਾਗਮ ਬਹੁਤ ਵਧੀਆ ਢੰਗ ਨਾਲ ਕਰਵਾਏ ਜਾ ਸਕਣਗੇ।
ਸ਼ਹਿਰ ਦੇ ਨਾਲ ਲੱਗਦੇ ਬਜਵਾੜਾ ਵਿਖੇ 22.95 ਕਰੋੜ ਰੁਪਏ ਦੀ ਲਾਗਤ ਨਾਲ ਬਨਣ ਵਾਲੇ ਸਰਦਾਰ ਬਹਾਦਰ ਅਮੀ ਚੰਦ ਸੋਨੀ ਆਰਮਡ ਫੋਰਸਿਜ਼ ਪ੍ਰੈਪਰੇਟਰੀ ਇੰਸਟੀਚਿਊਟ ਬਾਰੇ ਦੱਸਦਿਆਂ ਉਦਯੋਗ ਮੰਤਰੀ ਨੇ ਕਿਹਾ ਕਿ ਇਸ ਪ੍ਰੋਜੈਕਟ ਸਬੰਧੀ ਟੈਂਡਰ ਪ੍ਰਕ੍ਰਿਆ ਮੁਕੰਮਲ ਹੋ ਗਈ ਹੈ ਅਤੇ ਜਲਦ ਹੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਕੰਮ ਦੀ ਸ਼ੁਰੂਆਤ ਕਰਵਾਈ ਜਾਵੇਗੀ। ਉਨ੍ਹਾਂ ਕਿਹਾ ਕਿ ਇਸ ਇੰਸਟੀਚਿਊਟ ਦੀ ਸਥਾਪਤੀ ਨਾਲ ਖੇਤਰ ਦੇ ਨੌਜਵਾਨਾਂ ਨੂੰ ਲੋੜੀਂਦੀ ਸਿੱਖਿਆ ਹਾਸਲ ਕਰਨ ਉਪਰੰਤ ਭਾਰਤੀ ਫੌਜ ਵਿੱਚ ਵੱਖ-ਵੱਖ ਅਹੁਦਿਆਂ ’ਤੇ ਦੇਸ਼ ਦੀ ਸੇਵਾ ਕਰਨ ਦਾ ਮੌਕਾ ਮਿਲੇਗਾ। ਸਥਾਨਕ ਸਰਕਾਰੀ ਕਾਲਜ ਵਿੱਚ 4.19 ਕਰੋੜ ਰੁਪਏ ਦੀ ਲਾਗਤ ਨਾਲ ਬਣਾਏ ਜਾ ਰਹੇ ਲੜਕੀਆਂ ਦੇ ਹੋਸਟਲ ਅਤੇ 2.41 ਕਰੋੜ ਰੁਪਏ ਦੀ ਲਾਗਤ ਨਾਲ ਉਸਾਰੀ ਅਧੀਨ ਲਾਇਬ੍ਰੇਰੀ ਸਬੰਧੀ ਸੁੰਦਰ ਸ਼ਾਮ ਅਰੋੜਾ ਨੇ ਕਿਹਾ ਕਿ ਇਹ ਦੋਵੇਂ ਪ੍ਰੋਜੈਕਟ ਆਉਂਦੇ ਕੁਝ ਮਹੀਨਿਆਂ ਵਿੱਚ ਮੁਕੰਮਲ ਹੋ ਜਾਣਗੇ ਜਿਸ ਨਾਲ ਸਰਕਾਰੀ ਕਾਲਜ ਦੇ ਵਿਦਿਆਰਥੀਆਂ ਨੂੰ ਚੋਖਾ ਲਾਭ ਮਿਲੇਗਾ।
ਮੈਡੀਕਲ ਸਿੱਖਿਆ ਦੇ ਖੇਤਰ ਵਿੱਚ ਮੀਲ ਪੱਥਰ ਸਾਬਤ ਹੋਵੇਗਾ ਮੈਡੀਕਲ ਕਾਲਜ:
ਹੁਸ਼ਿਆਰਪੁਰ ਵਿਖੇ 325 ਕਰੋੜ ਰੁਪਏ ਦੀ ਲਾਗਤ ਨਾਲ ਸਥਾਪਤ ਹੋਣ ਵਾਲੇ ਮੈਡੀਕਲ ਕਾਲਜ ਸਬੰਧੀ ਸੁੰਦਰ ਸ਼ਾਮ ਅਰੋੜਾ ਨੇ ਦੱਸਿਆ ਕਿ ਇਹ ਪ੍ਰੋਜੈਕਟ ਵੀ ਜਲਦ ਹੀ ਸ਼ੁਰੂ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਮੈਡੀਕਲ ਦੇ ਵਿਦਿਆਰਥੀਆਂ ਅਤੇ ਫੈਕਿਲਟੀ ਲਈ ਹੋਸਟਲਾਂ ਲਈ ਚੰਡੀਗੜ੍ਹ ਰੋਡ ’ਤੇ ਜਗ੍ਹਾ ਦੀ ਸ਼ਨਾਖਤ ਹੋ ਚੁੱਕੀ ਹੈ ਅਤੇ ਇਸ ਦੇ ਟੈਂਡਰ ਵੀ ਜਲਦ ਹੀ ਲਗਾਏ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਮੈਡੀਕਲ ਕਾਲਜ ਪ੍ਰੋਜੈਕਟ ਤਹਿਤ ਸਥਾਨਕ ਸਿਵਲ ਹਸਪਤਾਲ ਨੂੰ 300 ਬੈਡਾਂ ਦਾ ਕੀਤਾ ਜਾ ਰਿਹਾ ਹੈ। ਕੈਂਸਰ ਹਸਪਤਾਲ ਸਬੰਧੀ ਅਰੋੜਾ ਨੇ ਦੱਸਿਆ ਕਿ ਇਹ ਪ੍ਰੋਜੈਕਟ ਵੀ ਜਲਦ ਸੁਰੂ ਹੋਣ ਵਾਲਾ ਹੈ ਕਿਉਂਕਿ ਹਸਪਤਾਲ ਦਾ ਡਿਜਾਇਨ ਲਗਭਗ ਮੁਕੰਮਲ ਹੋਣ ਦੇ ਨਾਲ-ਨਾਲ ਇਸ ਸਬੰਧੀ ਫੰਡ ਵੀ ਉਪਲਬੱਧ ਹੋ ਚੁੱਕੇ ਹਨ।
ਮਹਿਲਾ ਸਸ਼ਕਤੀਕਰਨ ਦੇ ਖੇਤਰ ’ਚ ਵੱਡੀ ਪੁਲਾਂਘ :
ਉਦਯੋਗ ਮੰਤਰੀ ਸੁੰਦਰ ਸ਼ਾਮ ਅਰੋੜਾ ਨੇ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਮਹਿਲਾ ਸਸ਼ਕਤੀਕਰਨ ਨੂੰ ਲੈ ਕੇ ਕੀਤੇ ਜਾ ਰਹੇ ਉਪਰਾਲਿਆਂ ਤਹਿਤ ਜ਼ਿਲ੍ਹਾ ਪ੍ਰਸ਼ਾਸਨ ਨੇ ਸਾਲ 2020 ਦੌਰਾਨ ਕਾਰਪੋਰੇਟ ਸਮਾਜਿਕ ਜ਼ਿੰਮੇਵਾਰੀ ਫੰਡਾਂ ਰਾਹੀਂ 50 ਲੱਖ ਰੁਪਏ ਦੀ ਲਾਗਤ ਨਾਲ 38 ਲੋੜਵੰਦ ਮਹਿਲਾਵਾਂ ਨੂੰ ਈ-ਰਿਕਸ਼ਾ ਸੌਂਪਦਿਆਂ ਉਨ੍ਹਾਂ ਨੂੰ ਆਪਣੇ ਪੈਰ੍ਹੀਂ ਹੋਣ ਦਾ ਮੌਕਾ ਪ੍ਰਦਾਨ ਕੀਤਾ ਅਤੇ ਇਹ ਮਹਿਲਾਵਾਂ ਸ਼ਹਿਰ ਵਿੱਚ ਈ-ਰਿਕਸ਼ਾ ਚਲਾ ਕੇ ਆਪਣੀ ਰੋਜ਼ੀ ਰੋਟੀ ਵਧੀਆ ਢੰਗ ਨਾਲ ਕਮਾ ਰਹੀਆਂ ਹਨ।
ਸ਼ਹਿਰ ਦੇ ਬੁਨਿਆਦੀ ਢਾਂਚੇ ਨੂੰ ਮਿਲੀ ਨਵੀਂ ਮਜ਼ਬੂਤੀ :
ਸਾਲ 2020 ਦੌਰਾਨ ਸ਼ਹਿਰ ਦੇ ਲਗਭਗ ਹਰ ਖੇਤਰ ਵਿੱਚ ਲੋੜੀਂਦੇ ਵਿਕਾਸ ਕਾਰਜ ਕਰਵਾਉਣ ’ਤੇ ਤਸੱਲੀ ਪ੍ਰਗਟ ਕਰਦਿਆਂ ਸੁੰਦਰ ਸ਼ਾਮ ਅਰੋੜਾ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਸ਼ਹਿਰ ਦੀਆਂ ਲਗਭਗ ਸਾਰੀਆਂ ਮੁੱਖ ਸੜਕਾਂ ਦੀ ਉਸਾਰੀ ਅਤੇ ਮੁਰੰਮਤ ਨੂੰ ਲਗਭਗ 15.35 ਕਰੋੜ ਰੁਪਏ ਦੀ ਲਾਗਤ ਨਾਲ ਮੁਕੰਮਲ ਕਰਦਿਆਂ ਸ਼ਹਿਰ ਵਾਸੀਆਂ ਨੂੰ ਵੱਡੀ ਸਹੂਲਤ ਪ੍ਰਦਾਨ ਕੀਤੀ। ਉਨ੍ਹਾਂ ਦੱਸਿਆ ਕਿ ਇਸੇ ਸਾਲ ਫੋਕਲ ਪੁਆਇੰਟ ਹੁਸ਼ਿਆਰਪੁਰ ਦੇ ਸਰਵਪੱਖੀ ਵਿਕਾਸ ਲਈ 10 ਕਰੋੜ ਰੁਪਏ ਦੇਣ ਦੇ ਨਾਲ-ਨਾਲ ਪੰਜਾਬ ਸਰਕਾਰ ਵਲੋਂ ਸ਼ਹਿਰ ਵਿੱਚ 100 ਫੀਸਦੀ ਸੀਵਰੇਜ਼ ਅਤੇ ਵਾਟਰ ਸਪਲਾਈ ਦੇ ਕੰਮਾਂ ਨੂੰ ਨੇਪਰੇ ਚਾੜਿਆ ਗਿਆ। ਉਨ੍ਹਾਂ ਦੱਸਿਆ ਕਿ ਸ਼ਹਿਰ ਦੇ ਵੱਖ-ਵੱਖ 26 ਥਾਵਾਂ ’ਤੇ ਸੀ.ਸੀ.ਟੀ.ਵੀ. ਕੈਮਰੇ ਲਾਉਣ ਤੋਂ ਇਲਾਵਾ ਵਾਤਾਵਰਣ ਦੀ ਸਾਂਭ-ਸੰਭਾਲ ਲਈ 15 ਫੌਗਿੰਗ ਮਸ਼ੀਨਾਂ ਉਪਲਬੱਧ ਕਰਵਾਈਆਂ ਗਈਆਂ। ਉਨ੍ਹਾਂ ਦੱਸਿਆ ਕਿ ਸ਼ਹਿਰ ਦੇ ਸਾਰੇ ਐਲੀਮੈਂਟਰੀ ਸਕੂਲਾਂ ਵਿੱਚ ਸਮਾਰਟ ਕਲਾਸ ਰੂਮ ਬਨਾਉਣ ਤੋਂ ਇਲਾਵਾ ਆਰ.ਓ. ਸਿਸਟਮ ਵੀ ਲਗਵਾਏ ਗਏ।
ਸ਼ਹਿਰ ਵਿੱਚ ਬਿਜਲੀ ਦੀ ਸੁਚਾਰੂ ਸਪਲਾਈ ਨੂੰ ਯਕੀਨੀ ਬਨਾਉਣ ਲਈ ਮਾਲ ਰੋਡ ਅਤੇ ਗਊਸ਼ਾਲਾ ਰੋਡ ’ਤੇ 66 ਕੇ.ਵੀ. ਸਬ-ਸਟੇਸ਼ਨ ਸਥਾਪਤ ਕੀਤੇ ਗਏ। ਉਨ੍ਹਾਂ ਦੱਸਿਆ ਕਿ ਤਹਿਸੀਲ ਕੰਪਲੈਕਸ ਦੇ ਨਵੀਨੀਕਰਨ ਦੇ ਨਾਲ-ਨਾਲ ਸ਼ਹਿਰ ਦੇ ਕਈ ਖੇਤਰਾਂ ਵਿੱਚ ਓਪਨ ਜਿੰਮਾਂ ਦੀ ਸਥਾਪਤੀ ਅਤੇ ਟਿਊਬਵੈਲ ਲਗਵਾਏ ਗਏ। ਉਨ੍ਹਾਂ ਕਿਹਾ ਕਿ ਸ਼ਹਿਰ ਦੇ ਹਰ ਵਾਰਡ ਵਿੱਚ ਨਵੀਆਂ ਗਲੀਆਂ ਦੇ ਕੰਮ ਸ਼ੁਰੂ ਕਰਵਾਏ ਗਏ ਜਿਨ੍ਹਾਂ ਵਿੱਚੋਂ ਬਹੁਤੇ ਮੁਕੰਮਲ ਹੋ ਚੁੱਕੇ ਹਨ।
ਕੋਤਵਾਲੀ ਬਾਜ਼ਾਰ, ਘੰਟਾ ਘਰ ਖੇਤਰ ਦੀ ਵੱਡੀ ਸਮੱਸਿਆ ਦਾ ਹੱਲ :
ਕਰੀਬ 40 ਲੱਖ ਰੁਪਏ ਦੀ ਲਾਗਤ ਵਾਲੇ ਇਸ ਪ੍ਰੋਜੈਕਟ ਸਬੰਧੀ ਸੁੰਦਰ ਸ਼ਾਮ ਅਰੋੜਾ ਨੇ ਦੱਸਿਆ ਕਿ ਇਸ ਦੇ ਮੁਕੰਮਲ ਹੋਣ ਨਾਲ ਮੇਨ ਬਾਜ਼ਾਰ ਦੇ ਦੁਕਾਨਦਾਰਾਂ ਨੂੰ ਕਈ ਸਾਲਾਂ ਤੋਂ ਦਰਪੇਸ਼ ਬਰਸਾਤੀ ਪਾਣੀ ਠਹਿਰਾਅ ਦੀ ਸਮੱਸਿਆ ਤੋਂ ਨਿਜਾਤ ਮਿਲੇਗੀ। ਉਨ੍ਹਾਂ ਕਿਹਾ ਕਿ ਇਹ ਕਾਰਜ ਆਉਂਦੇ ਇਕ-ਦੋ ਮਹੀਨਿਆਂ ਵਿੱਚ ਮੁਕੰਮਲ ਕਰ ਲਿਆ ਜਾਵੇਗਾ ਜਿਸ ਉਪਰੰਤ ਸ਼ਹਿਰ ਦੇ ਮੁੱਖ ਬਾਜ਼ਾਰ ਵਿਚਲੇ ਖੇਤਰਾਂ ਨੂੰ ਬਰਸਾਤਾਂ ਦੌਰਾਨ ਕਿਸੇ ਕਿਸਮ ਦੀ ਦਿੱਕਤ ਦਾ ਸਾਹਮਣਾ ਨਹੀਂ ਕਰਨਾ ਪਵੇਗਾ।
ਸਾਈਕÇਲੰਗ ਨੂੰ ਹੁਲਾਰਾ:
  ਉਦਯੋਗ ਮੰਤਰੀ ਨੇ ਕਿਹਾ ਕਿ ਸਾਈਕÇਲੰਗ ਨੂੰ ਉਤਸ਼ਾਹਿਤ ਕਰਨ ਲਈ ਸ਼ਹਿਰ ਵਿੱਚ ਸਾਈਕਲ ਟਰੈਕ ਦੀ ਸ਼ੁਰੂਆਤ ਕਰ ਦਿੱਤੀ ਗਈ ਹੈ ਜੋ ਕਿ 8.25 ਕਿਲੋਮੀਟਰ ਲੰਬੇ ਟਰੈਕ ਨੂੰ ਕਰੀਬ 50 ਲੱਖ ਰੁਪਏ ਦੀ ਲਾਗਤ ਨਾਲ ਮੁਕੰਮਲ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਹ ਟਰੈਕ ਅਤੇ ਇਸ ਟਰੈਕ ’ਤੇ ਚੱਲਣ ਵਾਲੇ ਸਾਈਕਲ ਅਤਿ ਆਧੁਨਿਕ ਸਹੂਲਤਾਂ ਜਿਵੇਂ ਕਿ ਜੀ.ਪੀ.ਐਸ. ਆਦਿ ਨਾਲ ਲੈਸ ਹੋਣਗੇ।
ਕੋਵਿਡ ਯੋਧਿਆਂ ਨੂੰ ਸਲਾਮ:
ਉਦਯੋਗ ਮੰਤਰੀ ਸੁੰਦਰ ਸ਼ਾਮ ਅਰੋੜਾ ਨੇ ਜ਼ਿਲ੍ਹਾ ਪ੍ਰਸ਼ਾਸਨ, ਸਿਵਲ ਹਸਪਤਾਲ ਦੇ ਸਮੂਹ ਡਾਕਟਰ ਅਤੇ ਸਟਾਫ਼, ਪੰਜਾਬ ਪੁਲਿਸ ਦੇ ਨਾਲ-ਨਾਲ ਉਨ੍ਹਾਂ ਸਾਰੇ ਵਿਭਾਗਾਂ ਦੇ ਅਧਿਕਾਰੀਆਂ/ਕਰਮਚਾਰੀਆਂ ਦੀ ਸ਼ਲਾਘਾ ਕੀਤੀ ਜਿਹੜੇ ਕੋਵਿਡ-19 ਕਾਰਨ ਪੈਦਾ ਹੋਏ ਸਿਹਤ ਸੰਕਟ ਵਿੱਚ ਸਭ ਤੋਂ ਅੱਗੇ ਹੋ ਕੇ ਲੋਕ ਸੇਵਾ ਵਿੱਚ ਉਤਰੇ ਅਤੇ ਕੀਮਤੀ ਜਾਨਾਂ ਬਚਾਈਆਂ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਕੋਵਿਡ ਦੇ ਮੱਦੇਨਜ਼ਰ ਹਰ ਸੰਭਵ ਹੀਲਾ ਕੀਤਾ ਗਿਆ ਜਿਸ ਤਹਿਤ ਸਥਾਨਕ ਸਿਵਲ ਹਸਪਤਾਲ ਵਿੱਚ 50 ਲੱਖ ਰੁਪਏ ਦੀ ਲਾਗਤ ਨਾਲ ਵਿਸ਼ੇਸ਼ ਕੋਵਿਡ ਵਾਰਡ ਸਥਾਪਤ ਕੀਤਾ ਗਿਆ ਜੋ ਕਿ ਅਤਿ ਆਧੁਨਿਕ ਸਹੂਲਤਾਂ ਨਾਲ ਲੈਸ ਹੈ।
‘‘‘

Related posts

Leave a Reply