· ਅਕਾਲੀ-ਭਾਜਪਾ ਦੇ ਗਠਜੋੜ ਨੇ ਹੀ ਕਿਸਾਨਾਂ ਨੂੰ ਦਿੱਲੀ ਜਾਣ ਲਈ ਮਜਬੂਰ ਕੀਤਾ-ਮੁੱਖ ਮੰਤਰੀ
· ਖੇਤੀ ਕਾਨੂੰਨਾਂ ਦੀ ਨੀਂਹ ਬਾਦਲਾਂ ਨੇ ਰੱਖੀ ਅਤੇ ਅਕਾਲੀ ਦਲ ਹੀ ਖੇਤੀ ਕਾਨੂੰਨਾਂ ਲਈ ਜਿੰਮੇਵਾਰ : ਨਵਜੋਤ ਸਿੰਘ ਸਿੱਧੂ
ਚੰਡੀਗੜ੍ਹ, 15 ਸਤੰਬਰ:
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਕਿਸੇ ਵੀ ਅਕਾਲੀ ਨੇਤਾ ਖਾਸ ਕਰਕੇ ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੂੰ ਖੇਤੀ ਕਾਨੂੰਨਾਂ ਨਾਲ ਪੈਦਾ ਹੋਏ ਸੰਕਟ ‘ਤੇ ਬੋਲਣ ਦਾ ਨੈਤਿਕ ਹੱਕ ਨਹੀਂ ਹੈ ਕਿਉਂਕਿ ਉਹ ਇਸ ਸੰਕਟ ਨੂੰ ਸੌਖਿਆਂ ਹੀ ਟਾਲ ਸਕਦੇ ਸਨ, ਜਦੋਂ ਉਹ ਕੇਂਦਰ ਸਰਕਾਰ ਵਿਚ ਭਾਈਵਾਲ ਅਤੇ ਇਸ ਦੇ ਹਰੇਕ ਲੋਕ ਵਿਰੋਧੀ ਫੈਸਲੇ ਵਿੱਚ ਧਿਰ ਹੁੰਦੇ ਸਨ।
ਮੁੱਖ ਮੰਤਰੀ ਨੇ ਪੰਜਾਬ ਵਿੱਚ ਲੰਮੇ ਸਮੇਂ ਤੋਂ ਚੱਲ ਰਹੇ ਕਿਸਾਨ ਸੰਘਰਸ਼ ਨਾਲ ਸੂਬੇ ਦੇ ਅਰਥਚਾਰੇ ‘ਤੇ ਪੈਣ ਵਾਲੇ ਅਸਰ ਬਾਰੇ ਦਿੱਤੇ ਬਿਆਨ ਦੇ ਸੰਦਰਭ ਵਿੱਚ ਹਰਸਿਮਰਤ ਬਾਦਲ ਵੱਲੋਂ ਗੈਰ-ਜ਼ਿੰਮੇਵਰਾਨਾ ਦਾਅਵੇ ਕਰਨ ਅਤੇ ਉਨ੍ਹਾਂ ਖ਼ਿਲਾਫ਼ ਨਿਰਆਧਾਰ ਦੋਸ਼ ਲਾਉਣ ‘ਤੇ ਤਿੱਖਾ ਪਲਟਵਾਰ ਕਰਦਿਆਂ ਅਕਾਲੀ ਨੇਤਾ ਦੇ ਸਿਆਸੀ ਤੌਰ ‘ਤੇ ਪ੍ਰੇਰਿਤ ਵਿਚਾਰਾਂ ਦੀ ਸਖ਼ਤ ਸ਼ਬਦਾਂ ‘ਚ ਨਿਖੇਧੀ ਕੀਤੀ। ਉਨ੍ਹਾਂ ਕਿਹਾ ਕਿ ਹਰਸਿਮਰਤ ਬਾਦਲ ਦੀ ਇਹ ਬਿਆਨਬਾਜ਼ੀ ਸੰਕਟ ਨੂੰ ਰੋਕਣ ਵਿਚ ਉਸ ਦੀ ਪਾਰਟੀ ਅਤੇ ਖੁਦ ਦੀ ਨਾਕਾਮੀ ‘ਤੇ ਪਰਦਾ ਪਾਉਣ ਤੋਂ ਵੱਧ ਹੋਰ ਕੁਝ ਨਹੀਂ ਹੈ ਜਦਕਿ ਇਹ ਕੰਡੇ ਉਨ੍ਹਾਂ ਨੇ ਆਪ ਹੀ ਬੀਜੇ ਹੋਏ ਹਨ।
ਸਾਬਕਾ ਕੇਂਦਰੀ ਮੰਤਰੀ ਵੱਲੋਂ ਉਨ੍ਹਾਂ ਉਪਰ ਭਾਰਤੀ ਜਨਤਾ ਪਾਰਟੀ ਦੀ ਲੀਡਰਸ਼ਿਪ ਅਤੇ ਪ੍ਰਧਾਨ ਮੰਤਰੀ ਦੀ ਬੋਲੀ ਬੋਲਣ ਦੇ ਲਾਏ ਦੋਸ਼ਾਂ ਦੀ ਖਿੱਲੀ ਉਡਾਉਂਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਜੇਕਰ ਕੇਂਦਰ ਅਤੇ ਗੁਆਂਢੀ ਸੂਬੇ ਹਰਿਆਣੇ ਵਿੱਚ ਸੱਤਾਧਾਰੀ ਪਾਰਟੀ ਉਤੇ ਛੱਡ ਦਿੱਤਾ ਹੁੰਦਾ ਤਾਂ ਕਿਸਾਨ ਆਪਣੀ ਆਵਾਜ਼ ਸੁਣਾਉਣ ਲਈ ਦਿੱਲੀ ਦੀਆਂ ਸਰਹੱਦਾਂ ਤੱਕ ਵੀ ਨਾ ਪਹੁੰਚਦੇ। ਉਨ੍ਹਾਂ ਕਿਹਾ,”ਮੈਂ ਕਦੇ ਵੀ ਕਿਸਾਨਾਂ ਨੂੰ ਦਿੱਲੀ ਜਾਣ ਲਈ ਨਹੀਂ ਆਖਿਆ। ਤੁਹਾਡੀ ਗੱਠਜੋੜ ਸਰਕਾਰ ਦੀਆਂ ਮਾਰੂ ਕਦਮਾਂ ਦੇ ਸਿੱਟੇ ਵਜੋਂ ਕਿਸਾਨਾਂ ਨੂੰ ਮਜਬੂਰਨ ਆਪਣੇ ਘਰ-ਬਾਰ ਛੱਡ ਕੇ ਕੌਮੀ ਰਾਜਧਾਨੀ ਦੀ ਸਰਹੱਦ ‘ਤੇ ਬੈਠਣਾ ਪਿਆ ਜਿੱਥੇ ਉਨ੍ਹਾਂ ਨੂੰ ਕਈ ਅਨਸਰਾਂ ਦਾ ਸਾਹਮਣਾ ਕਰਨ ਤੋਂ ਇਲਾਵਾ ਜਾਨਾਂ ਵੀ ਗੁਆਉਣੀਆਂ ਪਈਆਂ।” ਕੈਪਟਨ ਅਮਰਿੰਦਰ ਸਿੰਘ ਨੇ ਹਰਸਿਮਰਤ ਬਾਦਲ ਨੂੰ ਕਿਸਾਨਾਂ ‘ਤੇ ਖੇਤੀ ਕਾਨੂੰਨ ਥੋਪਣ ਵਿੱਚ ਆਪਣੀ ਮਿਲੀਭੁਗਤ ਬਾਰੇ ਝੂਠ ਬੋਲਣ ਤੋਂ ਗੁਰੇਜ਼ ਕਰਨ ਲਈ ਕਿਹਾ ਜੋ ਕਾਨੂੰਨ ਸਿਰਫ ਪੰਜਾਬ ਲਈ ਨਹੀਂ ਸਗੋਂ ਸਮੁੱਚੇ ਮੁਲਕ ਲਈ ਹਨ।
ਖੇਤੀ ਕਾਨੂੰਨਾਂ ਦੀ ਨੀਂਹ ਬਾਦਲਾਂ ਨੇ ਰੱਖੀ ਅਤੇ ਅਕਾਲੀ ਦਲ ਹੀ ਖੇਤੀ ਕਾਨੂੰਨਾਂ ਲਈ ਜਿੰਮੇਵਾਰ : ਨਵਜੋਤ ਸਿੰਘ ਸਿੱਧੂ
ਚੰਡੀਗੜ੍ਹ : ਪੰਜਾਬ ਕਾਂਗਰਸ ਕਮੇਟੀ ਦੇ ਪ੍ਧਾਨ ਨਵਜੋਤ ਸਿੰਘ ਸਿੱਧੂ ਨੇ ਪ੍ਰੈਸ ਕਾਨਫਰੰਸ ਕਰਦਿਆਂ ਕਿਹਾ ਕਿ ਖੇਤੀ ਕਾਨੂੰਨਾਂ ਦੀ ਨੀਂਹ ਬਾਦਲਾਂ ਨੇ ਰੱਖੀ ਅਤੇ ਅਕਾਲੀ ਦਲ ਹੀ ਖੇਤੀ ਕਾਨੂੰਨਾਂ ਲਈ ਜਿੰਮੇਵਾਰ ਹੈ। ਸਿੱਧੂ ਨੇ ਕਿਹਾ ਕਿ 2013 ਤੋਂ ਪਹਿਲਾਂ ਇਕ ਕੰਟਰੈਕਟ ਫਾਰਮਿੰਗ ਐਕਟ ਪੰਜਾਬ ਵਿਧਾਨ ਸਭਾ ਵਿਚ ਆਇਆ ਸੀ, ਜਿਸ ਨੂੰ ਪ੍ਰਕਾਸ਼ ਸਿੰਘ ਬਾਦਲ ਨੇ ਸਦਨ ਵਿਚ ਰੱਖਿਆ ਸੀ।
ਤਿੰਨ ਖੇਤੀ ਕਾਨੂੰਨਾਂ ਦੀ ਨੀਂਹ ਇਸ ਕੰਟਰੈਕਟ ਫਾਰਮਿੰਗ ਕਾਨੂੰਨ ਨੇ ਰੱਖੀ ਸੀ। ਇਸ ਕੰਟਰੈਕਟ ਫਾਰਮਿੰਗ ਕਾਨੂੰਨ ਵਿਚ ਐਮਐਸਪੀ ਦਾ ਕੋਈ ਸਥਾਨ ਨਹੀਂ ਰੱਖਿਆ ਗਿਆ ਸੀ। 108 ਫਸਲਾਂ ਵਿਚ ਕਣਕ ਅਤੇ ਚੌਲ ਨੂੰ ਇਸ ਵਿਚ ਜੋਡ਼ ਦਿੱਤਾ ਤਾਂ ਕਿ ਐਮਐਸਪੀ ਤੇ ਘੱਟ ਫਸਲਾਂ ਨੂੰ ਬੇਚਿਆ ਜਾ ਸਕੇ। ਸਿੱਧੂ ਨੇ ਕਿਹਾ ਕਿਸਾਨ ਦੇ ਕੋਲ ਇਸ ਕਾਨੂੰਨ ਵਿਚ ਕੋਰਟ ਜਾਣ ਦਾ ਕੋਈ ਅਧਿਕਾਰ ਨਹੀਂ ਸੀ। ਉਨਾ ਕਿਹਾ ਕਿ ਅੱਜ ਵੀ ਕਿਸਾਨਾਂ ਨੂੰ ਐਮਐਸਪੀ ਨਹੀਂ ਮਿਲ ਰਿਹਾ ਹੈ ਪਰ ਕਾਰਪੋਰੇਟ ਘਰਾਣਿਆਂ ਨੂੰ ਪੂਰਾ ਮੁਨਾਫਾ ਦੇ ਰਹੇ ਹਨ। ਸਿੱਧੂ ਨੇ ਅਕਾਲੀ ਦਲ ਤੇ ਦੋਸ਼ ਲਗਾਉਂਦੇ ਹੋਏ ਕਿਹਾ ਕਿ ਚੋਣਾਂ ਮਗਰੋਂ ਫਿਰ ਭਾਜਪਾ ਨਾਲ ਗਠਜੋਡ਼ ਕਰ ਲੈਣਗੇ।
EDITOR
CANADIAN DOABA TIMES
Email: editor@doabatimes.com
Mob:. 98146-40032 whtsapp