6 ਵੱਡੇ ਸਮਗਲਰਾਂ ‘ਤੇ ਐਕਸ਼ਨ ਲੈਂਦੇ ਹੋਏ ਲਗਭਗ 1 ਕਰੋੜ 80 ਲੱਖ ਦੀ ਪ੍ਰਾਪਰਟੀ ਨੂੰ ਕੀਤਾ ਜ਼ਬਤ : ਐਸ.ਐਸ.ਪੀ

ਪਿਛਲੇ ਇਕ ਸਾਲ ਦੌਰਾਨ 6 ਵੱਡੇ ਸਮਗਲਰਾਂ ‘ਤੇ ਐਕਸ਼ਨ ਲੈਂਦੇ ਹੋਏ ਲਗਭਗ 1 ਕਰੋੜ 80 ਲੱਖ ਦੀ ਪ੍ਰਾਪਰਟੀ ਨੂੰ ਕੀਤਾ ਜ਼ਬਤ : ਐਸ.ਐਸ.ਪੀ

-ਦੋ ਮਹੀਨਿਆਂ ਦੌਰਾਨ 54 ਪਰਚੇ ਕੀਤੇ ਦਰਜ, 57 ਦੋਸ਼ੀਆਂ ਨੂੰ ਕੀਤਾ ਗ੍ਰਿਫਤਾਰ

ਨਵਾਂਸ਼ਹਿਰ, 6 ਅਕਤੂਬਰ, 2023:( ਐਸਕੇ ਜੋਸ਼ੀ)

ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਪੁਲਿਸ ਵਲੋਂ ਪਿਛਲੇ 2 ਮਹੀਨਿਆਂ ਵਿੱਚ ਮੁੱਖ ਮੰਤਰੀ ਪੰਜਾਬ ਅਤੇ ਡੀ.ਜੀ.ਪੀ ਸਾਹਿਬ ਵਲੋਂ ਮਿਲੀਆਂ ਹਦਾਇਤਾਂ ਅਨੁਸਾਰ ਕਿਰਿਆਸ਼ੀਲ ਢੰਗ ਨਾਲ ਨਸ਼ਿਆਂ ‘ਤੇ ਸਖਤ ਕਾਰਵਾਈ ਕਰਦੇ ਹੋਏ 54 ਪਰਚੇ ਦਰਜ ਕੀਤੇ ਹਨ ਅਤੇ ਇਨ੍ਹਾਂ ਦੇ ਆਧਾਰ ‘ਤੇ 57 ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਇਹ ਜਾਣਕਾਰੀ ਐਸ.ਐਸ.ਪੀ ਡਾ. ਅਖਿਲ ਚੌਧਰੀ ਨੇ ਦਿੰਦਿਆਂ ਦੱਸਿਆ ਕਿ ਦੋ ਮਹੀਨੇ ਦੇ ਸਮੇਂ ਦੌਰਾਨ ਦੋਸ਼ੀਆਂ ਤੋਂ ਹੈਰੋਇਨ ਦੀ ਡੇਢ ਕਿਲੋ ਰਿਕਵਰੀ, ਓ.ਪੀ.ਐਮ ਦੀ ਸਾਢੇ 5 ਕਿਲੋ, ਪੋਪੀ ਹਸਕ 38 ਕਿਲੋ, ਨਸ਼ੀਲੀਆਂ ਗੋਲੀਆਂ 1 ਹਜ਼ਾਰ ਅਤੇ 5 ਲੱਖ ਦੀ ਡਰੱਗ ਮਨੀ ਦੀ ਰਿਕਵਰੀ ਕੀਤੀ ਗਈ ਹੈ।


ਉਨ੍ਹਾਂ ਦੱਸਿਆ ਕਿ ਡੀ.ਜੀ.ਪੀ ਸਾਹਿਬ ਦੇ ਆਦੇਸ਼ਾਂ ‘ਤੇ ਪਿਛਲੇ ਇਕ ਮਹੀਨੇ ਦੇ ਦੌਰਾਨ ਪੂਰੇ ਜ਼ਿਲ੍ਹੇ ਅੰਦਰ ਪਿੰਡਾਂ ਅਤੇ ਸ਼ਹਿਰਾਂ ਦੇ ਵੱਖ-ਵੱਖ ਵਾਰਡਾਂ ਵਿੱਚ ਲੋਕਾਂ ਨਾਲ ਪਬਲਿਕ ਮੀਟਿੰਗਾਂ ਕਰਕੇ ਨਸ਼ੇ ਦੇ ਮਾੜੇ ਪ੍ਰਭਾਵਾਂ ਸਬੰਧੀ ਜਾਗਰੂਕਤਾ ਕੀਤਾ ਗਿਆ ਹੈ ਅਤੇ ਇਨ੍ਹਾਂ ਪਬਲਿਕ ਮੀਟਿੰਗਾਂ ਵਿੱਚ ਲੋਕਾਂ ਤੋਂ ਫੀਡ ਬੈਕ ਵੀ ਲਈ ਗਈ ਹੈ। ਉਨ੍ਹਾਂ ਨੇ ਕਿਹਾ ਕਿ ਹੁਣ ਤੱਕ 600 ਦੇ ਕਰੀਬ ਵੱਖ-ਵੱਖ ਪਿੰਡਾਂ ਅਤੇ ਵਾਰਡਾਂ ਵਿੱਚ ਪਬਲਿਕ ਮੀਟਿੰਗਾਂ ਕੀਤੀਆਂ ਗਈਆਂ ਹਨ। ਇਨ੍ਹਾਂ ਮੀਟਿੰਗਾਂ ਵਿੱਚ ਮਿਲਣ ਵਾਲੀ ਫੀਡ ਬੈਕ ਦੇ ਆਧਾਰ ‘ਤੇ ਪੁਲਿਸ ਵਲੋਂ ਰੋਡ ਮੈਪ ਬਣਾਇਆ ਗਿਆ ਹੈ ਅਤੇ ਅੱਗੇ ਵੀ ਲੋਕਾਂ ਤੋਂ ਪ੍ਰਾਪਤ ਹੋਣ ਵਾਲੀਆਂ ਫੀਡ ਬੈਕ ‘ਤੇ ਰੋਡ ਮੈਪ ਬਣਾ ਕੇ ਪੁਲਿਸ ਵਲੋਂ ਆਪਣੀ ਕਾਰਵਾਈ ਕੀਤੀ ਜਾਵੇਗੀ।


ਐਸ.ਐਸ.ਪੀ. ਨੇ ਦੱਸਿਆ ਕਿ ਨਸ਼ਿਆਂ ਦੇ ਖਿਲਾਫ ਕਾਰਵਾਈ ਕਰਦੇ ਹੋਏ ਇਸ ਸਾਲ ਦੌਰਾਨ ਪੁਲਿਸ ਵਲੋਂ 6 ਵੱਡੇ ਸਮਗਲਰਾਂ ‘ਤੇ ਐਕਸ਼ਨ ਲੈਂਦੇ ਹੋਏ ਲਗਭਗ 1 ਕਰੋੜ 80 ਲੱਖ ਦੀ ਪ੍ਰਾਪਰਟੀ ਨੂੰ ਜ਼ਬਤ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਨਸ਼ਾ ਵੇਚਣ ਵਾਲਿਆਂ ਖਿਲਾਫ ਸਖਤ ਕਾਰਵਾਈ ਕੀਤੀ ਜਾ ਰਹੀ ਹੈ ਅਤੇ ਅੱਗੇ ਵੀ ਇਹ ਕਾਰਵਾਈ ਇਸੇ ਤਰ੍ਹਾਂ ਜਾਰੀ ਰਹੇਗੀ। ਉਨ੍ਹਾਂ ਦੱਸਿਆ ਕਿ ਜਿਥੇ ਪੁਲਿਸ ਦਾ ਕੰਮ ਨਸ਼ਿਆਂ ਦੀ ਸਪਲਾਈ ਨੂੰ ਤੋੜਨਾ ਹੈ, ਉਸਦੇ ਨਾਲ ਹੀ ਲੋਕਾਂ ਨੂੰ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਬਾਰੇ ਜਾਗਰੂਕ ਕਰਨਾ ਵੀ ਹੈ। ਉਨ੍ਹਾਂ ਦੱਸਿਆ ਕਿ ਡੀ-ਅਡਿਕਸ਼ਨ ਪ੍ਰੋਗਰਾਮ ਨਾਲ ਨਸ਼ਾ ਕਰਨ ਵਾਲਿਆਂ ਨੂੰ ਜੋੜਿਆ ਜਾ ਰਹਿਾ ਹੈ, ਤਾਂ ਜੋ ਉਹ ਨਸ਼ੇ ਦਾ ਤਿਆਗ ਕਰਕੇ ਇਕ ਵਧੀਆ ਜੀਵਨ ਬਤੀਤ ਕਰ ਸਕਣ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਅੰਦਰ ਯੁਵਾ ਸਾਂਝ ਯੂਥ ਇਨਗੇਜ਼ਮੈਂਟ ਪ੍ਰੋਗਰਾਮ ਵੀ ਚਲਾਇਆ ਜਾ ਰਿਹਾ ਹੈ, ਜਿਸ ਵਿੱਚ ਨਸ਼ਾ ਕਰਨ ਵਾਲਿਆਂ ਦੀ ਕਾਊਂਸਲਿੰਗ ਕੀਤੀ ਜਾਂਦੀ ਹੈ, ਇਨ੍ਹਾਂ ਕਾਊਂਸਲਿੰਗਾਂ ਨਾਲ ਕਈ ਵਿਅਕਤੀ ਨਸ਼ਾ ਛੱਡ ਚੁੱਕੇ ਹਨ। ਉਨ੍ਹਾਂ ਦੱਸਿਆ ਕਿ ਇਸ ਤਰ੍ਹਾਂ ਦੇ ਹੁਣ ਤੱਕ 100 ਸੈਸ਼ਨ ਕਰਵਾ ਦਿੱਤੇ ਗਏ ਹਨ ਅਤੇ ਅੱਗੇ ਵੀ ਇਹ ਪ੍ਰੋਗਰਾਮ ਜਾਰੀ ਰਹੇਗਾ। ਉਨ੍ਹਾਂ ਕਿਹਾ ਕਿ ਨਸ਼ਿਆਂ ਨੂੰ ਜੜ੍ਹ ਤੋਂ ਖਤਮ ਕਰਨ ਲਈ ਸਾਨੂੰ ਸਾਰਿਆਂ ਨੂੰ ਇਕੱਠੇ ਹੋ ਕੇ ਹੰਭਲਾ ਮਾਰਨ ਦੀ ਲੋੜ ਹੈ ਅਤੇ ਇਹ ਸਾਡੀ ਨੈਤਿਕ ਜ਼ਿੰਮੇਵਾਰੀ ਵੀ ਬਣਦੀ ਹੈ।

Related posts

Leave a Reply