LATEST: ਅਕਾਲੀਆਂ ਅਤੇ ਆਪ ਦੇ ਦੋਗਲੇ ਕਿਰਦਾਰ ਤੋਂ ਹੈਰਾਨ ਹਾਂ-ਕੈਪਟਨ ਅਮਰਿੰਦਰ ਸਿੰਘ

ਅਕਾਲੀਆਂ ਅਤੇ ਆਪ ਦੇ ਦੋਗਲੇ ਕਿਰਦਾਰ ਤੋਂ ਹੈਰਾਨ ਹਾਂ-ਕੈਪਟਨ ਅਮਰਿੰਦਰ ਸਿੰਘ
ਸਦਨ ਵਿੱਚ ਬਿੱਲਾਂ ਦੀ ਹਮਾਇਤ ਕਰਨ ਤੋਂ ਬਾਅਦ ਆਲੋਚਨਾ ਕਰਨ ’ਤੇ ਦੋਵਾਂ ਧਿਰਾਂ ਨੂੰ ਆੜੇ ਹੱਥੀਂ ਲਿਆ
ਕੇਜਰੀਵਾਲ ਨੂੰ ਕਿਸਾਨੀ ਬਚਾਉਣ ਲਈ ਅਜਿਹੇ ਬਿੱਲ ਲਿਆ ਕੇ ਪੰਜਾਬ ਵੱਲੋਂ ਦਿਖਾਏ ਰਾਹ ’ਤੇ ਚੱਲਣ ਲਈ ਆਖਿਆ
ਸਿੱਧੂ ਦੇ ਸਦਨ ਵਿੱਚ ਆਉਣ ਅਤੇ ਖੇਤੀ ਬਿੱਲਾਂ ’ਤੇ ਚੰਗੀ ਤਕਰੀਰ ਕਰਨ ਤੋਂ ਖੁਸ਼ ਹਾਂ

ਚੰਡੀਗੜ, 21 ਅਕਤੂਬਰ
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਤਿੰਨ ਸੋਧ ਬਿੱਲਾਂ ਦੇ ਸਬੰਧ ਵਿੱਚ ਸ਼੍ਰੋਮਣੀ ਅਕਾਲੀ ਦਲ ਅਤੇ ਆਮ ਆਦਮੀ ਪਾਰਟੀ ਵੱਲੋਂ ਬੇਸ਼ਰਮੀ ਭਰੇ ਢੰਗ ਨਾਲ ਦੋਗਲੇ ਕਿਰਦਾਰ ਦਾ ਮੁਜ਼ਾਹਰਾ ਕਰਨ ਦੀ ਤਿੱਖੀ ਆਲੋਚਨਾ ਕੀਤੀ ਹੈ। ਉਨਾਂ ਕਿਹਾ ਕਿ ਇਹ ਦੋਵੇਂ ਸਿਆਸੀ ਧਿਰਾਂ ਵਿਧਾਨ ਸਭਾ ਵਿੱਚ ਇਨਾਂ ਬਿੱਲਾਂ ਦੇ ਹੱਕ ਵਿੱਚ ਭੁਗਤਣ ਤੋਂ ਕੁਝ ਘੰਟਿਆਂ ਬਾਅਦ ਹੀ ਇਨਾਂ ਨੂੰ ਭੰਡਣ ਲੱਗ ਪਈਆਂ। 
ਮੁੱਖ ਮੰਤਰੀ ਨੇ ਕਿਹਾ ਕਿ ਉਹ ਇਸ ਗੱਲ ਤੋਂ ਹੈਰਾਨ ਹਨ ਕਿ ਵਿਰੋਧੀ ਧਿਰਾਂ ਦੇ ਆਗੂ ਵਿਧਾਨ ਸਭਾ ਵਿੱਚ ਬਿੱਲਾਂ ਦੇ ਹੱਕ ਵਿੱਚ ਬੋਲੇ ਅਤੇ ਇੱਥੋਂ ਤੱਕ ਕਿ ਰਾਜਪਾਲ ਨੂੰ ਮਿਲਣ ਲਈ ਵੀ ਉਨਾਂ ਨਾਲ ਗਏ ਪਰ ਹੁਣ ਬਾਹਰ ਕੁਝ ਹੋਰ ਬੋਲੀ ਬੋਲ ਰਹੇ ਹਨ। 
ਸਦਨ ਨੂੰ ਅਣਮਿੱਥੇ ਸਮੇਂ ਲਈ ਉਠਾਉਣ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਕਿਸਾਨਾਂ ਨੇ ਇਨਾਂ ਬਿੱਲਾਂ ਦੇ ਖਿਲਾਫ਼ ਕੁਝ ਵੀ ਨਹੀਂ ਕਿਹਾ ਜਿਨਾਂ ਦੇ ਹਿੱਤਾਂ ਦੀ ਸੁਰੱਖਿਆ ਅਤੇ ਸੂਬੇ ਦੇ ਖੇਤੀਬਾੜੀ ਸੈਕਟਰ ਨੂੰ ਬਚਾਉਣ ਲਈ ਇਹ ਬਿੱਲ ਬਣਾਏ ਗਏ ਹਨ।
ਬੀਤੇ ਦਿਨ ਵਿਧਾਨ ਸਭਾ ਵਿੱਚ ਬਿੱਲਾਂ ਦਾ ਪੱਖ ਪੂਰਨ ਦਾ ਢਕਵੰਜ ਕਰਨ ਲਈ ਅਕਾਲੀ ਦਲ ਅਤੇ ਆਪ ਦੀ ਸਖ਼ਤ ਆਲੋਚਨਾ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਇਸ ਤੋਂ ਸਪੱਸ਼ਟ ਹੈ ਕਿ ਇਨਾਂ ਪਾਰਟੀਆਂ ਦੀ ਕਿਸਾਨਾਂ ਦਾ ਭਵਿੱਖ ਦੀ ਰਾਖੀ ਅਤੇ ਸੂਬੇ ਦੀ ਖੇਤੀਬਾੜੀ ਤੇ ਅਰਥਚਾਰੇ ਨੂੰ ਬਚਾਉਣ ਵਿੱਚ ਕੋਈ ਦਿਲਚਸਪੀ ਨਹੀਂ ਹੈ। ਉਨਾਂ ਕਿਹਾ ਕਿ ਬੀਤੇ ਦਿਨ ਸਦਨ ਵਿੱਚ ਬਿੱਲ ਪਾਸ ਹੋਣ ਤੋਂ ਬਾਅਦ ਇਨਾਂ ਪਾਰਟੀਆਂ ਦੇ ਲੀਡਰਾਂ ਵੱਲੋ ਕੀਤੀ ਬਿਆਨਬਾਜ਼ੀ ਨੇ ਕਿਸਾਨਾਂ ਦੇ ਮੁੱਦੇ ਪ੍ਰਤੀ ਇਨਾਂ ਵੱਲੋਂ ਸੰਜੀਦਾ ਨਾ ਹੋਣ ਦਾ ਸੱਚ ਸਾਹਮਣੇ ਲਿਆਂਦਾ ਹੈ।
ਅਕਾਲੀ ਲੀਡਰ ਬਿਕਰਮ ਸਿੰਘ ਮਜੀਠੀਆ ਅਤੇ ਆਪ ਦੀ ਲੀਡਰਸ਼ਿਪ ਦੇ ਬਿਆਨਾਂ ’ਤੇ ਪ੍ਰਤੀਿਆ ਦਿੰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ,‘‘ਜੇਕਰ ਉਹ ਸੋਚਦੇ ਹਨ ਕਿ ਮੈਂ ਅਤੇ ਮੇਰੀ ਸਰਕਾਰ ਲੋਕਾਂ ਨੂੰ ਮੂਰਖ ਬਣਾ ਰਹੇ ਹਨ ਤਾਂ ਫੇਰ ਉਨਾਂ ਨੇ ਸਦਨ ਵਿੱਚ ਇਹ ਗੱਲ ਕਿਉਂ ਨਹੀਂ ਕਹੀ? ਉਨਾਂ ਨੇ ਸਾਡੇ ਬਿੱਲਾਂ ਦਾ ਸਮਰਥਨ ਕਰਦਿਆਂ ਵੋਟ ਕਿਉਂ ਦਿੱਤੀ?’’ ਇਨਾਂ ਦੋਵੇਂ ਸਿਆਸੀ ਧਿਰਾਂ ਦੇ ਨੇਤਾਵਾਂ ਨੇ ਮੁੱਖ ਮੰਤਰੀ ’ਤੇ ਬਿੱਲਾਂ ਨੂੰ ਰਾਜਪਾਲ/ਰਾਸ਼ਟਰਪਤੀ ਵੱਲੋਂ ਦਸਤਖ਼ਤ ਨਾ ਕਰਨ ਦੀ ਸੰਭਾਵਨਾ ਬਾਰੇ ਕੀਤੀ ਟਿੱਪਣੀ ਦਾ ਹਵਾਲਾ ਦਿੰਦਿਆਂ ਲੋਕਾਂ ਨੂੰ ਗੁੰਮਰਾਹ ਕਰਨ ਦਾ ਦੋਸ਼ ਲਾਇਆ ਹੈ।
ਕੈਪਟਨ ਅਮਰਿੰਦਰ ਸਿੰਘ ਨੇ ਕਿਹਾ,‘‘ਜੇਕਰ ਮੈਂ ਲੋਕਾਂ ਨੂੰ ਮੂਰਖ ਬਣਾਉਣਾ ਹੁੰਦਾ ਤਾਂ ਮੈਂ ਇਮਾਨਦਾਰੀ ਨਾਲ ਉਨਾਂ ਨਾਲ ਆਪਣੇ ਸ਼ੰਕੇ ਸਾਂਝੇ ਕਿਉਂ ਕਰਦਾ? ਮੈਂ ਉਨਾਂ ਨੂੰ ਝੂਠ ਪਰੋਸਣ ਦੀ ਬਜਾਏ ਅੱਗੇ ਆਉਣ ਵਾਲੀਆਂ ਪ੍ਰਸਥਿਤੀਆਂ ਬਾਰੇ ਖੁੱਲ ਕੇ ਗੱਲ ਕਿਉਂ ਕਰਦਾ ਜਦਕਿ ਅਕਾਲੀ ਤੇ ਆਪ ਵਾਲੇ ਝੂਠ ਮਾਰਨ ਦੇ ਪਹਿਲਾਂ ਤੋਂ ਹੀ ਆਦੀ ਹਨ?’’
ਅਕਾਲੀ ਦਲ ਅਤੇ ਆਪ ਲੀਡਰਾਂ ਵੱਲੋਂ ਮੀਡੀਆ/ਸੋਸ਼ਲ ਮੀਡੀਆ ’ਤੇ ਕੀਤੀਆਂ ਟਿੱਪਣੀਆਂ ਦੇ ਹਵਾਲੇ ਨਾਲ ਮੁੱਖ ਮੰਤਰੀ ਨੇ ਕਿਹਾ ਕਿ ਦੋਵੇਂ ਵਿਰੋਧੀ ਧਿਰਾਂ ਨੇ ਸੂਬਾ ਸਰਕਾਰ ਦੇ ਕਿਸਾਨ ਪੱਖੀ ਉਪਰਾਲਿਆਂ ਦੀ ਅਹਿਮੀਅਤ ਨੂੰ ਘਟਾਉਣ ਦੀ ਕੋਸ਼ਿਸ਼ ਕਰਕੇ ਆਪਣਾ ਅਸਲ ਰੰਗ ਦਿਖਾ ਦਿੱਤਾ ਹੈ ਜਦਕਿ ਇਨਾਂ ਦੋਵੇਂ ਪਾਰਟੀਆਂ ਨੇ ਪਹਿਲਾਂ ਸਦਨ ਵਿੱਚ ਬਿੱਲਾਂ ਦੇ ਸਮਰਥਨ ਦਾ ਦਿਖਾਵਾ ਕੀਤਾ। ਉਨਾਂ ਕਿਹਾ ਕਿ ਵਿਰੋਧੀ ਪਾਰਟੀਆਂ ਦੇ ਨੇਤਾਵਾਂ ਨੇ ਕੇਂਦਰ ਸਰਕਾਰ ਦੇ ਖੇਤੀ ਕਾਨੂੰਨਾਂ ਨੂੰ ਅਸਰਹੀਣ ਬਣਾਉਣ ਲਈ ਇਨਾਂ ਕਾਨੂੰਨਾਂ ਨੂੰ ਰੱਦ ਕਰਨ ਦਾ ਮਤਾ ਪਾਸ ਕਰਨ ਵਿੱਚ ਉਨਾਂ ਦੀ ਸਰਕਾਰ ਦਾ ਸਾਥ ਦਿੱਤਾ ਅਤੇ ਇੱਥੋਂ ਤੱਕ ਕਿ ਰਾਜਪਾਲ ਨੂੰ ਕਾਪੀਆਂ ਸੌਂਪਣ ਲਈ ਵੀ ਨਾਲ ਗਏ ਅਤੇ ਬਾਅਦ ਵਿੱਚ ਕਿਸਾਨੀ ਨੂੰ ਬਚਾਉਣ ਲਈ ਸੂਬਾ ਸਰਕਾਰ ਵੱਲੋਂ ਚੁੱਕੇ ਕਦਮਾਂ ਨੂੰ ਨਿੰਦਣਾ ਸ਼ੁਰੂ ਕਰ ਦਿੱਤਾ। ਉਨਾਂ ਕਿਹਾ,‘‘ਸਪੱਸ਼ਟ ਤੌਰ ’ਤੇ ਇਨਾਂ ਦੇ ਪੱਲੇ ਸ਼ਰਮ-ਹਯਾ ਨਹੀਂ ਰਹੀ।’’
ਇਕ ਸਵਾਲ ਦੇ ਜਵਾਬ ਵਿੱਚ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਹੋਰ ਸਿਆਸੀ ਪਾਰਟੀਆਂ ਖਾਸ ਤੌਰ ’ਤੇ ਆਪ, ਜਿਸ ਦੀ ਦਿੱਲੀ ਵਿੱਚ ਸਰਕਾਰ ਹੈ, ਨੂੰ ਦਿੱਲੀ ਵਿੱਚ ਵੀ ਅਜਿਹੇ ਕਾਨੂੰਨ ਲਿਆਉਣੇ ਚਾਹੀਦੇ ਹਨ ਤਾਂ ਕਿ ਕੇਂਦਰੀ ਖੇਤੀ ਕਾਨੂੰਨਾਂ ਨੂੰ ਖਤਰਨਾਕ ਪ੍ਰਭਾਵਾਂ ਨੂੰ ਅਸਰਹੀਣ ਬਣਾਇਆ ਜਾ ਸਕੇ। ਉਨਾਂ ਕਿਹਾ ਕਿ ਅਰਵਿੰਦ ਕੇਜਰੀਵਾਲ ਨੂੰ ਵੀ ਪੰਜਾਬ ਦੇ ਰਸਤੇ ’ਤੇ ਚੱਲਣਾ ਚਾਹੀਦਾ ਹੈ।
ਮੁੱਖ ਮੰਤਰੀ ਨੇ ਦੁਹਰਾਉਂਦਿਆਂ ਕਿਹਾ ਕਿ ਜੇਕਰ ਕੇਂਦਰ ਸਰਕਾਰ ਉਨਾਂ ਦੀ ਸਰਕਾਰ ਬਰਖਾਸਤ ਕਰ ਦਿੰਦੀ ਹੈ ਤਾਂ ਉਨਾਂ ਨੂੰ ਇਸ ਦੀ ਕੋਈ ਪ੍ਰਵਾਨ ਨਹੀਂ ਪਰ ਉਹ ਆਖਰੀ ਦਮ ਤੱਕ ਕਿਸਾਨਾਂ ਦੇ ਹੱਕਾਂ ਦੀ ਰਾਖੀ ਲਈ ਲੜਦੇ ਰਹਿਣਗੇ। ਇਕ ਸਵਾਲ ਦੇ ਜਵਾਬ ਵਿੱਚ ਮੁੱਖ ਮੰਤਰੀ ਨੇ ਕਿਹਾ,‘‘ਜੇਕਰ ਕੇਂਦਰ ਸੋਚਦਾ ਹੈ ਕਿ ਮੈਂ ਕੁਝ ਗਲਤ ਕੀਤਾ ਹੈ ਤਾਂ ਉਹ ਮੈਨੂੰ ਬਰਖ਼ਾਸਤ ਕਰ ਸਕਦੇ ਹਨ। ਮੈਂ ਡਰਨ ਵਾਲਾ ਨਹੀਂ ਹਾਂ। ਮੈਂ ਪਹਿਲਾਂ ਵੀ ਦੋ ਵਾਰ ਅਸਤੀਫਾ ਦੇ ਚੁੱਕਾ ਹਾਂ ਅਤੇ ਦੁਬਾਰਾ ਵੀ ਦੇ ਸਕਦਾ ਹਾਂ।’’
ਇਕ ਸਵਾਲ ਦੇ ਜਵਾਬ ਵਿੱਚ ਮੁੱਖ ਮੰਤਰੀ ਨੇ ਕਿਹਾ ਕਿ ਕਾਨੂੰਨੀ ਤੌਰ ’ਤੇ ਬਹੁਤ ਸਾਰੇ ਰਾਹ ਮੌਜੂਦ ਹਨ ਪਰ ਉਨਾਂ ਨੂੰ ਉਮੀਦ ਹੈ ਕਿ ਰਾਜਪਾਲ ਲੋਕਾਂ ਦੀ ਅਵਾਜ਼ ਸੁਣਦੇ ਹੋਏ ਆਪਣੀ ਜ਼ਿੰਮੇਵਾਰੀ ਨਿਭਾਉਣਗੇ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਪੰਜਾਬ ਦੀ ਆਵਾਜ਼ ਰਾਜਪਾਲ ਕੋਲ ਪਹੁੰਚ ਚੁੱਕੀ ਹੈ ਅਤੇ ਉਹ ਭਾਰਤ ਦੇ ਰਾਸ਼ਟਰਪਤੀ ਨੂੰ ਬਿੱਲ ਭੇਜਣਗੇ। ਉਨਾਂ ਕਿਹਾ ਕਿ ਰਾਸ਼ਟਰਪਤੀ ਸੂਬੇ ਦੇ ਲੋਕਾਂ ਦੀ ਭਾਵਨਾਵਾਂ ਅਤੇ ਅਪੀਲ ਨੂੰ ਦਰਕਿਨਾਰ ਨਹੀਂ ਕਰ ਸਕਦੇ।
ਇਸ ਤੋਂ ਪਹਿਲਾਂ ਅੱਜ ਸਦਨ ਵਿੱਚ ਮੁੱਖ ਮੰਤਰੀ ਨੇ ਇਸ ਮੁੱਦੇ ’ਤੇ ਮਜੀਠੀਆ ਦੇ ਬਿਆਨਾਂ ਵਾਲੇ ਅਖਬਾਰਾਂ ਦੀਆਂ ਕਾਪੀਆਂ ਲਹਿਰਾਈਆਂ ਅਤੇ ਚੁਟਕੀ ਲੈਂਦਿਆਂ ਕਿਹਾ,‘‘ਇਹ ਲੋਕ ਸਦਨ ਵਿੱਚ ਕੁਝ ਹੋਰ ਕਹਿੰਦੇ ਹਨ ਅਤੇ ਬਾਹਰ ਕੁਝ ਹੋਰ।’’ ਉਨਾਂ ਨੇ ਸਾਵਧਾਨ ਕਰਦਿਆਂ ਕਿਹਾ ਕਿ ਇਸ ਤਰਾਂ ਦਾ ਰਵੱਈਆ ਅਪਣਾਉਣ ਨਾਲ ਲੋਕ ਸਿਆਸਤਦਾਨਾਂ ਦੀ ਦਿਆਨਤਦਾਰੀ ’ਤੇ ਸੰਦੇਹ ਪ੍ਰਗਟਾਉਣਾ ਸ਼ੁਰੂ ਕਰ ਦੇਣਗੇ।
ਇਸ ਦੌਰਾਨ ਮੀਡੀਆ ਨਾਲ ਗੱਲਬਾਤ ਦੌਰਾਨ ਇਕ ਸਵਾਲ ਦੇ ਜਵਾਬ ਵਿੱਚ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਉਹ ਖੁਸ਼ ਹਨ ਕਿ ਨਵਜੋਤ ਸਿੰਘ ਸਿੱਧੂ ਬੀਤੇ ਦਿਨ ਸਦਨ ਵਿੱਚ ਆਏ ਅਤੇ ਖੇਤੀ ਬਿੱਲਾਂ ’ਤੇ ਚੰਗੀ ਤਕਰੀਰ ਕੀਤੀ।
————

Advertisements
Advertisements
Advertisements
Advertisements
Advertisements
Advertisements
Advertisements

Related posts

Leave a Reply