ਆਉਂਦੇ ਸੈਸ਼ਨ ਤੋਂ ਸ਼ੁਰੂ ਹੋਵੇਗਾ ਢੋਲਬਾਹਾ ’ਚ ਬਣ ਰਿਹੈ ਸਰਕਾਰੀ ਕਾਲਜ
ਢੋਲਬਾਹਾ ਅਤੇ ਆਲੇ-ਦੁਆਲੇ ਦੇ ਖੇਤਰਾਂ ਲਈ ਸਿੱਖਿਆ ਦੇ ਖੇਤਰ ’ਚ ਅਹਿਮ ਰੋਲ ਅਦਾ ਕਰੇਗਾ ਸਰਕਾਰੀ ਕਾਲਜ : ਪਵਨ ਕੁਮਾਰ ਆਦੀਆ
ਵਿਧਾਇਕ ਅਤੇ ਡਿਪਟੀ ਕਮਿਸ਼ਨਰ ਨੇ 13.78 ਕਰੋੜ ਰੁਪਏ ਦੀ ਲਾਗਤ ਨਾਲ ਬਣ ਰਹੇ ਕਾਲਜ ਦੀ ਉਸਾਰੀ ਦੀ ਪ੍ਰਗਤੀ ਦਾ ਲਿਆ ਜਾਇਜ਼ਾ
Hoshiarpur, 16 ਦਸੰਬਰ:
ਪੰਜਾਬ ਸਰਕਾਰ ਵਲੋਂ ਢੋਲਬਾਹਾ ਅਤੇ ਇਸ ਦੇ ਆਲੇ-ਦੁਆਲੇ ਦੇ ਖੇਤਰਾਂ ਦੇ ਵਿਦਿਆਰਥੀਆਂ ਦੀ ਸਹੂਲਤ ਲਈ ਸਥਾਪਤ ਕੀਤੇ ਜਾ ਰਹੇ ਸਰਕਾਰੀ ਕਾਲਜ, ਢੋਲਬਾਹਾ ਆਉਂਦੇ ਸੈਸ਼ਨ ਤੋਂ ਸ਼ੁਰੂ ਕਰ ਦਿੱਤਾ ਜਾਵੇਗਾ ਅਤੇ ਇਸ ਕਾਲਜ ਦੀ ਸ਼ੁਰੂਆਤ ਨਾਲ ਇਲਾਕੇ ਦੇ ਵਿਦਿਆਰਥੀਆਂ ਨੂੰ ਵੱਡੀ ਸਹੂਲਤ ਮਿਲੇਗੀ ਜੋ ਕਿ ਲੰਮੇ ਸਮੇਂ ਤੋਂ ਲੋੜੀਂਦੀ ਸੀ।
ਇਹ ਪ੍ਰਗਟਾਵਾ ਹਲਕਾ ਸ਼ਾਮਚੁਰਾਸੀ ਤੋਂ ਵਿਧਾਇਕ ਪਵਨ ਕੁਮਾਰ ਆਦੀਆ ਨੇ ਡਿਪਟੀ ਕਮਿਸ਼ਨਰ ਅਪਨੀਤ ਰਿਆਤ ਸਮੇਤ ਉਸਾਰੀ ਅਧੀਨ ਕਾਲਜ ਦੇ ਕੰਮ ਦੀ ਪ੍ਰਗਤੀ ਦਾ ਜਾਇਜ਼ਾ ਲੈਣ ਉਪਰੰਤ ਕਰਦਿਆਂ ਕਿਹਾ ਕਿ 13.78 ਕਰੋੜ ਰੁਪਏ ਦੀ ਲਾਗਤ ਨਾਲ ਬਨਣ ਵਾਲਾ ਇਹ ਕਾਲਜ ਇਲਾਕੇ ਅੰਦਰ ਸਿੱਖਿਆ ਦੇ ਪ੍ਰਸਾਰ ਵਿੱਚ ਅਹਿਮ ਭੂਮਿਕਾ ਨਿਭਾਵੇਗਾ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਮੁਢਲੀ ਅਤੇ ਉਚੇਰੀ ਸਿੱਖਿਆ ਦੇ ਪੱਧਰ ਨੂੰ ਹੋਰ ਉਚਾ ਚੁੱਕਣ ਲਈ ਕੀਤੇ ਜਾ ਰਹੇ ਉਪਰਾਲਿਆਂ ਤਹਿਤ ਸਥਾਪਤ ਕੀਤੇ ਜਾਣ ਵਾਲੇ ਇਸ ਕਾਲਜ ਵਿੱਚ 20 ਕਲਾਸਾਂ, 4 ਲੈਬਾਰਟਰੀਆਂ, 3 ਖੇਡ ਦੇ ਮੈਦਾਨ ਆਦਿ ਉਸਾਰੇ ਜਾ ਰਹੇ ਹਨ ਜੋ ਕਿ ਵੱਖ-ਵੱਖ ਵਿਸ਼ਿਆਂ ਵਿੱਚ ਉਚੇਰੀ ਸਿੱਖਿਆ ਹਾਸਲ ਕਰਨ ਵਾਲੇ ਵਿਦਿਆਰਥੀਆਂ ਲਈ ਮੀਲ ਪੱਥਰ ਸਾਬਤ ਹੋਣਗੇ।
ਇਸ ਦੌਰਾਨ ਵਿਧਾਇਕ ਅਤੇ ਡਿਪਟੀ ਕਮਿਸ਼ਨਰ ਨੇ ਚੱਲ ਰਹੇ ਉਸਾਰੀ ਕਾਰਜਾਂ ਦੀ ਰਫ਼ਤਾਰ ’ਤੇ ਤਸੱਲੀ ਪ੍ਰਗਟਾਉਂਦਿਆਂ ਦੱਸਿਆ ਕਿ 31 ਮਾਰਚ ਤੋਂ ਪਹਿਲਾਂ-ਪਹਿਲਾਂ ਇਹ ਕਾਲਜ ਪੂਰੀ ਤਰ੍ਹਾਂ ਤਿਆਰ ਹੋ ਜਾਵੇਗਾ ਜਿਸ ਉਪਰੰਤ ਕਲਾਸਾਂ ਵੀ ਸ਼ੁਰੂ ਕਰ ਦਿੱਤੀਆਂ ਜਾਣਗੀਆਂ। ਡਿਪਟੀ ਕਮਿਸ਼ਨਰ ਅਪਨੀਤ ਰਿਆਤ ਨੇ ਦੱਸਿਆ ਕਿ 10 ਏਕੜ ਰਕਬੇ ਵਿੱਚ ਬਣ ਰਹੇ ਇਸ ਕਾਲਜ ਦੇ ਸ਼ੁਰੂ ਹੋਣ ਨਾਲ ਢੋਲਬਾਹਾ, ਇਸ ਦੇ ਆਲੇ-ਦੁਆਲੇ ਦੇ ਖੇਤਰਾਂ ਤੋਂ ਇਲਾਵਾ ਦੂਰ-ਦੁਰਾਡੇ ਇਲਾਕਿਆਂ ਦੇ ਵਿਦਿਆਰਥੀਆਂ ਨੂੰ ਉਚੇਰੀ ਸਿੱਖਿਆ ਹਾਸਲ ਕਰਨ ਵਿੱਚ ਕੋਈ ਪ੍ਰੇਸ਼ਾਨੀ ਨਹੀਂ ਰਹੇਗੀ।
ਕੈਪਸ਼ਨ : ਐਮ.ਐਲ.ਏ. ਪਵਨ ਕੁਮਾਰ ਆਦੀਆ ਅਤੇ ਡਿਪਟੀ ਕਮਿਸ਼ਨਰ ਅਪਨੀਤ ਰਿਆਤ ਢੋਲਬਾਹਾ ਵਿਖੇ ਬਣ ਰਹੇ ਸਰਕਾਰੀ ਕਾਲਜ ਦੇ ਕੰਮ ਦੀ ਪ੍ਰਗਤੀ ਦਾ ਜਾਇਜ਼ਾ ਲੈਂਦੇ ਹੋਏ।
EDITOR
CANADIAN DOABA TIMES
Email: editor@doabatimes.com
Mob:. 98146-40032 whtsapp