ਡਾ.ਓਬਰਾਏ ਦੇ ਯਤਨਾਂ ਸਦਕਾ 28 ਸਾਲ ਨੌਜਵਾਨ ਦਾ ਮ੍ਰਿਤਕ ਸਰੀਰ ਦੁਬਈ ਤੋਂ ਵਤਨ ਪੁੱਜਾ
ਮ੍ਰਿਤਕ ਦੀ ਮਾਂ ਨੇ ਵੀ ਬੀਤੇ ਦਿਨ ਛੱਡੇ ਸਵਾਸ,ਮਾਂ-ਪੁੱਤ ਦਾ ਇਕੱਠਾ ਹੋਇਆ ਸਸਕਾਰ
ਬੇਰੁਜ਼ਗਾਰ ਹੋਣ ਕਾਰਨ ਪ੍ਰੇਸ਼ਾਨ ਦਲਜੀਤ ਦੀ 1 ਅਗਸਤ ਨੂੰ ਹੋਈ ਸੀ ਮੌਤ
ਸਰਬੱਤ ਦਾ ਭਲਾ ਟਰੱਸਟ ਨੇ ਹੁਣ ਤੱਕ 249 ਬਦਨਸੀਬਾਂ ਦੇ ਮ੍ਰਿਤਕ ਸਰੀਰ ਵਾਰਸਾਂ ਤੱਕ ਪਹੁੰਚਾਏ
ਅੰਮ੍ਰਿਤਸਰ ( ਰਾਜਨ ਮਾਨ ) – ਆਪਣੇ ਪਰਿਵਾਰਾਂ ਨੂੰ ਆਰਥਿਕ ਮੰਦਹਾਲੀ ਚੋਂ ਕੱਢਣ ਲਈ ਆਪਣੇ ਘਰ,ਜ਼ਮੀਨਾਂ ਗਹਿਣੇ ਧਰ ਖਾੜੀ ਮੁਲਕਾਂ ‘ਚ ਮਿਹਨਤ ਮਜ਼ਦੂਰੀ ਕਰਨ ਗਏ ਲੋਕਾਂ ਦੀ ਹਰ ਮੁਸ਼ਕਲ ਘੜੀ ‘ਚ ਰਹਿਬਰ ਬਣਕੇ ਮਦਦ ਕਰਨ ਵਾਲੇ ਦੁਬਈ ਦੇ ਉੱਘੇ ਕਾਰੋਬਾਰੀ ਅਤੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਸਰਪ੍ਰਸਤ ਡਾ.ਐਸ.ਪੀ.ਸਿੰਘ ਓਬਰਾਏ ਦੇ ਯਤਨਾਂ ਸਦਕਾ ਜਲੰਧਰ ਜ਼ਿਲ੍ਹੇ ਦੇ ਭੋਗਪੁਰ ਇਲਾਕੇ ਦੇ ਪਿੰਡ ਨੰਗਲ ਅਰੀਆਂ ਦੇ 28 ਸਾਲਾ ਦਲਜੀਤ ਕੁਮਾਰ ਪੁੱਤਰ ਕਿਸ਼ਨ ਲਾਲ ਦਾ ਮਿ੍ਤਕ ਸਰੀਰ ਅੱਜ ਸਵੇਰੇ ਤੜਕਸਾਰ ਦੁਬਈ ਤੋਂ ਸ੍ਰੀ ਗੁਰੂ ਰਾਮਦਾਸ ਅੰਤਰਰਾਸ਼ਟਰੀ ਹਵਾਈ ਅੱਡਾ ਰਾਜਾਸਾਂਸੀ, ਅੰਮ੍ਰਿਤਸਰ ਵਿਖੇ ਪਹੁੰਚਿਆ।
ਇਸ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਬਾਨੀ ਡਾ.ਐੱਸ.ਪੀ.ਸਿੰਘ ਓਬਰਾਏ ਨੇ ਦੱਸਿਆ ਕਿ ਦਲਜੀਤ ਕੁਮਾਰ ਆਪਣੇ ਪਰਿਵਾਰ ਦੇ ਆਰਥਿਕ ਹਾਲਾਤ ਨੂੰ ਸੁਧਾਰਨ ਦੀ ਕੋਸ਼ਿਸ਼ ‘ਚ ਦੋ ਸਾਲ ਪਹਿਲਾਂ ਹੀ ਮਿਹਨਤ ਮਜ਼ਦੂਰੀ ਕਰਨ ਲਈ ਦੁਬਈ ਆਇਆ ਸੀ। ਉਨ੍ਹਾਂ ਦੱਸਿਆ ਕਿ ਪਰਿਵਾਰਕ ਮੈਂਬਰਾਂ ਦੇ ਦੱਸੇ ਮੁਤਾਬਕ ਦਲਜੀਤ ਨੇ ਕੁਝ ਕਾਰਨਾਂ ਕਰਕੇ ਆਪਣੀ ਕੰਮ ਵਾਲੀ ਕੰਪਨੀ ਨੂੰ ਛੱਡ ਦਿੱਤਾ ਸੀ ਜਿਸ ਉਪਰੰਤ ਕੰਪਨੀ ਨੇ ਉਸ ਖਿਲਾਫ਼ ਵਿਚਾਲੇ ਕੰਟਰੈਕਟ ਤੋੜਨ ਦਾ ਕੇਸ ਦਰਜ ਕਰਵਾ ਦਿੱਤਾ ਸੀ। ਇਸ ਪਿੱਛੋਂ ਕੋਈ ਹੋਰ ਕੰਮ ਨਾ ਮਿਲਣ ਕਾਰਨ ਉਹ ਮਾਨਸਿਕ ਦਬਾਅ ਹੇਠ ਆ ਗਿਆ ਸੀ। ਕੁਝ ਦਿਨ ਜ਼ਿਆਦਾ ਬਿਮਾਰ ਰਹਿਣ ਕਾਰਨ ਬੀਤੀ 1 ਅਗਸਤ ਨੂੰ ਉਸਦੀ ਮੌਤ ਹੋ ਗਈ। ਉਨ੍ਹਾਂ ਦੱਸਿਆ ਪੀਡ਼ਤ ਪਰਿਵਾਰ ਨੇ ਸੋਸ਼ਲ ਮੀਡੀਆ ਰਾਹੀਂ ਉਨ੍ਹਾਂ ਨਾਲ ਸੰਪਰਕ ਕਰ ਕੇ ਆਪਣੀ ਬੇਵਸੀ ਦਾ ਹਵਾਲਾ ਦਿੰਦਿਆਂ ਮ੍ਰਿਤਕ ਦੇਹ ਭਾਰਤ ਪਹੁੰਚਾਉਣ ‘ਚ ਸਹਿਯੋਗ ਕਰਨ ਲਈ ਕਿਹਾ ਸੀ। ਜਿਸ ਉਪਰੰਤ ਉਨ੍ਹਾਂ ਨੇ ਭਾਰਤੀ ਦੂਤਾਵਾਸ ਦੇ ਵਿਸ਼ੇਸ਼ ਸਹਿਯੋਗ ਸਦਕਾ ਆਪਣੇ ਨਿੱਜੀ ਸਕੱਤਰ ਬਲਦੀਪ ਸਿੰਘ ਚਾਹਲ ਦੀ ਦੇਖ-ਰੇਖ ‘ਚ ਜਲਦ ਸਾਰੀ ਲੋੜੀਂਦੀ ਕਾਗਜ਼ੀ ਕਾਰਵਾਈ ਮੁਕੰਮਲ ਕਰਵਾ ਕੇ ਦਲਜੀਤ ਦੇ ਮ੍ਰਿਤਕ ਸਰੀਰ ਨੂੰ ਅੱਜ ਸਵੇਰੇ ਤੜਕਸਾਰ ਭਾਰਤ ਭੇਜ ਕੇ ਉਸ ਦੇ ਵਾਰਸਾਂ ਨੂੰ ਸੌੰਪ ਦਿੱਤਾ ਹੈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੁਆਰਾ ਹੁਣ ਤੱਕ 249 ਬਦਨਸੀਬ ਲੋਕਾਂ ਦੇ ਮਿ੍ਤਕ ਸਰੀਰ ਉਨ੍ਹਾਂ ਦੇ ਵਾਰਸਾਂ ਤੱਕ ਪਹੁੰਚਾਏ ਜਾ ਚੁੱਕੇ ਹਨ।
ਇੱਥੇ ਇਹ ਵੀ ਦੱਸਣਯੋਗ ਹੈ ਕਿ ਮ੍ਰਿਤਕ ਦਲਜੀਤ ਕੁਮਾਰ ਦੀ ਮਾਤਾ ਨਿਰਮਲ ਕੌਰ ਜੋ ਪਿਛਲੇ ਕੁਝ ਸਮੇਂ ਤੋਂ ਬੀਮਾਰ ਸੀ, ਦੀ ਵੀ ਬੀਤੇ ਦਿਨ ਮੌਤ ਹੋ ਗਈ ਸੀ, ਜਿਸ ਕਾਰਨ ਅੱਜ ਮਾਂ ਤੇ ਪੁੱਤ ਦਾ ਇਕੱਠਿਆਂ ਸਸਕਾਰ ਕੀਤਾ ਗਿਆ ਹੈ।
ਹਵਾਈ ਅੱਡੇ ਤੋਂ ਮ੍ਰਿਤਕ ਸਰੀਰ ਲੈਣ ਪਹੁੰਚੇ ਮ੍ਰਿਤਕ ਦੇ ਚਾਚੇ ਅਮਰਜੀਤ ਸਿੰਘ ਅਤੇ ਜੀਜੇ ਦਿਲਬਾਗ ਆਦਿ ਤੋਂ ਇਲਾਵਾ ਹੋਰਨਾਂ ਪਰਿਵਾਰਕ ਮੈਂਬਰਾਂ ਨੇ ਉਸਦੀ ਮ੍ਰਿਤਕ ਦੇਹ ਲੈ ਕੇ ਆਉਣ ਲਈ ਵੱਡਾ ਸਹਿਯੋਗ ਕਰਨ ‘ਤੇ ਡਾ.ਐੱਸ.ਪੀ.ਸਿੰਘ ਓਬਰਾਏ ਦਾ ਤਹਿ ਦਿਲੋਂ ਸ਼ੁਕਰਾਨਾ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਬਦੌਲਤ ਹੀ ਪਰਿਵਾਰ ਨੂੰ ਦਲਜੀਤ ਦੇ ਅੰਤਿਮ ਦਰਸ਼ਨ ਨਸੀਬ ਹੋ ਸਕੇ ਹਨ।
EDITOR
CANADIAN DOABA TIMES
Email: editor@doabatimes.com
Mob:. 98146-40032 whtsapp