ਦਿੱਲੀ : ਮੌਸਮ ਵਿਭਾਗ (ਆਈਐਮਡੀ) ਨੇ ਦਿੱਲੀ ਵਿੱਚ ਬਾਰਿਸ਼ ਨੂੰ ਲੈ ਕੇ ਔਰੇਂਜ ਅਲਰਟ ਜਾਰੀ ਕੀਤਾ ਹੈ। ਜਦਕਿ ਅਗਲੇ 2 ਦਿਨਾਂ ਤੱਕ ਹਲਕੀ ਤੋਂ ਦਰਮਿਆਨੀ ਬਾਰਿਸ਼ ਦੀ ਭਵਿੱਖਬਾਣੀ ਕੀਤੀ ਗਈ ਹੈ। ਐਤਵਾਰ ਅਤੇ ਸੋਮਵਾਰ ਨੂੰ ਪੰਜਾਬ ਅਤੇ ਹਰਿਆਣਾ ਵਿੱਚ ਮੀਂਹ ਪੈਣ ਦੀ ਸੰਭਾਵਨਾ ਹੈ। ਮੌਸਮ ਵਿਭਾਗ ਨੇ ਅਲਰਟ ਜਾਰੀ ਕੀਤਾ ਹੈ। ਪੰਜਾਬ, ਹਰਿਆਣਾ ਦੇ ਕਈ ਜ਼ਿਲ੍ਹਿਆਂ ਦੇ ਨਾਲ–ਨਾਲ ਚੰਡੀਗੜ੍ਹ ਵਿੱਚ 40-50 ਕਿਲੋਮੀਟਰ ਦੀ ਰਫ਼ਤਾਰ ਨਾਲ ਹਵਾ ਚੱਲੇਗੀ ਅਤੇ ਗਰਜ ਦੇ ਨਾਲ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ।
ਵਿਭਾਗ ਨੇ ਚਿਤਾਵਨੀ ਜਾਰੀ ਕੀਤੀ ਹੈ ਕਿ ਜੋ ਫਸਲਾਂ ਖੁੱਲ੍ਹੇ ‘ਚ ਹਨ ਉਨ੍ਹਾਂ ਨੂੰ ਤੇਜ਼ ਹਵਾਵਾਂ ਨਾਲ ਨੁਕਸਾਨ ਹੋ ਸਕਦਾ ਹੈ, ਇਸ ਲਈ ਉਨ੍ਹਾਂ ਨੂੰ ਢੱਕ ਕੇ ਰੱਖੋ। ਦੱਸ ਦਈਏ ਕਿ 17 ਅਕਤੂਬਰ ਤੋਂ ਮੌਸਮ ਵਿੱਚ ਬਦਲਾਅ ਬੰਗਾਲ ਦੀ ਖਾੜੀ ‘ਚ ਬਣਨ ਵਾਲੇ ਸੰਭਾਵਤ ਘੱਟ ਦਬਾਅ ਵਾਲੇ ਖੇਤਰ ਤੋਂ ਦਿਖਾਈ ਦੇਵੇਗਾ। ਇਸਦੇ ਕਾਰਨ 17 ਅਕਤੂਬਰ ਅਤੇ 18 ਅਕਤੂਬਰ ਦੀ ਰਾਤ ਨੂੰ ਹਵਾ ਅਤੇ ਗਰਜ ਦੇ ਨਾਲ ਭਾਰੀ ਮੀਂਹ ਪੈ ਸਕਦਾ ਹੈ। ਮੌਨਸੂਨ ਦੀ ਵਾਪਸੀ ਤੋਂ ਬਾਅਦ ਇਹ ਪਹਿਲੀ ਬਾਰਿਸ਼ ਹੋਵੇਗੀ।
ਮੌਸਮ ਵਿਭਾਗ ਮੁਤਾਬਕ, ਕੁਝ ਥਾਵਾਂ ‘ਤੇ ਮੀਂਹ ਅਤੇ ਹਵਾ ਕਾਰਨ ਪਾਣੀ ਭਰਨ, ਬਿਜਲੀ ਕੱਟਾਂ, ਦਰੱਖਤਾਂ ਦੇ ਡਿੱਗਣ ਆਦਿ ਦੀਆਂ ਸਮੱਸਿਆਵਾਂ ਹੋ ਸਕਦੀਆਂ ਹਨ। ਇਸ ਲਈ ਲੋਕਾਂ ਨੂੰ ਸਾਵਧਾਨ ਰਹਿਣਾ ਚਾਹੀਦਾ ਹੈ। ਅਗਲੇ ਕੁਝ ਦਿਨਾਂ ਵਿੱਚ ਰਾਤ ਦੇ ਤਾਪਮਾਨ ਵਿੱਚ ਹੋਰ ਗਿਰਾਵਟ ਆਉਣ ਦੀ ਸੰਭਾਵਨਾ ਹੈ, ਜਿਸ ਨਾਲ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੇਗੀ।
EDITOR
CANADIAN DOABA TIMES
Email: editor@doabatimes.com
Mob:. 98146-40032 whtsapp