ਸਿਹਤ ਵਿਭਾਗ ਵਲੋਂ ਫੀਲਡ ਆਊਟਰੀਚ ਬਿਊਰੋ ਦੇ ਸਹਿਯੋਗ ਨਾਲ ਕੋਰੋਨਾ ਟੀਕਾਕਰਨ ਦਾ ਵਿਸ਼ੇਸ਼ ਕੈਂਪ
ਸ਼ਹਿਰ ਦੇ ਮੁੱਖ ਬਾਜ਼ਾਰ ’ਚ ਸੈਂਕੜੇ ਲਾਭਪਾਤਰੀਆਂ ਨੇ ਲਗਵਾਈ ਵੈਕਸੀਨ
ਹੁਸ਼ਿਆਰਪੁਰ (ਜਸਪਾਲ ਸਿੰਘ ਢੱਟ , ਸੌਰਵ ਗਰੋਵਰ ): ਕੇਂਦਰੀ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਦੇ ਫੀਲਡ ਆਊਟਰੀਚ ਬਿਊਰੋ ਦੇ ਸਹਿਯੋਗ ਨਾਲ ਸਿਹਤ ਵਿਭਾਗ ਦੀਆਂ ਟੀਮਾਂ ਵਲੋਂ ਅੱਜ ਸਥਾਨਕ ਮੁੱਖ ਬਾਜ਼ਾਰ ’ਚ ਅਰੋੜਾ ਕੰਪਲੈਕਸ ਵਿਖੇ ਵਿਸ਼ੇਸ਼ ਕੋਵਿਡ ਟੀਕਾਕਰਨ ਕੈਂਪ ਲਾਇਆ ਗਿਆ ਜਿਸ ਵਿਚ ਸੈਂਕੜੇ ਲਾਭਪਾਤਰੀਆਂ ਨੇ ਪਹਿਲੀ ਅਤੇ ਦੂਜੀ ਡੋਜ਼ ਲਗਵਾਈ।
ਟੀਕਾਕਰਨ ਕੈਂਪ ਦੌਰਾਨ ਫੀਲਡ ਆਊਟਰੀਚ ਬਿਊਰੋ ਵਲੋਂ ਲਾਭਪਾਤਰੀਆਂ ਨੂੰ ‘ਆਈ ਐਮ ਵੈਕਸੀਨੇਟਿਡ’ ਲਿਖੀਆਂ ਹੋਈਆਂ ਵਿਸ਼ੇਸ਼ ਟੋਪੀਆਂ ਦਿੱਤੀਆਂ ਗਈਆਂ ਅਤੇ ਸੈਨੇਟਾਈਜ਼ਰ ਵੀ ਵੰਡੇ ਗਏ। ਕੈਂਪ ਦੌਰਾਨ ਸਿਵਲ ਸਰਜਨ ਡਾ. ਰਣਜੀਤ ਸਿੰਘ ਨੇ ਕਿਹਾ ਕਿ ਟੀਕਾਕਰਨ ਨਾਲ ਹੀ ਕੋਰੋਨਾ ਖਿਲਾਫ਼ ਜੰਗ ਜਿੱਤ ਕੇ ਮਿਸ਼ਨ ਫਤਿਹ ਨੂੰ ਪੂਰੀ ਤਰ੍ਹਾਂ ਕਾਮਯਾਬ ਕੀਤਾ ਜਾ ਸਕਦਾ ਹੈ। ਉਨ੍ਹਾਂ ਨੇ ਲਾਭਪਾਤਰੀਆਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਹ ਬੜਾ ਚੰਗਾ ਰੁਝਾਨ ਹੈ ਕਿ ਹਰ ਵਿਅਕਤੀ ਖੁਦ ਅਤੇ ਆਪਣੇ ਸਕੇ ਸਬੰਧੀਆਂ ਦੇ ਟੀਕਾਕਰਨ ਲਈ ਅੱਗੇ ਆ ਰਿਹਾ ਹੈ ਜਿਹੜਾ ਕਿ ਕੋਰੋਨਾ ਨੂੰ ਮਾਤ ਦੇਣ ਵਿਚ ਵੱਡਾ ਰੋਲ ਅਦਾ ਕਰੇਗਾ। ਜ਼ਿਲ੍ਹਾ ਟੀਕਾਕਰਨ ਅਧਿਕਾਰੀ ਡਾ. ਸੀਮਾ ਗਰਗ ਨੇ ਵੀ ਲਾਭਪਾਤਰੀਆਂ ਨੂੰ ਟੀਕਾਕਰਨ ਲਈ ਉਤਸ਼ਾਹਿਤ ਕਰਦਿਆਂ ਕਿਹਾ ਕਿ ਵਾਇਰਸ ਦੀ ਰੋਕਥਾਮ ਲਈ ਇਹ ਇਕ ਅਹਿਮ ਕਦਮ ਹੈ ਜਿਸ ਵਿਚ ਸਾਰਿਆਂ ਨੂੰ ਬੇਝਿਜਕ ਸ਼ਾਮਲ ਹੋਣਾ ਚਾਹੀਦਾ ਹੈ।
ਇਸ ਮੌਕੇ 18 ਤੋਂ 45 ਸਾਲ ਉਮਰ ਵਰਗ ਦੇ ਬਹੁਤ ਸਾਰੇ ਨੌਜਵਾਨਾਂ ਨੇ ਆਪਣਾ ਟੀਕਾਕਰਨ ਕਰਵਾਉਣ ਦੇ ਨਾਲ-ਨਾਲ ਇਹ ਗੱਲ ਜ਼ੋਰ ਦੇ ਕੇ ਆਖੀ ਕਿ ਉਹ ਟੀਕਾਕਰਨ ਦਾ ਸੁਨੇਹਾ ਅੱਗੇ ਵੀ ਪਹੁੰਚਾਉਣਗੇ। ਕੈਂਪ ਦੌਰਾਨ ‘ਆਈ ਐਮ ਵੈਕਸੀਨੇਟਿਡ’ ਲਿਖਿਆ ਹੋਇਆ ਸੈਲਫੀ ਪੁਆਇੰਟ ਵੀ ਬਣਾਇਆ ਗਿਆ ਜਿਥੇ ਲੋਕਾਂ ਨੇ ਆਪਣੇ ਮੋਬਾਇਲਾਂ ਨਾਲ ਸੈਲਫੀਆਂ ਖਿੱਚੀਆਂ।
ਫੀਲਡ ਪਬਲੀਸਿਟੀ ਅਧਿਕਾਰੀ ਰਾਜੇਸ਼ ਬਾਲੀ ਨੇ ਦੱਸਿਆ ਕਿ ਉਨ੍ਹਾਂ ਦੇ ਵਿਭਾਗ ਵਲੋਂ ਹੋਰਨਾਂ ਰਾਜਾਂ ਵਿਚ ਵੀ ਸਿਹਤ ਵਿਭਾਗ ਦੇ ਸਹਿਯੋਗ ਨਾਲ ਅਜਿਹੇ ਟੀਕਾਕਰਨ ਕੈਂਪ ਲਗਾਏ ਜਾ ਰਹੇ ਹਨ ਤਾਂ ਜੋ ਲੋਕਾਂ ਨੂੰ ਵਾਇਰਸ ਦੀ ਚਪੇਟ ’ਚ ਆਉਣ ਤੋਂ ਬਚਾਇਆ ਜਾ ਸਕੇ। ਫੀਲਡ ਆਊਟਰੀਚ ਬਿਊਰੋ ਦੀ ਸਭਿਆਚਾਰਕ ਟੀਮ ਦੇ ਕਲਾਕਾਰਾਂ ਵਲੋਂ ਵਿਸ਼ੇਸ਼ ਗੀਤਾਂ ਰਾਹੀਂ ਕੋਰੋਨਾ ਪ੍ਰਤੀ ਜਾਗਰੂਕਤਾ ਦਾ ਸੁਨੇਹਾ ਦਿੱਤਾ। ਜ਼ਿਕਰਯੋਗ ਹੈ ਕਿ ਹੁਸ਼ਿਆਰਪੁਰ ਜ਼ਿਲ੍ਹੇ ਵਿਚ ਹੁਣ ਤੱਕ 11 ਲੱਖ ਤੋਂ ਵੱਧ ਡੋਜ਼ਾਂ ਲਗਾਈਆਂ ਜਾ ਚੁੱਕੀਆਂ ਹਨ।
EDITOR
CANADIAN DOABA TIMES
Email: editor@doabatimes.com
Mob:. 98146-40032 whtsapp