ਰਾਸ਼ਟਰੀ ਨਾਰੀ ਸ਼ਕਤੀ ਪੁਰਸਕਾਰ-2020 ਲਈ ਅਰਜ਼ੀ ਦੇਣ ਦੀ ਤਰੀਕ ਵਧਾਈ
ਚੰਡੀਗੜ੍ਹ, 4 ਫ਼ਰਵਰੀ:- ਰਾਸ਼ਟਰੀ ਨਾਰੀ ਸ਼ਕਤੀ ਪੁਰਸਕਾਰ-2020 ਲਈ ਅਰਜ਼ੀਆਂ ਦੇਣ ਦੀ ਆਖ਼ਰੀ ਤਰੀਕ ਵਿੱਚ ਵਾਧਾ ਕਰ ਦਿੱਤਾ ਗਿਆ ਹੈ।ਸਮਾਜਿਕ ਸੁਰੱਖਿਆ, ਇਸਤਰੀ ਅਤੇ ਬਾਲ ਵਿਕਾਸ ਵਿਭਾਗ ਦੇ ਬੁਲਾਰੇ ਮੁਤਾਬਕ ਔਰਤਾਂ ਨੂੰ ਸਮਰੱਥ ਬਣਾਉਣ ਲਈ ਕੀਤੇ ਗਏ ਵਿਲੱਖਣ ਕਾਰਜਾਂ ਨੂੰ ਮਾਨਤਾ ਦੇਣ ਲਈ ਉਲੀਕੇ ਰਾਸ਼ਟਰੀ ਪੁਰਸਕਾਰ (ਨਾਰੀ ਸ਼ਕਤੀ ਪੁਰਸਕਾਰ-2020) ਲਈ ਹੁਣ 6 ਫ਼ਰਵਰੀ, 2021 ਤੱਕ ਅਰਜ਼ੀਆਂ ਦਿੱਤੀਆਂ ਜਾ ਸਕਦੀਆਂ ਹਨ।ਉਨ੍ਹਾਂ ਦੱਸਿਆ ਕਿ ਔਰਤਾਂ ਅਤੇ ਬਾਲ ਵਿਕਾਸ ਮੰਤਰਾਲੇ ਵੱਲੋਂ ਔਰਤਾਂ ਲਈ ਸਭ ਤੋਂ ਸਰਬੋਤਮ ਨਾਗਰਿਕ ਸਨਮਾਨ ‘ਨਾਰੀ ਸ਼ਕਤੀ ਪੁਰਸਕਾਰ-2020′ 8 ਮਾਰਚ, 2021 ਨੂੰ ਕੌਮਾਂਤਰੀ ਮਹਿਲਾ ਦਿਵਸ ਮੌਕੇ ਉਨ੍ਹਾਂ ਵਿਅਕਤੀਆਂ ਨੂੰ ਦਿੱਤਾ ਜਾਂਦਾ ਹੈ, ਜੋ ਔਰਤਾਂ ਨੂੰ ਸਮਰੱਥ ਬਣਾਉਣ ਦੀ ਦਿਸ਼ਾ ਵਿੱਚ ਨਿਰੰਤਰ ਕੰਮ ਕਰ ਰਹੇ ਹਨ ਅਤੇ ਸਮਾਜ ਵਿੱਚ ਔਰਤਾਂ ਦੀ ਉੱਨਤੀ ਅਤੇ ਵਿਕਾਸ ਲਈ ਵਿਸ਼ੇਸ਼ ਯੋਗਦਾਨ ਪਾ ਰਹੇ ਹਨ।ਉਨ੍ਹਾਂ ਦੱਸਿਆ ਕਿ ਔਰਤਾਂ ਦੇ ਸ਼ਕਤੀਕਰਨ ਵੱਲ ਵਧੀਆ ਕੰਮ ਕਰਨ ਵਾਲੇ ਵਿਅਕਤੀ ਵਿਸ਼ੇਸ਼, ਸਮੂਹਾਂ ਅਤੇ ਸੰਸਥਾਵਾਂ ਪੁਰਸਕਾਰ ਵਾਸਤੇ ਬਿਨੈ ਕਰ ਸਕਦੀਆਂ ਹਨ। ਵਿਅਕਤੀਗਤ ਵਰਗ ਲਈ ਬਿਨੈਕਾਰ ਦੀ ਉਮਰ ਘੱਟੋ-ਘੱਟ 25 ਸਾਲ ਹੋਣੀ ਚਾਹੀਦੀ ਹੈ, ਜਦੋਂ ਕਿ ਸੰਸਥਾਵਾਂ ਨੂੰ ਘੱਟੋ-ਘੱਟ ਪੰਜ ਸਾਲ ਦਾ ਤਜਰਬਾ ਹੋਣਾ ਲਾਜ਼ਮੀ ਹੈ। ਲੋੜੀਂਦੇ ਦਸਤਾਵੇਜ਼ਾਂ ਸਮੇਤ ਅਰਜ਼ੀਆਂ ਸਿਰਫ਼ www.narishaktipuruskar.wcd.gov.in ‘ਤੇ ਹੀ ਦਿੱਤੀਆਂ ਜਾਣ। ਕਿਸੇ ਹੋਰ ਤਰੀਕੇ ਨਾਲ ਭੇਜੀ ਅਰਜ਼ੀ ‘ਤੇ ਵਿਚਾਰ ਨਹੀਂ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਪੁਰਸਕਾਰ ਸਬੰਧੀ ਦਿਸ਼ਾ-ਨਿਰਦੇਸ਼ ਅਤੇ ਬਿਨੈ ਪੱਤਰ ਮਹਿਲਾ ਤੇ ਬਾਲ ਵਿਕਾਸ ਮੰਤਰਾਲੇ ਦੀ ਵੈੱਬਸਾਈਟ ਤੋਂ ਡਾਊਨਲੋਡ ਕੀਤੇ ਜਾ ਸਕਦੇ ਹਨ।
EDITOR
CANADIAN DOABA TIMES
Email: editor@doabatimes.com
Mob:. 98146-40032 whtsapp