ਈ.ਸੀ.ਈ ਵਿਭਾਗ ਦੇ ਵਿਦਿਆਰਥੀਆਂ ਨੇ ਆਟੋ ਹੈਂਡ ਸੈਨੀਟਾਈਜ਼ਰ ਮਸ਼ੀਨਾਂ ਬਣਾ ਕੇ ਕੇ ਦਿੱਤਾ ਕਾਬਲੀਅਤ ਦਾ ਸਬੂਤ
ਬਟਾਲਾ, 4 ਜੁਲਾਈ (ਸੰਜੀਵ ਨਈਅਰ, ਅਵਿਨਾਸ਼ ) : ਪੰਜਾਬ ਸਰਕਾਰ ਵੱਲੋਂ ਕੋਵਿਡ-19 ਦੀ ਮਹਾਂਮਾਰੀ ਨੂੰ ਠੱਲ੍ਹ ਪਾਉਣ ਦੇ ਮੰਤਵ ਲਈ ਚਲਾਏ ਜਾ ਰਹੇ ਮਿਸ਼ਨ ਫ਼ਤਿਹ ਪੰਜਾਬ ਦੇ ਤਹਿਤ ਸਰਕਾਰੀ ਬਹੁ-ਤਕਨੀਕੀ ਕਾਲਜ ਬਟਾਲਾ ਦੇ ਪ੍ਰਿੰਸੀਪਲ ਇੰਜੀ: ਅਜੇ ਕੁਮਾਰ ਅਰੋੜਾ ਦੀ ਅਗਵਾਈ ਵਿੱਚ ਕਾਲਜ ਦੇ ਸਟਾਫ ਮੈਂਬਰਾਂ ਅਤੇ ਵਿਦਿਆਰਥੀਆਂ ਨੇ ਆਟੋ ਹੈਂਡ ਸੈਨੀਟਾਈਜ਼ਰ ਮਸ਼ੀਨਾਂ ਤਿਆਰ ਕਰਕੇ ਆਪਣੀ ਕਾਬਲੀਅਤ ਦਾ ਲੋਹਾ ਮਨਵਾਇਆ ਹੈ।
ਕਾਲਜ ਦੇ ਵਿਦਿਆਰਥੀਆਂ ਵੱਲੋਂ ਕਵਿੱਡ-19 ਮਹਾਂਮਾਰੀ ਨਾਲ ਸਬੰਧਤ ਹੋਰ ਵੀ ਪ੍ਰਾਜੈਕਟ ਬਣਾਏ ਜਾ ਰਹੇ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਕਾਲਜ ਪ੍ਰਿੰਸੀਪਲ ਇੰਜੀ: ਅਰੋੜਾ ਨੇ ਦੱਸਿਆ ਕਿ ਈ.ਸੀ.ਈ ਵਿਭਾਗ ਦੇ ਮੁਖੀ ਸੁਖਜਿੰਦਰ ਸਿੰਘ ਸੰਧੂ ਅਤੇ ਸਟਾਫ ਦੇ ਸਹਿਯੋਗ ਨਾਲ ਵਰਕਸਾਪ ਇੰਸਟਰਕਟਰ ਤੇਜ ਪ੍ਰਤਾਪ ਸਿੰਘ ਕਾਹਲੋਂ ਦੀ ਅਗਵਾਈ ਹੇਠ ਛੇਵਾਂ ਸਮੈਸਟਰ ਦੇ ਵਿਦਿਆਰਥੀ ਪ੍ਰਿਤਪਾਲ ਸਿੰਘ, ਸਾਹਿਲ ਮਹਾਜਨ, ਹਰਪਾਲ ਸਿੰਘ, ਜਸ਼ਨਦੀਪ, ਜੈਸਮੀਨ ਕੌਰ, ਮਹਿਕਦੀਪ ਕੌਰ ਅਤੇ ਸਿਮਰਨ ਵੱਲੋਂ 3 ਆਟੋਮੈਟਿਕ ਹੈਂਡ ਸੈਨੀਟਾਈਜ਼ਰ ਪ੍ਰਾਜੈਕਟ ਤਿਆਰ ਕੀਤੇ ਗਏ ਹਨ।
ਉਨ੍ਹਾਂ ਕਿਹਾ ਕਿ ਬਿਨਾਂ ਸੰਪਰਕ ਕੀਤਿਆਂ ਹੱਥਾਂ ਨੂੰ ਸੈਨੀਟਾਈਜ਼ ਕਰਨ ਲਈ ਇਹ ਮਸ਼ੀਨਾਂ ਅਜੋਕੇ ਦੌਰ ਵਿੱਚ ਕੋਵਿਡ-19 ਮਹਾਂਮਾਰੀ ਵਿਰੁੱਧ ਅਹਿਮ ਰੋਲ ਅਦਾ ਕਰਨਗੀਆਂ। ਉਨ੍ਹਾਂ ਕਿਹਾ ਕਿ ਕਾਲਜ ਦੇ ਵਿਦਿਆਰਥੀਆਂ ਅਤੇ ਸਟਾਫ ਨੇ ਸਮੇਂ ਦੀ ਨਜ਼ਾਕਤ ਨੂੰ ਪਛਾਣਦਿਆਂ ਇਹ ਪ੍ਰਾਜੈਕਟ ਤਿਆਰ ਕਰਕੇ ਜਿੱਥੇ ਵਧੀਆ ਸੋਚ ਦਾ ਸਬੂਤ ਦਿੱਤਾ ਹੈ ਉੱਥੇ ਆਪਣੀ ਤਕਨੀਕੀ ਮੁਹਾਰਤ ਦਾ ਵੀ ਪ੍ਰਗਟਾਵਾ ਕੀਤਾ ਹੈ। ਉਨ੍ਹਾਂ ਈ.ਸੀ.ਈ ਵਿਭਾਗ ਦੇ ਸਮੂਹਿਕ ਸਟਾਫ ਅਤੇ ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ ਅੱਗੇ ਤੋਂ ਵੀ ਅਜਿਹੇ ਪ੍ਰਾਜੈਕਟ ਬਣਾਉਣ ਲਈ ਪ੍ਰੇਰਤ ਕੀਤਾ।
EDITOR
CANADIAN DOABA TIMES
Email: editor@doabatimes.com
Mob:. 98146-40032 whtsapp