#JALANDHAR : ਪੰਜਾਬ ਸਰਕਾਰ ਪਿੰਡਾਂ ਦਾ ਸਰਵਪੱਖੀ ਵਿਕਾਸ ਬਣਾਏਗੀ ਯਕੀਨੀ : ਬਲਕਾਰ ਸਿੰਘ

ਸੂਬਾ ਸਰਕਾਰ ਹਰ ਵਰਗ ਦੀ ਭਲਾਈ ਅਤੇ ਖੁਸ਼ਹਾਲੀ ਲਈ ਵਚਨਬੱਧ

ਜਲੰਧਰ, 30 ਜੁਲਾਈ: ਪੰਜਾਬ ਦੇ ਸਥਾਨਕ ਸਰਕਾਰਾਂ ਮੰਤਰੀ ਬਲਕਾਰ ਸਿੰਘ ਨੇ ਅੱਜ ਪਿੰਡ ਮਦਾਰਾਂ, ਚੋਗਾਵਾਂ ਤੇ ਬਿਧੀਪੁਰ ਵਿਖੇ ਵੱਖ-ਵੱਖ ਸਮਾਗਮਾਂ ਵਿਚ ਸ਼ਿਰਕਤ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਪਿੰਡਾਂ ਦਾ ਸਰਵਪੱਖੀ ਵਿਕਾਸ ਯਕੀਨੀ ਬਣਾਇਆ ਜਾ ਰਿਹਾ ਹੈ ਅਤੇ ਵਿਕਾਸ ਕਾਰਜਾਂ ਲਈ ਫੰਡਾਂ ਦੀ ਕੋਈ ਘਾਟ ਨਹੀਂ
ਪਿੰਡ ਮਦਾਰਾਂ ਵਿਖੇ ਕਰਾਈਸਟ ਚਰਚ ( ਸੀ.ਐਨ.ਆਈ ) ਦੇ ਸਮਾਗਮ ਵਿਚ ਇਸਾਈ ਭਾਈਚਾਰੇ ਸਮੇਤ ਸ਼ਿਰਕਤ ਕਰਦਿਆਂ ਕੈਬਨਿਟ ਮੰਤਰੀ ਬਲਕਾਰ ਸਿੰਘ ਨੇ ਹਾਜ਼ਰੀਨ ਨੂੰ ਸਮਾਗਮ ਦੀਆਂ ਮੁਬਾਰਕਾਂ ਦਿੰਦਿਆਂ ਕਿਹਾ ਕਿ ਪੰਜਾਬ ਸਰਕਾਰ ਹਰ ਵਰਗ ਦੀ ਭਲਾਈ ਅਤੇ ਖੁਸ਼ਹਾਲੀ ਲਈ ਵਚਨਬੱਧ ਹੈ ਅਤੇ ਸਮੇਂ-ਸਮੇਂ ਸਿਰ ਭਲਾਈ ਸਕੀਮਾਂ ਨੂੰ ਅਮਲੀ ਜਾਮਾ ਪਹਿਨਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪਿੰਡਾਂ ਦੇ ਵਿਕਾਸ ਕਾਰਜਾਂ ਨੂੰ ਨਵੀਂ ਰਫ਼ਤਾਰ ਦਿੱਤੀ ਜਾ ਰਹੀ ਹੈ ਤਾਂ ਜੋ ਇਨ੍ਹਾਂ ਖੇਤਰਾਂ ਵਿਚ ਲੋੜੀਂਦੀਆਂ ਸਹੂਲਤਾਂ ਅਤੇ ਬੁਨਿਆਦੀ ਢਾਂਚਾ ਸਥਾਪਤ ਕੀਤਾ ਜਾ ਸਕੇ । ਉਨ੍ਹਾਂ ਕਿਹਾ ਕਿ ਵਿਕਾਸ ਕਾਰਜਾਂ ਲਈ ਫੰਡਾਂ ਦੀ ਕੋਈ ਘਾਟ ਨਹੀ ਅਤੇ ਹਲਕਾ ਕਰਤਾਰਪੁਰ ਦੇ ਪਿੰਡਾਂ ਵਿਚ ਕਈ ਕਾਰਜ ਸ਼ੁਰੂ ਕੀਤੇ ਜਾ ਚੁੱਕੇ ਹਨ ਤੇ ਆਉਂਦੇ ਸਮੇਂ ਵਿੱਚ ਨਵੇਂ ਕਾਰਜਾਂ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ । ਉਨ੍ਹਾਂ ਕਿਹਾ ਕਿ ਪ੍ਰਭੂ ਯਿਸੂ ਮਸੀਹ ਜੀ ਨੇ ਕੁਲ ਲੋਕਾਈ ਨੂੰ ਮਾਨਵਤਾ ਅਤੇ ਸ਼ਾਂਤੀ ਦਾ ਸੰਦੇਸ਼ ਦਿੱਤਾ ਜੋ ਹਮੇਸ਼ਾ ਸਾਰਿਆਂ ਨੂੰ ਮਨੁੱਖਤਾ ਦੇ ਰਾਹ ‘ਤੇ ਚੱਲਣ ਲਈ ਪ੍ਰੇਰਦਾ ਰਹੇਗਾ।


ਸਥਾਨਕ ਸਰਕਾਰਾਂ ਮੰਤਰੀ ਬਲਕਾਰ ਸਿੰਘ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਿਚ ਲਗਾਤਾਰ ਲੋਕ ਭਲਾਈ ਦੇ ਫੈਸਲੇ ਲਏ ਜਾ ਰਹੇ ਹਨ । ਉਨ੍ਹਾਂ ਕਿਹਾ ਕਿ ਬੀਤੇ ਦਿਨ ਪੰਜਾਬ ਮੰਤਰੀ ਮੰਡਲ ਵੱਲੋਂ ਲਾਭਪਾਤਰੀਆਂ ਨੂੰ ਆਟਾ/ਕਣਕ ਘਰਾਂ ਵਿੱਚ ਪੁੱਜਦੀ ਕਰਨ ਲਈ ਕੌਮੀ ਖੁਰਾਕ ਸੁਰੱਖਿਆ ਐਕਟ (ਐਨ.ਐਫ.ਐਸ.ਏ.) ਅਧੀਨ ਮਾਡਲ ਫੇਅਰ ਪ੍ਰਾਈਸ ਸ਼ਾਪਸ ਦੇ ਸੰਕਲਪ ਦੀ ਸ਼ੁਰੂਆਤ ਨੂੰ ਪ੍ਰਵਾਨਗੀ ਦਿੱਤੀ ਹੈ ਜਿਸ ਤਹਿਤ ਲਾਭਪਾਤਰੀਆਂ ਦੇ ਘਰਾਂ ਵਿੱਚ ਪੈਕੇਜ਼ਡ ਆਟਾ/ਪੈਕੇਜ਼ਡ ਕਣਕ ਦੀ ਵੰਡ ਲਈ ਸੋਧੀ ਹੋਈ ਵਿਧੀ ਨੂੰ ਵੀ ਮਨਜ਼ੂਰੀ ਦਿੱਤੀ ਗਈ । ਉਨ੍ਹਾਂ ਕਿਹਾ ਕਿ ਲਾਭਪਾਤਰੀਆਂ ਲਈ ਪੈਕੇਜ਼ਡ ਆਟਾ/ਪੈਕੇਜ਼ਡ ਕਣਕ ਪ੍ਰਾਪਤ ਕਰਨ ਦਾ ਇਹ ਜ਼ਿਆਦਾ ਸਨਮਾਨਜਨਕ ਤਰੀਕਾ ਹੋਵੇਗਾ ਕਿਉਂਕਿ ਲਾਭਪਾਤਰੀ ਨੂੰ ਖ਼ਾਸ ਤੌਰ ਉਤੇ ਖ਼ਰਾਬ ਮੌਸਮ ਦੇ ਹਾਲਾਤ ਵਿੱਚ ਲੰਬੀਆਂ ਕਤਾਰਾਂ ਵਿੱਚ ਖੜ੍ਹਾ ਹੋਣ ਦੀ ਲੋੜ ਨਹੀਂ ਰਹੇਗੀ।



ਪਿੰਡ ਚੋਗਾਵਾਂ ਵਿਖੇ ਖੇਡ ਟੂਰਨਾਮੈਂਟ ਵਿਚ ਸ਼ਿਰਕਤ ਕਰਦਿਆਂ ਕੈਬਨਿਟ ਮੰਤਰੀ ਬਲਕਾਰ ਸਿੰਘ ਨੇ ਖਿਡਾਰੀਆਂ ਦੀ ਹੌਸਲਾ ਆਜ਼ਾਦੀ ਕਰਦਿਆਂ ਕਿਹਾ ਪੰਜਾਬ ਸਰਕਾਰ ਵੱਲੋਂ ਖਿਡਾਰੀਆਂ ਨੂੰ ਬਣਦਾ ਮਾਨ-ਸਨਮਾਨ ਦੇਣ ਅਤੇ ਹਰ ਖੇਤਰ ਵਿਚ ਉੱਚ ਪੱਧਰੀ ਖੇਡ ਢਾਂਚੇ ਦੀ ਸਥਾਪਤੀ ‘ਤੇ ਜ਼ੋਰ ਦਿੱਤਾ ਜਾ ਰਿਹਾ ਹੈ । ਉਨ੍ਹਾਂ ਕਿਹਾ ਕਿ ਇਸੇ ਮਕਸਦ ਨਾਲ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਿਚ ਕੈਬਨਿਟ ਵਲੋਂ ਨਵੀਂ ਖੇਡ ਨੀਤੀ-2023 ਨੂੰ ਹਰੀ ਝੰਡੀ ਦਿੱਤੀ ਗਈ ਹੈ। ਉਨ੍ਹਾ ਦੱਸਿਆ ਕਿ ਨਵੀਂ ਖੇਡ ਨੀਤੀ-2023 ਖੇਡਾਂ ਨੂੰ ਹੋਰ ਉਤਸ਼ਾਹਤ ਕਰਦੀ ਹੋਈ ਖੇਡ ਮਾਹਿਰਾਂ ਦੀ ਢੁਕਵੀਂ ਗਿਣਤੀ ਨਾਲ ਪਿੰਡਾਂ, ਸ਼ਹਿਰਾਂ ਅਤੇ ਜ਼ਿਲ੍ਹਾ ਅਤੇ ਸੂਬਾ ਪੱਧਰ ਉਤੇ ਮਿਆਰੀ ਅਤੇ ਉੱਚ ਪੱਧਰ ਦਾ ਖੇਡ ਢਾਂਚਾ ਵਿਕਸਤ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਨਵੀਂ ਖੇਡ ਨੀਤੀ ਤਹਿਤ ਖੇਡ ਢਾਂਚਾ, ਹਰੇਕ ਘਰ ਤੋਂ ਚਾਰ ਕਿਲੋਮੀਟਰ ਦੇ ਘੇਰੇ ਅੰਦਰ ਪਿੰਡ ਪੱਧਰੀ ਕਲੱਸਟਰ ਵਿਖੇ ਹਰੇਕ ਪਿੰਡ/ਆਬਾਦੀ ਵਿਚ ਖੇਡ ਮੈਦਾਨ, ਖੇਡ ਨਰਸਰੀਆਂ ਤੋਂ ਇਲਾਵਾ ਸੂਬਾ ਪੱਧਰ ਉਤੇ ਉਚ ਦਰਜੇ ਦੇ ਕੇਂਦਰ ਅਤੇ ਖਿਡਾਰੀਆਂ ਲਈ ਹੌਸਟਲਾਂ ਸਮੇਤ ਜ਼ਿਲ੍ਹਾ ਖੇਡ ਕੰਪਲੈਕਸ ਸ਼ਾਮਲ ਹੋਣਗੇ ਜੋ ਹੇਠਲੇ ਪੱਧਰ ਤੱਕ ਖੇਡ ਸੱਭਿਆਚਾਰ ਨੂੰ ਹੋਰ ਮਜ਼ਬੂਤ ਕਰਨਗੇ।
ਕੈਬਨਿਟ ਮੰਤਰੀ ਵੱਲੋਂ ਪਿੰਡ ਬਿਧੀਪੁਰ ਵਿਚ ਲੋਕਾਂ ਨਾਲ ਮੁਲਾਕਾਤ ਕਰਦਿਆਂ ਉਨ੍ਹਾਂ ਦੇ ਮਾਮਲਿਆਂ ਸੰਬੰਧੀ ਸੰਬੰਧਤ ਅਧਿਕਾਰੀਆਂ ਨੂੰ ਲੋੜੀਂਦੇ ਨਿਰਦੇਸ਼ ਦਿੱਤੇ।
ਸਮਾਗਮਾਂ ਦੌਰਾਨ ਪਾਦਰੀ ਸਵੇਨ ਸਲਾਮਤ, ਪਾਦਰੀ ਐਬਟ ਮਸੀਹ, ਪਾਦਰੀ ਲੱਕੀ ਵੇਰੋਨਿਕਾ, ਪ੍ਰਧਾਨ ਯੂਨਸ, ਡੈਨੀਅਲ, ਮੋਹਣ ਲਾਲ ਕਟਾਰੀਆ, ਪੰਚ ਬਲਜੀਤ ਸਿੰਘ ਆਦਿ ਵੀ ਮੌਜੂਦ ਸਨ ।
ਕੈਪਸ਼ਨ: ਸਥਾਨਕ ਸਰਕਾਰਾਂ ਮੰਤਰੀ ਬਲਕਾਰ ਸਿੰਘ ਪਿੰਡ ਮਦਾਰਾਂ ਵਿਖੇ ਸਮਾਗਮ ਵਿਚ ਸ਼ਿਰਕਤ ਕਰਦੇ ਹੋਏ।
ਸਥਾਨਕ ਸਰਕਾਰਾਂ ਮੰਤਰੀ ਬਲਕਾਰ ਸਿੰਘ ਪਿੰਡ ਚੋਗਾਵਾਂ ਵਿਖੇ ਕਬੱਡੀ ਟੂਰਨਾਂਮੈਂਟ ਦੌਰਾਨ ਖਿਡਾਰੀਆਂ ਨਾਲ ਮੁਲਾਕਾਤ ਕਰਦੇ ਹੋਏ ।

Related posts

Leave a Reply