ਸ਼ਹੀਦ ਸਿਪਾਹੀ ਮਨਜੀਤ ਸਿੰਘ ਦਾ ਸਰਕਾਰੀ ਸਨਮਾਨਾਂ ਦੇ ਨਾਲ ਅੰਤਿਮ ਸਸਕਾਰ
ਵਿਧਾਇਕ ਅਰੁਣ ਡੋਗਰਾ, ਡੀ.ਸੀ., ਐਸ.ਐਸ.ਪੀ ਤੇ ਹੋਰਨਾ ਸਖਸ਼ੀਅਤਾਂ ਸਮੇਤ ਸੈਂਕੜੇ ਲੋਕਾਂ ਵੱਲੋਂ ਨਮ ਅੱਖਾਂ ਨਾਲ ਸ਼ਹੀਦ ਨੂੰ ਵਿਦਾਇਗੀ
ਖੇੜਾ ਕੋਟਲੀ, (ਦਸੂਹਾ) 01 ਨਵੰਬਰ- ਸ਼ਹੀਦ ਸਿਪਾਹੀ ਮਨਜੀਤ ਸਿੰਘ ਦਾ ਅੱਜ ਉਨ੍ਹਾਂ ਦੇ ਪਿੰਡ ਖੇੜਾ ਕੋਟਲੀ ਵਿਖੇ ਸਰਕਾਰੀ ਸਨਮਾਨਾਂ ਦੇ ਨਾਲ ਅੰਤਿਮ ਸਸਕਾਰ ਕੀਤਾ ਗਿਆ, ਇਸ ਮੌਕੇ ਸ਼ਹੀਦ ਦੇ ਭਰਾ ਅਵਤਾਰ ਸਿੰਘ ਨੇ ਚਿਖਾ ਨੂੰ ਅਗਨੀ ਦਿੱਤੀ। ਸ਼ਹੀਦ ਮਨਜੀਤ ਸਿੰਘ ਦੇ ਪਰਿਵਾਰ ਵਿਚ ਉਨ੍ਹਾਂ ਦੇ ਮਾਤਾ-ਪਿਤਾ, ਚਾਰ ਭੈਣਾਂ ਤੇ ਇਕ ਭਰਾ ਮੌਜੂਦ ਹਨ।
ਪਿੰਡ ਦੇ ਸ਼ਮਸ਼ਾਨਘਾਟ ਵਿਚ ਸੈਂਕੜੇ ਲੋਕਾਂ ਨੇ ਦੇਸ਼ ਤੋਂ ਜਾਨ ਕੁਰਬਾਨ ਕਰਨ ਵਾਲੇ ਸਿਪਾਹੀ ਮਨਜੀਤ ਸਿੰਘ ਨੂੰ ਨਮ ਅੱਖਾਂ ਨਾਲ ਅੰਤਿਮ ਵਿਦਾਇਗੀ ਦਿੱਤੀ, ਜਿੱਥੇ ਫੌਜ ਦੀ ਟੁੱਕੜੀ ਵੱਲੋਂ ਗਾਰਡ ਆਫ ਆਨਰ ਵੀ ਦਿੱਤਾ। ਸਵੇਰੇ ਸਾਂਢੇ ਦਸ ਵਜੇ ਦੇ ਕਰੀਬ ਸ਼ਹੀਦ ਦੀ ਮਿ੍ਰਤਕ ਦੇਹ ਪਿੰਡ ਪਹੁੰਚਣ ’ਤੇ ਸਾਰੇ ਪਾਸੇ ਸੋਗ ਦੀ ਲਹਿਰ ਦੌੜ ਗਈ ਤੇ ਵੱਖ-ਵੱਖ ਪਿੰਡਾਂ ਦੇ ਲੋਕਾਂ ਤੋਂ ਇਲਾਵਾ ਭਾਰਤੀ ਫੌਜ ਦੇ ਅਧਿਕਾਰੀ, ਸਿਵਲ ਤੇ ਪੁਲਿਸ ਪ੍ਰਸ਼ਾਸਨ ਦੇ ਅਧਿਕਾਰੀ ਤੇ ਵੱਖ-ਵੱਖ ਸਿਆਸੀ ਸਖਸ਼ੀਅਤਾਂ ਵੀ ਸ਼ਹੀਦ ਨੂੰ ਸ਼ਰਧਾ ਦੇ ਫੁੱਲ ਭੇਟ ਕਰਨ ਲਈ ਪੁੱਜੀਆਂ। ਜਿਕਰਯੋਗ ਹੈ ਕਿ ਸਿਹਾਪੀ ਮਨਜੀਤ ਸਿੰਘ 30 ਅਕਤੂਬਰ ਨੂੰ ਰਾਤ ਸਮੇਂ ਡਿਊਟੀ ਵੇਲੇ ਇਕ ਧਮਾਕੇ ਦੌਰਾਨ ਸ਼ਹੀਦ ਹੋ ਗਏ ਸਨ।
ਸ਼ਹੀਦ ਦੇ ਪਰਿਵਾਰ ਨਾਲ ਦੁੱਖ ਸਾਂਝਾ ਕਰਦਿਆ ਵਿਧਾਇਕ ਅਰੁਣ ਡੋਗਰਾ ਨੇ ਕਿਹਾ ਕਿ ਦੇਸ਼ ਲਈ ਸੇਵਾ ਕਰਦਿਆ ਦਿੱਤੀ ਸਿਪਾਹੀ ਮਨਜੀਤ ਸਿੰਘ ਦੀ ਸ਼ਹਾਦਤ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ। ਵਿਧਾਇਕ ਅਰੁਣ ਡੋਗਰਾ, ਡਿਪਟੀ ਕਮਿਸ਼ਨਰ ਅਪਨੀਤ ਰਿਆਤ, ਐਸ.ਐ.ਪੀ.ਕੁਲਵੰਤ ਸਿੰਘ ਹੀਰ, ਜਿਲ੍ਹਾ ਰੱਖਿਆ ਸੇਵਾਵਾਂ ਭਲਾਈ ਅਧਿਕਾਰੀ ਕਰਨਲ ਦਲਵਿੰਦਰ ਸਿੰਘ ਸਮੇਤ ਵੱਖ-ਵੱਖ ਖੇਤਰਾਂ ਨਾਲ ਜੁੜੀਆਂ ਸਖਸ਼ੀਅਤਾਂ ਤੋਂ ਇਲਾਵਾ ਸੈਂਕੜੇ ਲੋਕਾਂ ਨੇ ਸਿਪਾਹੀ ਮਨਜੀਤ ਸਿੰਘ ਨੂੰ ਸ਼ਰਧਾਂਜਲੀ ਦਿੱਤੀ।
ਜਿਕਰਯੋਗ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਬੀਤੇ ਕੱਲ੍ਹ ਸ਼ਹੀਦ ਸਿਪਾਹੀ ਮਨਜੀਤ ਸਿੰਘ, ਜਿਸਨੇ ਨੌਸ਼ਹਿਰਾ ਸੈਕਟਰ ਵਿਚ ਦੇਸ਼ ਦੀ ਸੇਵਾ ਕਰਦਿਆ ਆਪਣੀ ਜਾਨ ਕੁਰਬਾਨ ਕਰ ਦਿੱਤੀ, ਦੇ ਪਰਿਵਾਰ ਨੂੰ 50 ਲੱਖ ਰੁਪਏ ਐਕਸ ਗ੍ਰੇਸ਼ੀਆ ਤੇ ਪਰਿਵਾਰ ਦੇ ਇਕ ਮੈਂਬਰ ਨੂੰ ਸਰਕਾਰੀ ਨੌਕਰੀ ਦੇਣ ਦਾ ਐਲਾਨ ਕੀਤਾ ਹੈ।
EDITOR
CANADIAN DOABA TIMES
Email: editor@doabatimes.com
Mob:. 98146-40032 whtsapp