ਮੁੱਖ ਮੰਤਰੀ ਦਾ ਪੰਜਾਬ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਜਾਰੀ
* ਲੋਕਾਂ ਦੇ ਇਕ-ਇਕ ਪੈਸੇ ਦੇ ਨੁਕਸਾਨ ਦੀ ਭਰਪਾਈ ਕੀਤੀ ਜਾਵੇਗੀ
* ਫ਼ਿਰੋਜਪੁਰ ਜ਼ਿਲ੍ਹੇ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਪੁੱਜੇ ਮੁੱਖ ਮੰਤਰੀ
* ਕਿਸਾਨਾਂ ਨੂੰ ਝੋਨੇ ਦੀ ਪਨੀਰੀ ਮੁਫਤ ਦੇਣ ਦਾ ਐਲਾਨ
ਫ਼ਿਰੋਜਪੁਰ, 14 ਜੁਲਾਈ
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸੁੱਕਰਵਾਰ ਨੂੰ ਸੂਬੇ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਜਾਰੀ ਰੱਖਦਿਆਂ ਐਲਾਨ ਕੀਤਾ ਕਿ ਸੂਬਾ ਸਰਕਾਰ ਲੋਕਾਂ ਦੇ ਇਕ-ਇਕ ਪੈਸੇ ਦੇ ਨੁਕਸਾਨ ਦਾ ਮੁਆਵਜਾ ਦੇਵੇਗੀ।
ਬਚਾਅ ਤੇ ਰਾਹਤ ਕਾਰਜਾਂ ਦਾ ਨਿਰੀਖਣ ਕਰਨ ਲਈ ਪਿੰਡ ਨਿਹਾਲਾ ਲਵੇਰਾ ਦਾ ਦੌਰਾ ਕਰਨ ਪੁੱਜੇ ਮੁੱਖ ਮੰਤਰੀ ਨੇ ਕਿਹਾ ਕਿ ਸੂਬੇ ਵਿੱਚ ਭਾਰੀ ਮੀਂਹ ਕਾਰਨ ਫਸਲਾਂ, ਘਰਾਂ ਅਤੇ ਹੋਰਾਂ ਦੇ ਨੁਕਸਾਨ ਦਾ ਪਤਾ ਲਾਉਣ ਲਈ ਵਿਸੇਸ ਗਿਰਦਾਵਰੀ ਕਰਵਾਈ ਜਾਵੇਗੀ। ਉਨ੍ਹਾਂ ਕਿਹਾ ਕਿ ਡਿਪਟੀ ਕਮਿਸਨਰਾਂ ਨੂੰ ਬਰਸਾਤ ਕਾਰਨ ਹੋਏ ਨੁਕਸਾਨ ਦਾ ਪਹਿਲ ਦੇ ਆਧਾਰ ‘ਤੇ ਪਤਾ ਲਾਉਣ ਲਈ ਤੁਰੰਤ ਗਿਰਦਾਵਰੀ ਕਰਨ ਲਈ ਡਿਪਟੀ ਕਮਿਸਨਰਾਂ ਨੂੰ ਵਿਸਥਾਰਤ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ। ਭਗਵੰਤ ਮਾਨ ਨੇ ਲੋਕਾਂ ਨੂੰ ਭਰੋਸਾ ਦਿਵਾਇਆ ਕਿ ਸਰਕਾਰ ਕੁਦਰਤ ਦੇ ਕਹਿਰ ਤੋਂ ਉਨ੍ਹਾਂ ਦੇ ਹਿੱਤਾਂ ਦੀ ਰਾਖੀ ਲਈ ਵਚਨਬੱਧ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੇ ਜਮੀਨੀ ਪੱਧਰ ‘ਤੇ ਸਥਿਤੀ ਦਾ ਜਾਇਜਾ ਲੈਣ ਲਈ ਵਿਆਪਕ ਪੱਧਰ ‘ਤੇ ਕੋਸ਼ਿਸ ਕੀਤੀ ਹੈ। ਭਗਵੰਤ ਮਾਨ ਨੇ ਕਿਹਾ ਕਿ ਇਸ ਔਖੀ ਘੜੀ ਵਿੱਚ ਲੋਕਾਂ ਦੀ ਮਦਦ ਕਰਨਾ ਸੂਬਾ ਸਰਕਾਰ ਦਾ ਫਰਜ ਹੈ ਅਤੇ ਇਸ ਨੇਕ ਕਾਰਜ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਸੂਬੇ ਦੇ ਦੂਰ-ਦੁਰਾਡੇ ਦੇ ਇਲਾਕਿਆਂ ਵਿੱਚ ਹਰੇਕ ਲੋੜਵੰਦ ਵਿਅਕਤੀ ਤੱਕ ਵੀ ਸਹਾਇਤਾ ਮੁਹੱਈਆ ਕਰਵਾਈ ਜਾ ਰਹੀ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਸੂਬੇ ਦੇ ਸਭ ਤੋਂ ਵੱਧ ਪ੍ਰਭਾਵਿਤ ਖੇਤਰਾਂ ਵਿੱਚ ਰਾਹਤ ਯਕੀਨੀ ਬਣਾਉਣ ਉਤੇ ਵਿਸੇਸ ਜੋਰ ਦਿੱਤਾ ਜਾ ਰਿਹਾ ਹੈ ਤਾਂ ਜੋ ਲੋਕਾਂ ਨੂੰ ਕਿਸੇ ਕਿਸਮ ਦੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ। ਭਗਵੰਤ ਮਾਨ ਨੇ ਕਿਹਾ ਕਿ ਸੂਬੇ ਦੇ ਬੁਰੀ ਤਰ੍ਹਾਂ ਪ੍ਰਭਾਵਿਤ ਇਲਾਕਿਆਂ ਵਿੱਚ ਬਚਾਅ ਅਤੇ ਰਾਹਤ ਕਾਰਜਾਂ ਨੂੰ ਨੇਪਰੇ ਚਾੜ੍ਹਨ ਨੂੰ ਪਹਿਲ ਦਿੱਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਸੂਬੇ ਦੇ ਸਾਰੇ ਡੈਮ ਸੁਰੱਖਿਅਤ ਹਨ ਅਤੇ ਪਾਣੀ ਖਤਰੇ ਦੇ ਨਿਸਾਨ ਤੋਂ ਹੇਠਾਂ ਵਹਿ ਰਿਹਾ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਪਾਣੀ ਦੇ ਤੇਜ ਵਹਾਅ ਕਾਰਨ ਕਈ ਥਾਈਂ ਖੇਤਾਂ ਵਿੱਚ ਝੋਨੇ ਦੀ ਫਸਲ ਤਬਾਹ ਹੋ ਗਈ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਦੇ ਹਿੱਤਾਂ ਦੀ ਰਾਖੀ ਲਈ ਸੂਬਾ ਸਰਕਾਰ ਜਲਦੀ ਕਿਸਾਨਾਂ ਨੂੰ ਵੱਧ ਝਾੜ ਦੇਣ ਵਾਲੀਆਂ ਝੋਨੇ ਦੀਆਂ ਕਿਸਮਾਂ ਦੀ ਪਨੀਰੀ ਮੁਫਤ ਮੁਹੱਈਆ ਕਰਵਾਏਗੀ। ਭਗਵੰਤ ਮਾਨ ਨੇ ਕਿਹਾ ਕਿ ਉਨ੍ਹਾਂ ਪਹਿਲਾਂ ਹੀ ਖੇਤੀਬਾੜੀ ਯੂਨੀਵਰਸਿਟੀ, ਪਨਸੀਡ, ਖੇਤੀਬਾੜੀ ਵਿਭਾਗ ਅਤੇ ਹੋਰਾਂ ਨੂੰ ਇਨ੍ਹਾਂ ਕਿਸਮਾਂ ਦੀ ਪਨੀਰੀ ਤਿਆਰ ਕਰਨ ਦੇ ਨਿਰਦੇਸ ਦੇ ਚੁੱਕੇ ਹਨ।
ਮੁੱਖ ਮੰਤਰੀ ਨੇ ਕਿਹਾ ਕਿ ਪਨੀਰੀ ਅਗਲੇ ਚਾਰ-ਪੰਜ ਦਿਨਾਂ ਵਿੱਚ ਤਿਆਰ ਹੋ ਜਾਵੇਗੀ, ਜਿਸ ਤੋਂ ਬਾਅਦ ਇਹ ਕਿਸਾਨਾਂ ਨੂੰ ਮੁਫਤ ਵੰਡੀ ਜਾਵੇਗੀ। ਉਨ੍ਹਾਂ ਕਿਹਾ ਕਿ ਸੂਬੇ ਦੇ ਕਰੀਬ 15 ਜ਼ਿਲ੍ਹੇ ਹੜ੍ਹ ਦੇ ਪਾਣੀ ਨਾਲ ਪ੍ਰਭਾਵਿਤ ਹੋਏ ਹਨ, ਜਿੱਥੇ ਲੋੜ ਪੈਣ ‘ਤੇ ਇਹ ਪਨੀਰੀ ਅੰਨਦਾਤਿਆਂ ਨੂੰ ਦਿੱਤੀ ਜਾਵੇਗੀ। ਭਗਵੰਤ ਮਾਨ ਨੇ ਕਿਹਾ ਕਿ ਇਸ ਔਖੀ ਘੜੀ ਵਿੱਚ ਸੂਬਾ ਸਰਕਾਰ ਸੂਬੇ ਦੇ ਕਿਸਾਨਾਂ ਦੇ ਨਾਲ ਖੜ੍ਹੀ ਹੈ।
ਮੁੱਖ ਮੰਤਰੀ ਨੇ ਅੱਗੇ ਕਿਹਾ ਕਿ ਇਹ ਜਾਣ ਕੇ ਖੁਸੀ ਹੋਈ ਹੈ ਕਿ ਸੂਬੇ ਵਿੱਚ ਹੜ੍ਹ ਦਾ ਪਾਣੀ ਤੇਜੀ ਨਾਲ ਘਟ ਰਿਹਾ ਹੈ, ਜਿਸ ਕਾਰਨ ਰਾਹਤ ਅਤੇ ਬਚਾਅ ਕਾਰਜਾਂ ਵਿੱਚ ਤੇਜੀ ਆ ਰਹੀ ਹੈ। ਉਨ੍ਹਾਂ ਨੇ ਰਾਹਤ ਕਾਰਜਾਂ ਵਿੱਚ ਸੂਬਾ ਸਰਕਾਰ ਨੂੰ ਸਹਿਯੋਗ ਦੇਣ ਲਈ ਬੀ.ਐੱਸ.ਐੱਫ./ਐੱਨ.ਡੀ.ਆਰ.ਐੱਫ. ਦੀਆਂ ਟੀਮਾਂ ਦੀ ਵੀ ਸਲਾਘਾ ਕੀਤੀ। ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਨੂੰ ਮੁਸਕਲ ਹਾਲਾਤ ਵਿੱਚ ਲੋਕਾਂ ਦੀ ਸੇਵਾ ਕਰਨ ਲਈ ਜਾਣਿਆ ਜਾਂਦਾ ਹੈ ਅਤੇ ਅਸੀਂ ਇਸ ਚੁਣੌਤੀ ਨੂੰ ਵੀ ਪਾਰ ਕਰ ਲਵਾਂਗੇ।
ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬੀਆਂ ਨੇ ਇਸ ਸੰਕਟ ਦਾ ਮੁਕਾਬਲਾ ਕਰਨ ਲਈ ਇਕ ਵਾਰ ਫਿਰ ਹੌਸਲਾ ਤੇ ਲਾਮਿਸਾਲ ਸਾਹਸ ਦਿਖਾਇਆ ਹੈ। ਉਨ੍ਹਾਂ ਕਿਹਾ ਕਿ ਪੰਜਾਬੀਆਂ ਨੂੰ ਹਰ ਤਰ੍ਹਾਂ ਦੀਆਂ ਔਕੜਾਂ ਨਾਲ ਲੜਨ ਦੇ ਅਦੁੱਤੀ ਜਜਬੇ ਦੀ ਬਖਸ਼ਿਸ ਹੈ, ਜਿਸ ਕਾਰਨ ਪੰਜਾਬੀ ਹਰੇਕ ਮੁਸਕਲ ਵਿੱਚੋਂ ਨਿਕਲ ਕੇ ਅੱਜ ਇੱਥੋਂ ਤੱਕ ਪੁੱਜੇ ਹਨ। ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਨੇ ਕਮਾਲ ਦੀ ਸਾਂਝ ਅਤੇ ਸਦਭਾਵਨਾ ਦਿਖਾਉਂਦਿਆਂ ਇਕ ਦੂਜੇ ਦੀ ਮਦਦ ਕੀਤੀ ਹੈ।
————–
ਮੁੱਖ ਮੰਤਰੀ ਦਫ਼ਤਰ, ਪੰਜਾਬ
ਮੁੱਖ ਮੰਤਰੀ ਹੜ੍ਹ ਪ੍ਰਭਾਵਿਤ ਲੋਕਾਂ ਨੂੰ ਰਾਹਤ ਪਹੁੰਚਾਉਣ ਲਈ ਲਗਾਤਾਰ ਯਤਨਸੀਲ
* ਪਿੰਡ ਮੰਡਾਲਾ ਛੰਨਾ ਵਿਖੇ ਧੁੱਸੀ ਬੰਨ੍ਹ ਦੀ ਮੁਰੰਮਤ ਦੇ ਕੰਮ ਦਾ ਨਿਰੀਖਣ
* ਕਿਸਾਨਾਂ ਨੂੰ ਝੋਨੇ ਦੀ ਪਨੀਰੀ ਮੁਫਤ ਦੇਣ ਦਾ ਐਲਾਨ
* ਸੂਬੇ ਦੇ ਪੇਂਡੂ ਵਿਕਾਸ ਫੰਡ ਰੋਕੇ ਜਾਣ ਦੀ ਸਾਜ਼ਿਸ ਵਿੱਚ ਸ਼ਮੂਲੀਅਤ ਲਈ ਜਾਖੜ ਦੀ ਕੀਤੀ ਆਲੋਚਨਾ
ਮੰਡਾਲਾ ਛੰਨਾ (ਜਲੰਧਰ), 14 ਜੁਲਾਈ:
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸੂਬੇ ਦੇ ਹੜ੍ਹ ਪ੍ਰਭਾਵਿਤ ਖੇਤਰਾਂ ਵਿੱਚ ਲੋਕਾਂ ਨੂੰ ਰਾਹਤ ਪਹੁੰਚਾਉਣ ਲਈ ਆਪਣੇ ਯਤਨ ਜਾਰੀ ਰੱਖਦਿਆਂ ਅੱਜ ਇੱਥੇ ਧੁੱਸੀ ਬੰਨ੍ਹ ‘ਚ ਪਏ ਪਾੜ ਨੂੰ ਪੂਰਨ ਸਬੰਧੀ ਚੱਲ ਰਹੇ ਕੰਮ ਦਾ ਨਿਰੀਖਣ ਕੀਤਾ।
ਬੰਨ੍ਹ ਵਿੱਚ ਸੋਮਵਾਰ ਤੜਕਸਾਰ ਪਏ ਪਾੜ ਨੂੰ ਪੂਰਨ ਸਬੰਧੀ ਚੱਲ ਰਹੇ ਕੰਮ ਦਾ ਜਾਇਜ਼ਾ ਲੈਣ ਲਈ ਮੁੱਖ ਮੰਤਰੀ ਕਿਸਤੀ ਵਿੱਚ ਬੈਠ ਕੇ ਲੋਕਾਂ ਵਿਚਕਾਰ ਗਏ। ਉਨ੍ਹਾਂ ਉੱਘੇ ਵਾਤਾਵਰਣ ਪ੍ਰੇਮੀ ਅਤੇ ਜ਼ਲਿ੍ਹਾ ਪ੍ਰਸਾਸਨ ਦੀ ਅਗਵਾਈ ਹੇਠ ਵਲੰਟੀਅਰਾਂ ਵੱਲੋਂ ਇਸ ਪਾੜ ਨੂੰ ਪੂਰਨ ਲਈ ਜੰਗੀ ਪੱਧਰ ’ਤੇ ਕੀਤੇ ਗਏ ਮਿਸਾਲੀ ਕਾਰਜਾਂ ਦੀ ਸਲਾਘਾ ਕੀਤੀ। ਭਗਵੰਤ ਮਾਨ ਨੇ ਕਿਹਾ ਕਿ ਇਸ ਔਖੀ ਘੜੀ ਵਿੱਚ ਲੋਕਾਂ ਨੂੰ ਰਾਹਤ ਦੇਣ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ।
ਮੁੱਖ ਮੰਤਰੀ ਨੇ ਕਿਹਾ ਕਿ ਪਾਣੀ ਦੇ ਤੇਜ ਵਹਾਅ ਕਾਰਨ ਕਈ ਥਾਵਾਂ ‘ਤੇ ਝੋਨੇ ਦੀ ਫਸਲ ਤਬਾਹ ਹੋ ਗਈ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਦੇ ਹਿੱਤਾਂ ਦੀ ਰਾਖੀ ਲਈ ਸੂਬਾ ਸਰਕਾਰ ਜਲਦ ਹੀ ਕਿਸਾਨਾਂ ਨੂੰ ਵੱਧ ਝਾੜ ਦੇਣ ਵਾਲੀਆਂ ਝੋਨੇ ਦੀਆਂ ਕਿਸਮਾਂ ਦੀ ਪਨੀਰੀ ਮੁਫਤ ਮੁਹੱਈਆ ਕਰਵਾਏਗੀ। ਭਗਵੰਤ ਮਾਨ ਨੇ ਕਿਹਾ ਕਿ ਉਨ੍ਹਾਂ ਨੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਪਨਸੀਡ, ਖੇਤੀਬਾੜੀ ਵਿਭਾਗ ਅਤੇ ਸਬੰਧਤ ਹੋਰਨਾਂ ਨੂੰ ਪਹਿਲਾਂ ਹੀ ਇਨ੍ਹਾਂ ਕਿਸਮਾਂ ਦੀ ਪਨੀਰੀ ਤਿਆਰ ਕਰਨ ਦੇ ਨਿਰਦੇਸ ਦੇ ਦਿੱਤੇ ਹਨ।
ਮੁੱਖ ਮੰਤਰੀ ਨੇ ਕਿਹਾ ਕਿ ਇਹ ਪਨੀਰੀ ਅਗਲੇ ਚਾਰ-ਪੰਜ ਦਿਨਾਂ ਵਿੱਚ ਤਿਆਰ ਹੋ ਜਾਵੇਗੀ, ਜਿਸ ਤੋਂ ਬਾਅਦ ਇਹ ਕਿਸਾਨਾਂ ਨੂੰ ਮੁਫਤ ਵੰਡੀ ਜਾਵੇਗੀ। ਉਨ੍ਹਾਂ ਕਿਹਾ ਕਿ ਇਸ ਪਾਣੀ ਦੀ ਲਪੇਟ ‘ਚ ਸੂਬੇ ਦੇ ਕਰੀਬ 15 ਜ਼ਿਲ੍ਹੇ ਆਏ ਹਨ, ਜਿੱਥੇ ਲੋੜ ਮੁਤਾਬਕ ਇਹ ਪਨੀਰੀ ਕਿਸਾਨਾਂ ਨੂੰ ਵੰਡੀ ਜਾਵੇਗੀ। ਭਗਵੰਤ ਮਾਨ ਨੇ ਕਿਹਾ ਕਿ ਇਸ ਔਖੀ ਘੜੀ ਵਿੱਚ ਸੂਬਾ ਸਰਕਾਰ ਕਿਸਾਨਾਂ ਦੇ ਮੋਢੋ ਨਾਲ ਮੋਢਾ ਜੋੜ ਕੇ ਖੜ੍ਹੀ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਕਿੰਨੀ ਅਜੀਬ ਗੱਲ ਹੈ ਕਿ ਜਦੋਂ ਉਹ ਹੜ੍ਹਾਂ ਨਾਲ ਪ੍ਰਭਾਵਿਤ ਪੰਜਾਬੀਆਂ ਦੀ ਸੇਵਾ ਕਰਨ ਵਿੱਚ ਰੁੱਝੇ ਹੋਏ ਹਨ ਤਾਂ ਵਿਰੋਧੀ ਧਿਰ ਇਸ ਮੌਕੇ ਨੂੰ ਆਪਣੇ ਸਿਆਸੀ ਹਿੱਤਾਂ ਦੀ ਪੂਰਤੀ ਲਈ ਵਰਤ ਰਹੀ ਹੈ। ਉਨ੍ਹਾਂ ਕਿਹਾ ਕਿ ਵਿਰੋਧੀ ਧਿਰ ਦੇ ਆਗੂਆਂ ਲਈ ਇਹ ਬਹੁਤ ਸਰਮਨਾਕ ਗੱਲ ਹੈ ਕਿ ਉਹ ਇੰਨਾ ਹੇਠਾਂ ਡਿੱਗ ਗਏ ਹਨ ਕਿ ਸੰਕਟ ਦੀ ਇਸ ਘੜੀ ਵਿੱਚ ਵੀ ਸਰਕਾਰ ‘ਤੇ ਚਿੱਕੜ ਉਛਾਲਣ ਤੋਂ ਬਾਜ ਨਹੀਂ ਆ ਰਹੇ। ਭਗਵੰਤ ਮਾਨ ਨੇ ਕਿਹਾ ਕਿ ਇਕ ਵਾਰ ਸੂਬੇ ਦੇ ਲੋਕਾਂ ਦੀ ਸੁਰੱਖਿਆ ਯਕੀਨੀ ਹੋ ਗਈ ਤਾਂ ਉਹ ਇਨ੍ਹਾਂ ਵਿਹਲੜ ਅਤੇ ਨਕਾਰੇ ਹੋਏ ਸਿਆਸੀ ਆਗੂਆਂ ਨੂੰ ਜਰੂਰ ਜਵਾਬ ਦੇਣਗੇ।
ਮੁੱਖ ਮੰਤਰੀ ਨੇ ਕਿਹਾ ਕਿ ਜਿਹੜੇ ਲੋਕ ਇਹ ਸੇਖੀ ਮਾਰ ਰਹੇ ਹਨ ਕਿ ਕੇਂਦਰ ਨੇ 218 ਕਰੋੜ ਰੁਪਏ ਜਾਰੀ ਕੀਤੇ ਹਨ, ਉਨ੍ਹਾਂ ਨੂੰ ਇਹ ਵੀ ਯਾਦ ਰੱਖਣਾ ਚਾਹੀਦਾ ਹੈ ਕਿ ਇਹ ਫੰਡ 10 ਜੁਲਾਈ ਨੂੰ ਜਾਰੀ ਕੀਤੇ ਗਏ ਸਨ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਇਹ ਰਾਸ਼ੀ ਚਾਰ ਦਿਨਾਂ ਵਿੱਚ ਖਰਚ ਨਹੀਂ ਕਰ ਸਕਦੀ। ਸੂਬਾ ਸਰਕਾਰ ਵੱਲੋਂ ਪਹਿਲਾਂ ਹੀ ਰੋਕਥਾਮ ਦੇ ਕੀਤੇ ਪ੍ਰਬੰਧਾਂ ਸਦਕਾ ਘੱਟ ਨੁਕਸਾਨ ਹੋਇਆ ਹੈ। ਭਗਵੰਤ ਮਾਨ ਨੇ ਕਿਹਾ ਕਿ ਇਨ੍ਹਾਂ ਬੇਸਰਮ ਆਗੂਆਂ ਨੂੰ ਅਜਿਹਾ ਬਿਆਨ ਦੇਣ ਤੋਂ ਪਹਿਲਾਂ ਆਪਣੇ ਅੰਦਰ ਝਾਤੀ ਮਾਰਨੀ ਚਾਹੀਦੀ ਹੈ।
ਮੁੱਖ ਮੰਤਰੀ ਨੇ ਭਾਜਪਾ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਨੂੰ ਸਵਾਲ ਕੀਤਾ ਕਿ ਜਦੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੇਂਡੂ ਵਿਕਾਸ ਫੰਡਾਂ ਦੀ ਦੁਰਵਰਤੋਂ ਕੀਤੀ ਸੀ ਤਾਂ ਉਦੋਂ ਉਹ ਚੁੱਪ ਕਿਉਂ ਸਨ? ਉਨ੍ਹਾਂ ਕਿਹਾ ਕਿ ਸੁਨੀਲ ਜਾਖੜ ਉਸ ਸਮੇਂ ਕਾਂਗਰਸ ਦੇ ਸੂਬਾ ਪ੍ਰਧਾਨ ਸਨ, ਜਦੋਂ ਕੇਂਦਰ ਵੱਲੋਂ ਫੰਡ ਰੋਕੇ ਗਏ ਸਨ। ਭਗਵੰਤ ਮਾਨ ਨੇ ਕਿਹਾ ਕਿ ਸੂਬਾ ਭਾਜਪਾ ਪ੍ਰਧਾਨ ਵਿਕਾਸ ਕਾਰਜਾਂ ਨੂੰ ਰੋਕਣ ਲਈ ਪੰਜਾਬ ਅਤੇ ਪੰਜਾਬ ਵਾਸੀਆਂ ਪ੍ਰਤੀ ਜਵਾਬਦੇਹ ਹਨ।
ਮੁੱਖ ਮੰਤਰੀ ਨੇ ਅੱਗੇ ਕਿਹਾ ਕਿ ਇਹ ਜਾਣ ਕੇ ਖੁਸੀ ਹੋਈ ਹੈ ਕਿ ਸੂਬੇ ਵਿੱਚ ਹੜ੍ਹ ਦਾ ਪਾਣੀ ਤੇਜੀ ਨਾਲ ਘਟ ਰਿਹਾ ਹੈ, ਜਿਸ ਕਾਰਨ ਰਾਹਤ ਅਤੇ ਬਚਾਅ ਕਾਰਜਾਂ ਵਿੱਚ ਤੇਜੀ ਆ ਰਹੀ ਹੈ। ਉਨ੍ਹਾਂ ਨੇ ਰਾਹਤ ਕਾਰਜਾਂ ਲਈ ਸੂਬਾ ਸਰਕਾਰ ਨੂੰ ਵੱਡਾ ਸਹਿਯੋਗ ਦੇਣ ਲਈ ਬੀ.ਐੱਸ.ਐੱਫ./ਐੱਨ.ਡੀ.ਆਰ.ਐੱਫ. ਦੀਆਂ ਟੀਮਾਂ ਦੀ ਵੀ ਸਲਾਘਾ ਕੀਤੀ। ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਆਫ਼ਤਾਂ ਦੌਰਾਨ ਜਨਤਾ ਦੀ ਸੇਵਾ ਕਰਨ ਲਈ ਜਾਣਿਆ ਜਾਂਦਾ ਹੈ ਅਤੇ ਅਸੀਂ ਇਸ ਚੁਣੌਤੀ ਨਾਲ ਵੀ ਨਜਿੱਠ ਲਵਾਂਗੇ।
ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬੀਆਂ ਨੇ ਇਸ ਸੰਕਟ ਦਾ ਮੁਕਾਬਲਾ ਕਰਨ ਲਈ ਇਕ ਵਾਰ ਫਿਰ ਬੇਮਿਸਾਲ ਸਾਹਸ ਅਤੇ ਦਲੇਰੀ ਦਿਖਾਈ ਹੈ। ਉਨ੍ਹਾਂ ਕਿਹਾ ਕਿ ਪੰਜਾਬੀਆਂ ਨੂੰ ਹਰ ਤਰ੍ਹਾਂ ਦੀਆਂ ਔਕੜਾਂ ਨਾਲ ਲੜਨ ਦੇ ਜਜਬੇ ਦੀ ਬਖਸ਼ਿਸ਼ ਪ੍ਰਾਪਤ ਹੈ, ਜਿਸ ਕਰਕੇ ਪੰਜਾਬੀ ਆਪਣੀ ਇਸ ਭਾਵਨਾ ਨਾਲ ਸਦੀਆਂ ਤੋਂ ਚੜ੍ਹਦੀ ਕਲਾ ਵਿੱਚ ਹਨ। ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਨੇ ਬੇਮਿਸਾਲ ਸਾਂਝ ਅਤੇ ਸਦਭਾਵਨਾ ਦਾ ਪ੍ਰਦਰਸਨ ਕਰਦਿਆਂ ਵੱਡੇ ਪੱਧਰ ‘ਤੇ ਇਕ ਦੂਜੇ ਦੀ ਮਦਦ ਕੀਤੀ ਹੈ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਕੈਬਨਿਟ ਮੰਤਰੀ ਬਲਕਾਰ ਸਿੰਘ, ਲੋਕ ਸਭਾ ਮੈਂਬਰ ਸੁਸੀਲ ਕੁਮਾਰ ਰਿੰਕੂ, ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਅਤੇ ਵਿਧਾਇਕ ਇੰਦਰਜੀਤ ਕੌਰ ਮਾਨ ਵੀ ਹਾਜਰ ਸਨ।
————
ਮੁੱਖ ਮੰਤਰੀ ਭਗਵੰਤ ਮਾਨ ਸਮੇਤ ਸ਼ੁੱਕਰਵਾਰ ਨੂੰ ਕਈ ਮੰਤਰੀਆਂ ਵੱਲੋਂ ਹੜ੍ਹ ਪ੍ਰਭਾਵਿਤ ਖੇਤਰਾਂ ਦਾ ਦੌਰਾ
– ਰਾਹਤ ਕਾਰਜਾਂ ਵਿੱਚ ਤੇਜ਼ੀ, 22 ਹਜ਼ਾਰ ਤੋਂ ਜ਼ਿਆਦਾ ਲੋਕਾਂ ਨੂੰ ਸੁਰੱਖਿਅਤ ਥਾਂਵਾਂ ’ਤੇ ਪਹੁੰਚਾਇਆ
– ਕੁਝ ਇਲਾਕਿਆਂ ’ਚ ਹੜ੍ਹਾਂ ਦੀ ਸਥਿਤੀ ਸੁਧਰਨ ਤੋਂ ਬਾਅਦ ਰਾਹਤ ਕੈਂਪਾਂ ਦੀ ਗਿਣਤੀ ਘਟਾਈ
– ਸਿਹਤ ਵਿਭਾਗ ਵੱਲੋਂ 252 ਮੈਡੀਕਲ ਕੈਂਪ ਸਥਾਪਿਤ, 409 ਰੈਪਿਡ ਰਿਸਪਾਂਸ ਟੀਮਾਂ ਹੜ੍ਹ ਪ੍ਰਭਾਵਿਤ ਖੇਤਰਾਂ ’ਚ ਸਰਗਰਮ
– ਪਸ਼ੂ ਪਾਲਣ ਵਿਭਾਗ ਵੱਲੋਂ 7200 ਤੋਂ ਜ਼ਿਆਦਾ ਪਸ਼ੂਆਂ ਦਾ ਟੀਕਾਕਰਨ
– ਵਿਧਾਇਕ ਗੁਰਪ੍ਰੀਤ ਸਿੰਘ ਨੇ ਇਕ ਮਹੀਨੇ ਦੀ ਤਨਖਾਹ ਮੁੱਖ ਮੰਤਰੀ ਰਾਹਤ ਕੋਸ਼ ਫੰਡ ਲਈ ਦਿੱਤੀ
ਚੰਡੀਗੜ੍ਹ, 14 ਜੁਲਾਈ:
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਸਮੇਤ ਅੱਜ ਕਈ ਮੰਤਰੀਆਂ ਨੇ ਹੜ੍ਹ ਪ੍ਰਭਾਵਿਤ ਖੇਤਰਾਂ ਦਾ ਦੌਰਾ ਕੀਤਾ। ਆਫ਼ਤ ਪ੍ਰਬੰਧਨ ਮੰਤਰੀ ਬ੍ਰਮ ਸ਼ੰਕਰ ਜਿੰਪਾ ਨੇ ਜਿੱਥੇ ਮੋਹਾਲੀ ਜ਼ਿਲ੍ਹੇ ਦੇ ਇਕ ਦਰਜਨ ਦੇ ਕਰੀਬ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕੀਤਾ ਉਥੇ ਹੀ ਜਲ ਸਰੋਤ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਵੀ ਡੇਰਾ ਬੱਸੀ ਇਲਾਕੇ ’ਚ ਹੜ੍ਹਾਂ ਦੀ ਸਥਿਤੀ ਦਾ ਜਾਇਜ਼ਾ ਲਿਆ। ਪਾਤੜਾਂ ਦੇ ਹੜ੍ਹ ਪ੍ਰਭਾਵਿਤ ਇਲਾਕੇ ਵਿਚ ਪਿਛਲੇ ਕਈ ਦਿਨਾਂ ਤੋਂ ਸੂਚਨਾ ਅਤੇ ਲੋਕ ਸੰਪਰਕ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਲੋਕਾਂ ਦੀ ਨਿੱਠ ਕੇ ਸੇਵਾ ਕਰ ਰਹੇ ਹਨ ਅਤੇ ਸੁਨਾਮ ਇਲਾਕੇ ਵਿਚ ਅੱਜ ਮੰਤਰੀ ਅਮਨ ਅਰੋੜਾ ਨੇ ਦੌਰਾ ਕੀਤਾ। ਇਸ ਤੋਂ ਇਲਾਵਾ ਬਾਕੀ ਮੰਤਰੀ ਅਤੇ ਵਿਧਾਇਕ ਵੀ ਆਪੋ ਆਪਣੇ ਇਲਾਕਿਆਂ ਵਿਚ ਹੜ੍ਹ ਪ੍ਰਭਾਵਿਤ ਲੋਕਾਂ ਦੀ ਮਦਦ ਕਰ ਰਹੇ ਹਨ।
ਇਸ ਦੌਰਾਨ ਸਰਦੂਲਗੜ੍ਹ ਦੇ ਵਿਧਾਇਕ ਗੁਰਪ੍ਰੀਤ ਸਿੰਘ ਨੇ ਆਪਣੀ ਇਕ ਮਹੀਨੇ ਦੀ ਤਨਖਾਹ ਮੁੱਖ ਮੰਤਰੀ ਰਾਹਤ ਕੋਸ਼ ਫੰਡ ਨੂੰ ਦੇਣ ਦਾ ਐਲਾਨ ਕੀਤਾ ਹੈ ਤਾਂ ਜੋ ਇਸ ਨੂੰ ਹੜ੍ਹ ਪ੍ਰਭਾਵਿਤਾਂ ਦੀ ਮਦਦ ਲਈ ਵਰਤਿਆ ਜਾ ਸਕੇ।
ਓਧਰ ਮੁੱਖ ਮੰਤਰੀ ਭਗਵੰਤ ਮਾਨ ਦੇ ਨਿਰਦੇਸ਼ਾਂ ਉੱਤੇ ਰਾਹਤ ਕਾਰਜ ਜੰਗੀ ਪੱਧਰ ’ਤੇ ਚੱਲ ਰਹੇ ਹਨ। 22764 ਹੜ੍ਹ ਪ੍ਰਭਾਵਿਤ ਲੋਕਾਂ ਨੂੰ ਸੁਰੱਖਿਅਤ ਥਾਂਵਾਂ ’ਤੇ ਪਹੁੰਚਾਇਆ ਗਿਆ ਹੈ।
ਕੁਝ ਇਲਾਕਿਆਂ ਵਿੱਚ ਹੜ੍ਹਾਂ ਦੀ ਸਥਿਤੀ ਸੁਧਰਨ ਤੋਂ ਬਾਅਦ ਰਾਹਤ ਕੈਂਪਾਂ ਦੀ ਗਿਣਤੀ 183 ਤੋਂ ਘਟਾ ਕੇ 161 ਕਰ ਦਿੱਤੀ ਗਈ ਹੈ।
ਇਕ ਬੁਲਾਰੇ ਨੇ ਦੱਸਿਆ ਕਿ 14 ਜੁਲਾਈ ਸਵੇਰੇ 8 ਵਜੇ ਤੱਕ 14 ਜ਼ਿਲਿ੍ਹਆਂ ਦੇ 1179 ਪਿੰਡ ਹੜ੍ਹ ਪ੍ਰਭਾਵਿਤ ਹੋਏ ਹਨ। ਇਸ ਵੇਲੇ ਜਿਹੜੇ 14 ਜ਼ਿਲ੍ਹੇ ਹੜ੍ਹਾਂ ਦੀ ਮਾਰ ਝੱਲ ਰਹੇ ਹਨ ਉਨ੍ਹਾਂ ‘ਚ ਪਟਿਆਲਾ, ਜਲੰਧਰ, ਕਪੂਰਥਲਾ, ਪਠਾਨਕੋਟ, ਤਰਨ ਤਾਰਨ, ਫਿਰੋਜ਼ਪੁਰ, ਫਤਹਿਗੜ੍ਹ ਸਾਹਿਬ, ਫਰੀਦਕੋਟ, ਹੁਸ਼ਿਆਰਪੁਰ, ਰੂਪਨਗਰ, ਮੋਗਾ, ਲੁਧਿਆਣਾ, ਮੋਹਾਲੀ ਅਤੇ ਸੰਗਰੂਰ ਦੇ ਨਾਂ ਸ਼ਾਮਲ ਹਨ।
ਲੋਕਾਂ ਦੀ ਸਿਹਤ ਨੂੰ ਮੱਦੇਨਜ਼ਰ ਰੱਖਦੇ ਹੋਏ ਸਿਹਤ ਵਿਭਾਗ ਦੀਆਂ ਟੀਮਾਂ ਨੇ ਰੈਪਿਡ ਰਿਸਪਾਂਸ ਟੀਮਾਂ ਦੀ ਗਿਣਤੀ 315 ਤੋਂ ਵਧਾ ਕੇ 409 ਕਰ ਦਿੱਤੀ ਹੈ ਜਦਕਿ ਮੈਡੀਕਲ ਕੈਂਪਾਂ ਦੀ ਗਿਣਤੀ ਵੀ 186 ਤੋਂ ਵਧਾ ਕੇ 252 ਕਰ ਦਿੱਤੀ ਗਈ ਹੈ। ਹੁਣ ਤੱਕ ਕੁੱਲ ਓਪੀਡੀ 9204 ’ਤੇ ਪੁੱਜ ਚੁੱਕੀ ਹੈ।
ਪਸ਼ੂ ਪਾਲਣ ਵਿਭਾਗ ਨੇ ਦੱਸਿਆ ਹੈ ਕਿ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਕੁੱਲ 1730 ਪਸ਼ੂਆਂ ਦਾ ਇਲਾਜ ਕੀਤਾ ਗਿਆ ਹੈ ਅਤੇ 7255 ਪਸ਼ੂਆਂ ਦਾ ਟੀਕਾਕਰਨ ਕੀਤਾ ਗਿਆ ਹੈ। ਇਸ ਤੋਂ ਇਲਾਵਾ ਜ਼ਿਆਦਾਤਰ ਜ਼ਿਲਿ੍ਹਆਂ ਨੇ ਆਪਣੀ ਐਚ.ਐਸ. ਟੀਕਾਕਰਨ ਮੁਹਿੰਮ ਪੂਰੀ ਕਰ ਲਈ ਹੈ। ਰਾਹਤ ਕਾਰਜਾਂ ਵਿੱਚ ਲੱਗੀਆਂ ਟੀਮਾਂ ਲੋੜਵੰਦ ਪਸ਼ੂਆਂ ਦਾ ਇਲਾਜ, ਫੀਡ ਸਪਲਾਈ ਅਤੇ ਚਾਰਾ ਆਦਿ ਮੁਹੱਈਆ ਕਰਵਾਉਣ ਲਈ 24 ਘੰਟੇ ਕੰਮ ਕਰ ਰਹੀਆਂ ਹਨ।
ਉਨ੍ਹਾਂ ਅੱਗੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਹੜ੍ਹ ਪ੍ਰਭਾਵਿਤ ਖੇਤਰਾਂ ਵਿੱਚ ਸੁੱਕੇ ਫੂਡ ਪੈਕਟਾਂ ਦੀ ਲਗਾਤਾਰ ਵੰਡ ਕੀਤੀ ਜਾ ਰਹੀ ਹੈ। ਸਿਰਫ ਪਟਿਆਲਾ (37000) ਅਤੇ ਰੂਪਨਗਰ (18930) ਵਿਚ ਹੀ 57 ਹਜ਼ਾਰ ਤੋਂ ਜ਼ਿਆਦਾ ਸੁੱਕੇ ਫੂਡ ਪੈਕਟ ਵੰਡੇ ਜਾ ਚੁੱਕੇ ਹਨ।
——-
ਹੜ੍ਹਾਂ ਨਾਲ ਪ੍ਰਭਾਵਿਤ ਇਲਾਕਿਆਂ ਦੀ ਬਿਜਲੀ ਸਪਲਾਈ ਬਹਾਲ ਕਰਨ ਲਈ ਪਾਵਰਕਾਮ ਦੇ ਸਾਰੇ ਸਟੋਰ ਦਫਤਰ ਸ਼ਨੀਵਰ ਅਤੇ ਐਤਵਾਰ ਨੂੰ ਖੁੱਲੇ ਰਹਿਣਗੇ : ਹਰਭਜਨ ਸਿੰਘ ਈ.ਟੀ.ਓ.
ਚੰਡੀਗੜ੍ਹ, 14 ਜੁਲਾਈ
ਪੰਜਾਬ ਦੇ ਬਿਜਲੀ ਅਤੇ ਲੋਕ ਨਿਰਮਾਣ ਮੰਤਰੀ ਸ. ਹਰਭਜਨ ਸਿੰਘ ਈ.ਟੀ.ਓ. ਨੇ ਅੱਜ ਇਥੇ ਦੱਸਿਆ ਕਿ ਸੂਬੇ ਵਿਚ ਆਏ ਹੜ੍ਹਾਂ ਕਾਰਨ ਬਿਜਲੀ ਪ੍ਰਭਾਵਿਤ ਇਲਾਕਿਆਂ ਨੂੰ ਨਿਰਵਿਘਨ ਬਿਜਲੀ ਸਪਲਾਈ ਜਲਦੀ ਤੋਂ ਜਲਦੀ ਬਹਾਲ ਕਰਨ ਦੇ ਮੰਤਵ ਲਈ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਨੇ ਆਪਣੇ ਸਾਰੇ ਸਟੋਰ ਦਫਤਰਾਂ ਨੂੰ ਇਸ ਸ਼ਨੀਵਾਰ ਅਤੇ ਐਤਵਾਰ ਨੂੰ ਖੁੱਲੇ ਰੱਖਣ ਦਾ ਫੈਸਲਾ ਕੀਤਾ ਹੈ ।
ਇਥੇ ਜਾਰੀ ਪ੍ਰੈਸ ਬਿਆਨ ਰਾਹੀਂ ਇਹ ਜਾਣਕਾਰੀ ਦਿੰਦਿਆਂ, ਬਿਜਲੀ ਮੰਤਰੀ ਸ. ਹਰਭਜਨ ਸਿੰਘ ਈ.ਟੀ.ਓ. ਨੇ ਦੱਸਿਆ ਕਿ ਇਹ ਫੈਸਲਾ ਬਿਜਲੀ ਖਪਤਕਾਰਾਂ ਨੂੰ ਨਿਰਵਿਘਨ ਬਿਜਲੀ ਮਹੱਈਆਂ ਕਰਾਉਣ ਲਈ ਸਟੋਰਾਂ ਵਿਚੌਂ ਲੋੜ ਪੈਣ ਤੇ ਬਿਜਲੀ ਦਾ ਸਮਾਨ ਜਿਵੇਂ ਟਰਾਂਸਫਾਰਮਰ, ਪੋਲਜ਼ ਅਤੇ ਕੇਬਲਜ਼ ਆਦਿ ਮੁਹੱਈਆਂ ਕਰਵਾਉਣ ਲਈ ਕੀਤਾ ਗਿਆ ਹੈ।
ਬਿਜਲੀ ਮੰਤਰੀ ਨੇ ਅੱਗੇ ਦੱਸਿਆ ਪਾਵਰਕਾਮ ਅਧੀਨ ਰਾਜਪੁਰਾ, ਪਾਤੜਾਂ, ਰੋਪੜ, ਖੰਨਾਂ ਅਤੇ ਕਪੂਰਥਲਾ ਵਿਖੇ ਸਟੋਰਾਂ ਦੀ ਮੋਨੀਟਰਇੰਗ ਅਤੇ ਸਪਲਾਈ ਯਕੀਨੀ ਬਣਾਉਣ ਲਈ ਸੀਨੀਅਰ ਐਕਸੀਅਨ ਪੱਧਰ ਦੇ ਅਫਸਰਾਂ ਦੀ ਡਿਊਟੀ ਲਗਾਈ ਗਈ ਹੈ। ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਇੱਕ ਨਿਗਰਾਨ ਇੰਜੀਨੀਅਰ ਦੀ ਡਿਊਟੀ ਮੁਹਾਲੀ, ਰੋਪੜ ਅਤੇ ਖੰਨਾਂ ਆਊਟਲੈਟ ਸਟੋਰਾਂ ਵਿਚ ਆਉਣ ਵਾਲੇ ਅਤੇ ਜਾਣ ਵਾਲੇ ਸਮਾਨ ਦੀ ਵੰਡ ਦਫਤਰਾਂ ਅਤੇ ਸਟੋਰਜ਼ ਦਫਤਰਾਂ ਨਾਲ ਤਾਲਮੇਲ ਬਣਾ ਕੇ ਸਮਾਨ ਦੀ ਸਪਲਾਈ ਨੂੰ ਬਹਾਲ ਕਰਨ ਲਈ ਲਗਾਈ ਗਈ ਹੈ।
ਬਿਜਲੀ ਮੰਤਰੀ ਨੇ ਦੱਸਿਆ ਹੈ ਕਿ ਜਿਵੇਂ ਹੀ ਪਾਣੀ ਦਾ ਪੱਧਰ ਘੱਟ ਹੁੰਦਾ ਹੈ, ਹੜ੍ਹ ਪ੍ਰਭਾਵਿਤ ਇਲਾਕਿਆਂ ਵਿਚ ਬਿਜਲੀ ਸਪਲਾਈ ਤੁਰੰਤ ਬਹਾਲ ਕਰ ਦਿੱਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਐਮ.ਈ. ਮੀਟਰਿੰਗ ਲੈਬਸ ਵੇਰਕਾ, ਬਟਾਲਾ, ਗੁਰਦਾਸਪੁਰ, ਜਲੰਧਰ, ਹੁਸਿ਼ਆਰਪੁਰ, ਗੁਰਾਇਆ, ਮੰਡੀ ਗੋਬਿੰਦਗੜ੍ਹ, ਲੁਧਿਆਣਾ, ਸੰਗਰੂਰ, ਪਟਿਆਲਾ, ਰੋਪੜ, ਮੋਗਾ, ਬਠਿੰਡਾ ਅਤੇ ਮੁਕਤਸਰ ਵੀ ਇਸ ਸ਼ਨੀਵਾਰ ਅਤੇ ਐਤਵਾਰ ਨੂੰ ਖੁੱਲੀਆਂ ਰਹਿਣਗੀਆਂ ।
ਬਿਜਲੀ ਮੰਤਰੀ ਨੇ ਪੰਜਾਬ ਦੇ ਬਿਜਲੀ ਖਪਤਕਾਰਾਂ ਨੂੰ ਵਿਸ਼ਵਾਸ਼ ਦਵਾਇਆ ਹੈ ਕਿ ਹੜ੍ਹਾਂ ਵਾਲੇ ਜਿਨ੍ਹਾਂ ਇਲਾਕਿਆਂ ਵਿੱਚ ਬਿਜਲੀ ਸਪਲਾਈ ਪ੍ਰਭਾਵਿਤ ਹੋਈ ਹੈ, ਨੂੰ ਤੁਰੰਤ ਬਹਾਲ ਕਰਨ ਲਈ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਵਲੋਂ ਹਰ ਸੰਭਵ ਯਤਨ ਕੀਤੇ ਜਾ ਰਹੇ ਹਨ।
——–
ਹਰਜੋਤ ਸਿੰਘ ਬੈਂਸ ਦੀ ਅਗਵਾਈ ਵਿੱਚ ਪੰਜਾਬ ਦੇ ਸਕੂਲ ਆਫ਼ ਐਮੀਨੈਸ ਦੇ 30 ਵਿਦਿਆਰਥੀਆਂ ਬਣੇ ਚੰਦਰਯਾਨ 3 ਦੀ ਲਾਂਚ ਦੇ ਗਵਾਹ
ਇਸਰੋ ਦੇ ਅਗਾਮੀ ਲਾਂਚ ਪ੍ਰੋਗਰਾਮ ਮੌਕੇ ਵੀ ਪੰਜਾਬ ਦੇ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਹੋਣਗੇ ਸ਼ਾਮਲ: ਹਰਜੋਤ ਸਿੰਘ ਬੈਂਸ
ਸ੍ਰੀਹਰੀਕੋਟਾ, 14 ਜੁਲਾਈ: ਇਸਰੋ ਵੱਲੋਂ ਅੱਜ ਸਤੀਸ਼ ਧਵਨ ਸਪੇਸ ਸੈਂਟਰ, ਸ੍ਰੀਹਰੀਕੋਟਾ ਤੋਂ ਪੁਲਾੜ ਵਿੱਚ ਛੱਡੇ ਗਏ ਚੰਦਰਯਾਨ-3 ਦੀ ਲਾਂਚ ਦੇ ਮੌਕੇ ਪੰਜਾਬ ਰਾਜ ਦੇ ਸਕੂਲ ਆਫ਼ ਐਮੀਨੈਸ ਦੇ 30 ਵਿਦਿਆਰਥੀ ਇਸ ਇਤਿਹਾਸਕ ਮੌਕੇ ਦੇ ਗਵਾਹ ਬਣੇ।ਹਿੰਦੁਸਤਾਨ ਦੇ ਪੁਲਾੜ ਪ੍ਰੋਗਰਾਮ ਦਾ ਸਭ ਤੋਂ ਅਹਿਮ ਪ੍ਰੋਜੈਕਟ ਚੰਦਰਯਾਨ -3 ਦੀ ਲਾਂਚਿੰਗ ਦੇ ਮੌਕੇ ਪੰਜਾਬ ਦੇ ਸਕੂਲ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਵੀ ਇਨ੍ਹਾਂ ਵਿਦਿਆਰਥੀਆਂ ਦੇ ਨਾਲ ਹਾਜਰ ਸਨ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਦੇ ਸਕੂਲ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਦੱਸਿਆ ਕਿ ਪੰਜਾਬ ਰਾਜ ਦੇ ਵੱਖ ਵੱਖ ਸਕੂਲ ਆਫ਼ ਐਮੀਨੈਸ ਦੇ 15 ਲੜਕੀਆਂ ਅਤੇ 15 ਲੜਕਿਆਂ ਨੂੰ ਇਸ ਇਤਿਹਾਸਕ ਮੌਕੇ ਦਾ ਗਵਾਹ ਬਨਣ ਦਾ ਸੁਭਾਗ ਮਿਲਿਆ ਹੈ।
ਉਨ੍ਹਾਂ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸੂਬੇ ਦੇ ਸਰਕਾਰੀ ਸਕੂਲਾਂ ਵਿਚ ਪੜ੍ਹਦੇ ਵਿਦਿਆਰਥੀਆਂ ਨੂੰ ਅਤਿ ਆਧੁਨਿਕ ਸਿੱਖਿਆ ਦੇਣ ਦੇ ਨਾਲ ਨਾਲ ਵਿਦਿਆਰਥੀਆਂ ਦੇ ਮਨ ਵਿਚ ਵਿਗਿਆਨੀ, ਵੱਡੇ ਇੰਜਨੀਅਰ ਬਨਣ ਦੀ ਭਾਵਨਾ ਪੈਦਾ ਕਰਨ ਲਈ ਕਈ ਉਪਰਾਲੇ ਕਰ ਰਹੀ ਹੈ।
ਉਨ੍ਹਾਂ ਕਿਹਾ ਚੰਦਰਯਾਨ ਦੀ ਲਾਂਚ ਦੇ ਗਵਾਹ ਬਣੇ ਇਹ ਵਿਦਿਆਰਥੀਆਂ ਨੇ ਸਕੂਲ ਆਫ਼ ਐਮੀਨੈਸ ਲਈ ਹੋਈ ਦਾਖ਼ਲਾ ਪ੍ਰੀਖਿਆ ਵਿੱਚ ਸਿਖ਼ਰਲੇ ਸਥਾਨ ਤੇ ਰਹੇ ਸਨ। ਜਿਨ੍ਹਾਂ ਨੂੰ ਪੰਜਾਬ ਸਰਕਾਰ ਵਲੋਂ ਆਪਣੇ ਖਰਚ ਉਤੇ ਸ੍ਰੀਹਰੀਕੋਟਾ ਵਿਖੇ ਲਿਆਂਦਾ ਗਿਆ ਹੈ।
ਸ. ਬੈਂਸ ਨੇ ਦੱਸਿਆ ਕਿ ਉਨ੍ਹਾਂ ਨੇ ਇਸਰੋ ਦੇ ਚੇਅਰਮੈਨ ਸ੍ਰੀ ਐਸ. ਸੋਮਨਾਥ ਨੂੰ ਬੇਨਤੀ ਕੀਤੀ ਕਿ ਭਵਿੱਖ ਵਿਚ ਜਿੰਨੇ ਵੀ ਇਸਰੋ ਵਲੋਂ ਲਾਂਚ ਪ੍ਰੋਗਰਾਮ ਕੀਤੇ ਜਾਣੇ ਹਨ ਉਸ ਮੌਕੇ ਪੰਜਾਬ ਰਾਜ ਦੇ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੂੰ ਹਾਜ਼ਰ ਹੋਣ ਦਾ ਜ਼ਰੂਰ ਮੌਕਾ ਦਿੱਤਾ ਜਾਵੇ।ਜਿਸ ਨੂੰ ਇਸਰੋ ਚੇਅਰਮੈਨ ਨੇ ਤੁਰੰਤ ਪ੍ਰਵਾਨ ਕਰ ਲਿਆ।
ਉਨ੍ਹਾਂ ਦੱਸਿਆ ਕਿ ਮਈ 2023 ਵੀ ਸਕੂਲ ਆਫ਼ ਐਮੀਨੈਸ ਦੇ ਵਿਦਿਆਰਥੀਆਂ ਨੂੰ ਪੰਜਾਬ ਰਾਜ ਦੇ ਵੱਡੇ ਉਦਯੋਗਿਕ ਯੂਨਿਟਾਂ ਅਤੇ ਉੱਚੇਰੀ ਸਿੱਖਿਆ ਦੇਣ ਵਾਲੀਆਂ ਨਾਮ ਸੰਸਥਾਵਾਂ ਦਾ ਵੀ ਦੌਰਾ ਕਰਵਾਇਆ ਗਿਆ ਸੀ।
———–
70 ਸਾਲਾਂ ਤੋਂ ਰਾਜ ਕਰਨ ਵਾਲੀਆਂ ਪਾਰਟੀਆਂ ਦੇ ਆਗੂ ਮੱਗਰਮੱਛ ਦੇ ਹੰਝੂ ਵਹਾ ਕੇ ਕੁਦਰਤੀ ਆਫ਼ਤ ’ਤੇ ਸਿਆਸਤ ਨਾ ਕਰਨ: ਜੌੜਾਮਾਜਰਾ ਦੀ ਨਸੀਹਤ
ਪੁੱਛਿਆ, ਅੱਜ ਬੀਬੀ ਜੈਇੰਦਰ ਕੌਰ ਕਿੱਥੇ ਐ, ਪਿੰਡ ਤਾਂ ਹਾਲੇ ਵੀ ਪਾਣੀ ਨਾਲ ਭਰੇ ਪਏ ਹਨ
ਮੁੱਖ ਮੰਤਰੀ ਭਗਵੰਤ ਮਾਨ ਨੇ ਫੜੀ ਹੜ੍ਹ ਮਾਰੇ ਲੋਕਾਂ ਦੀ ਬਾਂਹ-ਜੌੜਾਮਾਜਰਾ
ਕੈਬਨਿਟ ਮੰਤਰੀ ਨੇ ਹੜ੍ਹ ਪ੍ਰਭਾਵਤ ਪਿੰਡਾਂ ’ਚ ਲੋਕਾਂ ਨਾਲ ਸਿੱਧਾ ਰਾਬਤਾ ਬਣਾ ਕੇ ਪਹੁੰਚਾਈ ਮਦਦ
ਹੜ੍ਹਾਂ ਦੀ ਲਪੇਟ ’ਚ ਆਏ ਸੱਸਾ ਗੁੱਜਰਾਂ ਦੇ ਵਸਨੀਕ ਕੇ ਸਸਕਾਰ ਵਿਚ ਹੋਏ ਸ਼ਾਮਲ
ਚੰਡੀਗੜ੍ਹ, 14 ਜੁਲਾਈ:
ਪੰਜਾਬ ਦੇ ਸੂਚਨਾ ਅਤੇ ਲੋਕ ਸੰਪਰਕ ਮੰਤਰੀ ਸ. ਚੇਤਨ ਸਿੰਘ ਜੌੜਾਮਾਜਰਾ ਨੇ ਪੰਜਾਬ ’ਤੇ 70 ਵਰ੍ਹਿਆਂ ਤੋਂ ਰਾਜ ਕਰਦੀਆਂ ਰਹੀਆਂ ਪਾਰਟੀਆਂ ਦੇ ਆਗੂਆਂ ਨੂੰ ਕਰੜੇ ਹੱਥੀ ਲੈਂਦਿਆਂ ਨਸੀਹਤ ਦਿੱਤੀ ਕਿ ਉਹ ਕੁਦਰਤੀ ਆਫ਼ਤ ’ਤੇ ਸਿਆਸਤ ਨਾ ਕਰਨ। ਉਨ੍ਹਾਂ ਕਿਹਾ ਕਿ ਪਿਛਲੀਆਂ ਸਰਕਾਰਾਂ ਨੇ ਘੱਗਰ ਦੀ ਮਾਰ ਹੇਠ ਆਉਂਦੇ ਪਿੰਡਾਂ ਦੀ ਕਦੇ ਸਾਰ ਨਹੀਂ ਲਈ, ਜਿਸ ਕਰਕੇ ਭਾਰੀ ਬਰਸਾਤ ਕਾਰਨ ਉੱਛਲੇ ਘੱਗਰ ਦੇ ਪਾਣੀ ਨੇ ਇਨ੍ਹਾਂ ਪਿੰਡਾਂ ਦਾ ਚੋਖਾ ਨੁਕਸਾਨ ਕੀਤਾ ਹੈ ਪਰ ਇਨ੍ਹਾਂ ਪਿੰਡਾਂ ਦੇ ਲੋਕ ਕਿਸੇ ਵੀ ਤਰ੍ਹਾਂ ਨਾ ਘਬਰਾਉਣ ਕਿਉਂਕਿ ਮੁੱਖ ਮੰਤਰੀ ਸ. ਭਗਵੰਤ ਮਾਨ ਨੇ ਹੜ੍ਹ ਮਾਰੇ ਲੋਕਾਂ ਦੀ ਬਾਂਹ ਫੜੀ ਹੈ।
ਉਨ੍ਹਾਂ ਕਿਹਾ ਕਿ ਸਾਡੀ ਸਰਕਾਰ ਨੇ ਸਮਾਣਾ ਖੇਤਰ ਦੇ ਇਸ ਨੀਵੇਂ ਇਲਾਕੇ ਨੂੰ ਹੜ੍ਹਾਂ ਦੀ ਮਾਰ ਤੋਂ ਬਚਾਉਣ ਲਈ ਅਗਾਊਂ ਪ੍ਰਬੰਧਾਂ ਤਹਿਤ ਹੜ੍ਹਾਂ ਦਾ ਪਾਣੀ ਕੱਢਣ ਲਈ 40 ਲੱਖ ਰੁਪਏ ਤੋਂ ਵੱਧ ਰਾਸ਼ੀ ਖ਼ਰਚੀ ਹੈ। ਉਨ੍ਹਾਂ ਕਿਹਾ ਕਿ ਇਹ ਵੀ ਪਹਿਲੀ ਵਾਰ ਹੈ ਕਿ ਸ. ਭਗਵੰਤ ਮਾਨ ਦੀ ਅਗਵਾਈ ਹੇਠ ਪੂਰੀ ਵਜ਼ਾਰਤ ਅਤੇ ਵਿਧਾਇਕ ਲੋਕਾਂ ਦਰਮਿਆਨ ਵਿਚਰ ਰਹੇ ਹਨ ਅਤੇ ਲੋਕਾਂ ਦੀ ਸਹਾਇਤਾਂ ਕਰਨ ਲਈ ਹਰ ਹੰਭਲਾ ਮਾਰ ਰਹੇ ਹਨ।
ਭਾਜਪਾ ਆਗੂ ਬੀਬੀ ਜੈਇੰਦਰ ਕੌਰ ਨੂੰ ਘੇਰਦਿਆਂ ਸ. ਜੌੜਾਮਾਜਰਾ ਨੇ ਪੁੱਛਿਆ ਕਿ ਅੱਜ ਬੀਬੀ ਜੈਇੰਦਰ ਕੌਰ ਕਿੱਥੇ ਹਨ, ਉਨ੍ਹਾਂ ਨੂੰ ਅੱਜ ਵੀ ਲੋਕਾਂ ਦੀ ਸਾਰ ਲੈਣੀ ਚਾਹੀਦੀ ਸੀ। ਹਾਲੇ ਤਾਂ ਪਿੰਡਾਂ ਵਿੱਚੋਂ ਪਾਣੀਆਂ ਉਤਰਿਆ ਨਹੀਂ ਅਤੇ ਲੋਕਾਂ ਨੂੰ ਵੀ ਮਦਦ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਅਸਲ ਵਿੱਚ ਬੀਬੀ ਜੈਇੰਦਰ ਕੌਰ ਸਿਰਫ਼ ਰਾਜਨੀਤੀ ਕਰਨ ਆਈ ਸੀ ਜਦਕਿ ਅੱਜ ਔਖੀ ਘੜੀ ਵਿੱਚ ਲੋਕਾਂ ਦਾ ਹੱਥ ਫੜਨ ਦਾ ਸਮਾਂ ਹੈ ਨਾਕਿ ਸਿਆਸਤ ਚਮਕਾਉਣ ਦਾ। ਉਨ੍ਹਾਂ ਕਿਹਾ ਕਿ ਸਿਆਸੀ ਆਗੂਆਂ ਨੂੰ ਕੁਦਰਤੀ ਆਫ਼ਤ ’ਤੇ ਮਗਰਮੱਛ ਦੇ ਹੰਝੂ ਨਹੀਂ ਵਹਾਉਣੇ ਚਾਹੀਦੇ, ਸਗੋਂ ਕੁਝ ਕਰਕੇ ਦਿਖਾਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਮਾਨ ਨੇ ਪਿਛਲੀਆਂ ਸਰਕਾਰਾਂ ਦੇ ਮੁੱਖ ਮੰਤਰੀਆਂ ਵਾਂਗ ਹੈਲੀਕਾਪਟਰਾਂ ’ਚ ਨਹੀਂ ਬਲਕਿ ਖ਼ੁਦ ਪਾਣੀ ਵਿੱਚ ਵੜ ਕੇ ਨੰਗੇ ਪੈਰੀਂ ਲੋਕਾਂ ਦੀ ਸਾਰ ਲਈ ਹੈ।
ਕੈਬਨਿਟ ਮੰਤਰੀ ਸ. ਚੇਤਨ ਸਿੰਘ ਜੌੜਾਮਾਜਰਾ ਨੇ ਅੱਜ ਖ਼ੁਦ ਹੜ੍ਹ ਪ੍ਰਭਾਵਤ ਪਿੰਡਾਂ ਧਰਮੇੜ੍ਹੀ, ਘਿਉਰਾ, ਧਨੌਰੀ, ਸੱਸਾ, ਸੱਸੀ, ਸੱਸਾ ਥੇਹ, ਹਰੀਪੁਰ ਆਦਿ ਦੇ ਵਸਨੀਕਾਂ ਤੱਕ ਪੀਣ ਵਾਲਾ ਪਾਣੀ, ਰਾਸ਼ਨ, ਘਰੇਲੂ ਵਰਤੋਂ ਦੀਆਂ ਹੋਰ ਵਸਤਾਂ, ਦਵਾਈਆਂ, ਪਸ਼ੂਆਂ ਲਈ ਚਾਰਾ ਆਦਿ ਪਹੁੰਚਾਉਣ ਲਈ ਅਗਵਾਈ ਕੀਤੀ। ਜ਼ਿਕਰਯੋਗ ਹੈ ਕਿ ਕੈਬਨਿਟ ਮੰਤਰੀ ਜੌੜਾਮਾਜਰਾ ਅਤੇ ਉਨ੍ਹਾਂ ਦੀ ਪੂਰੀ ਟੀਮ ਸੋਮਵਾਰ ਤੋਂ ਹੀ ਹੜ੍ਹ ਪ੍ਰਭਾਵਤ ਪਿੰਡਾਂ ਵਿੱਚ ਲਗਾਤਾਰ ਸੰਪਰਕ ਸਾਧਦੇ ਹੋਏ ਲੋਕਾਂ ਦੀ ਸਾਰ ਲੈ ਰਹੇ ਹਨ ਤਾਂ ਕਿ ਲੋਕਾਂ ਦੀਆਂ ਜਾਨਾਂ ਨੂੰ ਬਚਾਇਆ ਜਾ ਸਕੇ।
ਲੋਕ ਸੰਪਰਕ ਮੰਤਰੀ ਸ. ਜੌੜਾਮਾਜਰਾ ਨੇ ਲੋਕਾਂ ਨੂੰ ਭਰੋਸਾ ਦਿੱਤਾ ਕਿ ਮੁੱਖ ਮੰਤਰੀ ਸ. ਭਗਵੰਤ ਮਾਨ ਦੇ ਆਦੇਸ਼ਾਂ ਮੁਤਾਬਕ ਸੂਬਾ ਸਰਕਾਰ ਲੋਕਾਂ ਦੀ ਜਾਨ-ਮਾਲ ਦੀ ਸੁਰੱਖਿਆ ਕਰਨ ਲਈ ਨਿਰੰਤਰ ਕਾਰਜਸ਼ੀਲ ਹੈ। ਉਨ੍ਹਾਂ ਕਿਹਾ ਕਿ ਸਮਾਣਾ ਹਲਕੇ ਦੇ ਲੋਕ ਸਬ ਡਵੀਜ਼ਨ ਸਮਾਣਾ ਦੇ ਕੰਟਰੋਲ ਰੂਮ ਦਾ ਟੈਲੀਫੋਨ ਨੰਬਰ 01764-221190 ’ਤੇ ਵੀ ਸੰਪਰਕ ਕਰ ਸਕਦੇ ਹਨ। ਇਸ ਮੌਕੇ ਹਰਮਿੰਦਰ ਸਿੰਘ ਮਿੰਟੂ, ਐਡਵੋਕੇਟ ਗੁਲਜ਼ਾਰ ਸਿੰਘ ਵਿਰਕ, ਗੁਰਦੇਵ ਸਿੰਘ ਟਿਵਾਣਾ, ਬਲਕਾਰ ਸਿੰਘ ਗੱਜੂਮਾਜਰਾ, ਸੁਰਜੀਤ ਸਿੰਘ ਫ਼ੌਜੀ, ਅਮਰਦੀਪ ਸਿੰਘ ਸੋਨੂ ਥਿੰਦ ਸਮੇਤ ਹੋਰ ਪਤਵੰਤੇ ਹਾਜ਼ਰ ਸਨ।
ਮੋਗਾ ਦੇ ਪਿੰਡਾਂ ਸਣੇ ਵੱਖ-ਵੱਖ ਥਾਵਾਂ ਤੋਂ ਰਾਸ਼ਨ ਲੈ ਕੇ ਪੁੱਜੇ ਲੋਕਾਂ ਦੀ ਕੀਤੀ ਸ਼ਲਾਘਾ
ਅੱਜ ਮੋਗਾ ਸਣੇ ਵੱਖ-ਵੱਖ ਥਾਵਾਂ ਤੋਂ ਲੋਕਾਂ ਦੀ ਮਦਦ ਲਈ ਰਾਸ਼ਨ ਅਤੇ ਜ਼ਰੂਰੀ ਵਸਤਾਂ ਦੀਆਂ ਟਰਾਲੀਆਂ ਭਰ ਕੇ ਪੁੱਜੇ ਲੋਕਾਂ ਨੂੰ ਸ. ਚੇਤਨ ਸਿੰਘ ਜੌੜਾਮਾਜਰਾ ਮਿਲੇ। ਉਨ੍ਹਾਂ ਦਾਨੀ ਸੱਜਣਾਂ ਦੀ ਸ਼ਲਾਘਾ ਕਰਦਿਆਂ ਹੋਰਨਾਂ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਉਹ ਇਸ ਔਖੀ ਘੜੀ ਵਿੱਚ ਲੋਕਾਂ ਦੀ ਵੱਧ-ਚੜ੍ਹ ਕੇ ਮਦਦ ਕਰਨ।
ਹੜ੍ਹਾਂ ਦੀ ਲਪੇਟ ’ਚ ਆਏ ਸੱਸਾ ਗੁੱਜਰਾਂ ਦੇ ਵਸਨੀਕ ਕੇ ਸਸਕਾਰ ਵਿਚ ਹੋਏ ਸ਼ਾਮਲ
ਕੈਬਨਿਟ ਮੰਤਰੀ ਸ. ਚੇਤਨ ਸਿੰਘ ਮਾਜਰਾ ਹੜ੍ਹ ਦੀ ਲਪੇਟ ਵਿੱਚ ਆਏ ਪਿੰਡ ਸੱਸਾਂ ਗੁੱਜਰਾਂ ਦੇ ਭਗਵਾਨ ਦਾਸ ਦੇ ਅੰਤਮ ਸਸਕਾਰ ਵਿੱਚ ਵੀ ਸ਼ਾਮਲ ਹੋਏ। ਭਗਵਾਨ ਦਾਸ (30) ਹੜ੍ਹਾਂ ਦੇ ਪਾਣੀ ਵਿੱਚ ਰੁੜ੍ਹ ਗਿਆ ਸੀ ਜਿਸ ਦੀ ਮ੍ਰਿਤਕ ਦੇਹ ਅੱਜ ਬਰਾਮਦ ਹੋਈ ਹੈ। ਕੈਬਨਿਟ ਮੰਤਰੀ ਨੇ ਪਰਿਵਾਰ ਨਾਲ ਡੂੰਘੀ ਹਮਦਰਦੀ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਸਰਕਾਰ ਇਸ ਦੁਖੀ ਦੀ ਘੜੀ ਵਿੱਚ ਪਰਿਵਾਰ ਨਾਲ ਖੜ੍ਹੀ ਹੈ।
———
ਪੰਜਾਬ ਸਰਕਾਰ ਉਸਾਰੀ ਕਿਰਤੀਆਂ ਨੂੰ ਲਾਭ ਦੇਣ ਲਈ ਨਿਯਮਾਂ ’ਤੇ ਸ਼ਰਤਾਂ ਨੂੰ ਬਣਾਏਗੀ ਹੋਰ ਸੁਖਾਲਾ : ਅਨਮੋਲ ਗਗਨ ਮਾਨ
ਉਸਾਰੀ ਕਿਰਤੀ ਆਪਣੀ ਰਜਿਸਟ੍ਰੇਸ਼ਨ ਕਰਾਉਣ ਸਾਰ ਹੀ ਲੈ ਸਕਣਗੇ ਸਰਕਾਰੀ ਸਕੀਮਾਂ ਦਾ ਲਾਭ
ਚੰਡੀਗੜ੍ਹ, 14 ਜੁਲਾਈ
ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਉਸਾਰੀ ਕਿਰਤੀਆਂ ਦਾ ਜੀਵਨ ਪੱਧਰ ਉੱਚਾ ਚੁੱਕਣ ਅਤੇ ਉਨ੍ਹਾਂ ਨੂੰ ਲਾਭ ਦੇਣ ਲਈ ਨਿਯਮਾਂ ’ਤੇ ਸ਼ਰਤਾਂ ਨੂੰ ਹੋਰ ਸੁਖਾਲਾ ਬਣਾਏਗੀ ਤਾਂ ਜੋ ਉਸਾਰੀ ਕਿਰਤੀਆਂ ਨੂੰ ਸਰਕਾਰੀ ਸਹੂਲਤਾਂ ਦਾ ਲਾਭ ਲੈਣ ਵਿੱਚ ਕਿਸੇ ਵੀ ਤਰ੍ਹਾਂ ਦੀ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ।
ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦੇ ਹੋਏ ਲੇਬਰ, ਸੈਰ ਸਪਾਟਾ ਅਤੇ ਸਭਿਆਚਾਰਕ ਮਾਮਲੇ, ਨਿਵੇਸ਼ ਪ੍ਰੋਤਸਾਹਨ ਅਤੇ ਪ੍ਰਾਹੁਣਚਾਰੀ ਮੰਤਰੀ ਅਨਮੋਲ ਗਗਨ ਮਾਨ ਨੇ ਦੱਸਿਆ ਕਿ ਪੰਜਾਬ ਸਰਕਾਰ ਦੁਆਰਾ ਉਸਾਰੀ ਕਿਰਤੀਆਂ ਨੂੰ ਵੇਧੇਰੇ ਲਾਭ ਦੇਣ ਦੇ ਮੰਤਵ ਨਾਲ ਪੰਜਾਬ ਬਿਲਡਿੰਗ ਐਂਡ ਅਦਰ ਕੰਸਟਰਕਸ਼ਨ ਵਰਕਰਜ਼ ਵੈਲਫੇਅਰ ਬੋਰਡ ਦੀਆਂ ਭਲਾਈ ਸਕੀਮਾਂ ਦੇ ਨਿਯਮਾਂ ਅਤੇ ਸ਼ਰਤਾਂ ਨੂੰ ਸੁਖਾਲਾ ਬਣਾਇਆ ਜਾਵੇਗਾ । ਉਨ੍ਹਾ ਕਿਹਾ ਕਿ ਹੁਣ ਉਸਾਰੀ ਕਿਰਤੀ ਆਪਣੀ ਰਜਿਸਟ੍ਰੇਸ਼ਨ ਕਰਾਉਦਿਆ ਸਾਰ ਹੀ ਬੋਰਡ ਦੀ ਭਲਾਈ ਸਕੀਮਾਂ ਦਾ ਲਾਭ ਲੈ ਸਕਣਗੇ ।
ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਦੁਆਰਾ ਉਸਾਰੀ ਕਿਰਤੀਆ ਦੀ ਸਹੂਲਤ ਲਈ ਇੱਕ ਮੋਬਾਇਲ ਐਪ ‘ਪੰਜਾਬ ਕਿਰਤੀ ਸਹਾਇਕ’ ਉਪਲਬਧ ਹੈ । ਉਨ੍ਹਾਂ ਕਿਹਾ ਕਿ ਇਸ ਮੋਬਾਇਲ ਐਪ ਤੇ ਉਸਾਰੀ ਕਿਰਤੀ ਆਪਣੇ ਮੋਬਾਇਲ ਤੋਂ ਖੁਦ ਹੀ ਸਰਕਾਰ ਦੀਆਂ ਭਲਾਈ ਸਕੀਮਾਂ ਦਾ ਲਾਭ ਲੈਣ ਲਈ ਰਜਿਸਟਰ ਕਰ ਸਕਦੇ ਹਨ ਜਿਸ ਨਾਲ ਉਸ ਨੂੰ ਆਪਣੀ ਦਿਹਾੜੀ ਦਾ ਨਕਸਾਨ ਕਰਕੇ ਸੁਵਿਧਾ ਕੇਂਦਰ ਵਿੱਚ ਜਾਣ ਦੀ ਵੀ ਲੋੜ ਨਹੀਂ ਹੈ ।
ਮੰਤਰੀ ਨੇ ਸੂਬੇ ਦੇ ਉਸਾਰੀ ਕਿਰਤੀਆਂ ਨੂੰ ਅਪੀਲ ਕੀਤੀ ਕਿ ਉਹ ਸਰਕਾਰੀ ਸਕੀਮਾਂ ਦਾ ਲਾਭ ਲੈਣ ਲਈ ਵੱਧ ਤੋਂ ਵੱਧ ਆਪਣੀ ਰਜਿਸਟ੍ਰੇਸ਼ਨ ਕਰਵਾਉਣ । ਉਨਾਂ ਕਿਹਾ ਕਿ ਸੂਬਾ ਸਰਕਾਰ ਉਸਾਰੀ ਕਿਰਤੀਆਂ ਦੀ ਭਲਾਈ ਲਈ ਲਗਾਤਾਰ ਯਤਨਸ਼ੀਲ ਹੈ।
———–
ਮੀਤ ਹੇਅਰ ਵੱਲੋਂ ਟਿਵਾਣਾ ਤੇ ਅਮਲਾਲਾ ਵਿਖੇ ਘੱਗਰ ਦਰਿਆ ਦਾ ਦੌਰਾ
ਜਲ ਸਰੋਤ ਮੰਤਰੀ ਨੇ ਦਰਿਆ ਵਿੱਚ ਪਏ ਪਾੜ ਪੂਰਨ ਦੇ ਕੰਮਾਂ ਦਾ ਜਾਇਜ਼ਾ ਲਿਆ
ਡੇਰਾਬਸੀ/ਚੰਡੀਗੜ੍ਹ, 14 ਜੁਲਾਈ
ਪੰਜਾਬ ਦੇ ਜਲ ਸਰੋਤ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਵੱਲੋਂ ਸੂਬੇ ਅਤੇ ਪਹਾੜਾਂ ਵਿੱਚ ਪਏ ਮੋਹਲੇਧਾਰ ਮੀਂਹ ਕਾਰਨ ਘੱਗਰ ਦਰਿਆ ਵਿੱਚ ਰਿਕਾਰਡ ਪਾਣੀ ਦਾ ਪੱਧਰ ਵਧਣ ਕਾਰਨ ਹੋਏ ਨੁਕਸਾਨ ਅਤੇ ਵੱਖ-ਵੱਖ ਥਾਂਵਾਂ ਉਤੇ ਪਏ ਪਾੜ ਪੂਰਨ ਲਈ ਜੰਗੀ ਪੱਧਰ ਉਤੇ ਕੀਤੇ ਜਾ ਰਹੇ ਬਚਾਅ ਤੇ ਰਾਹਤ ਕਾਰਜਾਂ ਦਾ ਜਾਇਜ਼ਾ ਲੈਣ ਲਈ ਇੱਥੋੰ ਨੇੜਲੇ ਪਿੰਡ ਟਿਵਾਣਾ ਤੇ ਅਮਲਾਲਾ ਵਿਖੇ ਘੱਗਰ ਦਰਿਆ ਦਾ ਦੌਰਾ ਕੀਤਾ।
ਮੀਤ ਹੇਅਰ ਨੇ ਡੇਰਾਬਸੀ ਤੋਂ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਦੇ ਨਾਲ ਜਾ ਕੇ ਟਿਵਾਣਾ ਵਿਖੇ ਦਰਿਆ ਵਿੱਚ ਪਏ ਪਾੜ ਨੂੰ ਪੂਰਨ ਦੇ ਕੰਮ ਦੇਖਿਆ। ਪਿੰਡ ਵਾਸੀਆਂ ਨੂੰ ਮਿਲ ਕੇ ਫਸਲਾਂ ਨੂੰ ਹੋਏ ਨੁਕਸਾਨ ਦਾ ਜਾਇਜ਼ਾ ਲਿਆ ਅਤੇ ਅਮਲਾਲਾ ਵਿਖੇ ਘੱਗਰ ਦਰਿਆ ਉਤੇ ਬਣੇ ਪੁੱਲ ਨੂੰ ਹੋਏ ਨੁਕਸਾਨ ਨੂੰ ਵੀ ਵੇਖਿਆ।
ਮੀਤ ਹੇਅਰ ਨੇ ਦੱਸਿਆ ਕਿ ਇਸ ਵਾਰ ਨਿਰੰਤਰ ਤੇ ਤੇਜ਼ ਮੋਹਲੇਧਾਰ ਬਾਰਸ਼ਾਂ ਕਾਰਨ ਪਿਛਲੇ ਕਈ ਦਹਾਕਿਆਂ ਤੋਂ ਘੱਗਰ ਦਰਿਆ ਵਿੱਚ ਰਿਕਾਰਡ ਪਾਣੀ ਆਇਆ।ਭਾਂਖਰਪੁਰ ਵਿਖੇ ਜਿੱਥੇ ਘੱਗਰ ਦਰਿਆ ਪੰਜਾਬ ਵਿੱਚ ਦਾਖਲ ਹੁੰਦਾ ਹੈ, ਇਸ ਵਾਰ 970.4 ਫੁੱਟ ਪਾਣੀ ਆਇਆ ਜੋ ਕਿ ਹੁਣ ਤੱਕ ਦਾ ਸਭ ਤੋਂ ਵੱਧ ਹੈ। ਇਸ ਤੋਂ ਪਹਿਲਾਂ 2004 ਵਿੱਚ 967.4 ਫੁੱਟ ਪਾਣੀ ਸੀ।ਘੱਗਰ ਦਰਿਆ ਵਿੱਚ ਪਾਣੀ ਵੱਧਣ ਅਤੇ ਓਵਰ ਫਲੋ ਹੋਣ ਦੇ ਨਾਲ ਇਸ ਵਿੱਚ ਮੁਹਾਲੀ, ਪਟਿਆਲਾ ਤੇ ਸੰਗਰੂਰ ਵਿੱਚ ਕੁਝ ਥਾਂਵਾਂ ਉੱਤੇ ਪਾੜ ਵੀ ਪਏ ਹਨ।
ਮੀਤ ਹੇਅਰ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਰਾਹਤ ਕਾਰਜਾਂ ਲਈ ਆਫਤਨ ਫੰਡ ਵਿੱਚੋਂ ਜਿੱਥੇ 33.50 ਕਰੋੜ ਰੁਪਏ ਤੁਰੰਤ ਜਾਰੀ ਕੀਤੇ ਗਏ ਉੱਥੇ 71 ਕਰੋੜ ਰੁਪਏ ਹੋਰ ਮਨਜ਼ੂਰ ਕੀਤੇ ਗਏ। ਸੂਬਾ ਸਰਕਾਰ ਵੱਲੋਂ ਲੋਕਾਂ ਦੇ ਹੋਏ ਨੁਕਸਾਨ ਦੀ ਭਰਪਾਈ ਕੀਤੀ ਜਾਵੇਗੀ। ਸਰਕਾਰ ਦੇ ਨੁਮਾਇੰਦੇ ਅਤੇ ਪ੍ਰਸ਼ਾਸਨ ਦਿਨ-ਰਾਤ ਲੋਕਾਂ ਦੀ ਸੇਵਾ ਵਿੱਚ ਜੁਟਿਆ ਹੋਇਆ ਹੈ। ਉਨ੍ਹਾਂ ਇਸ ਕੁਦਰਤੀ ਆਫਤ ਕਾਰਨ ਪੈਦਾ ਹੋਈ ਔਖੀ ਘੜੀ ਵਿੱਚ ਲੋਕ ਸੇਵਾ ਵਿੱਚ ਜੁਟੀਆਂ ਸਾਰੀਆਂ ਧਾਰਮਿਕ, ਸਮਾਜਿਕ ਸੰਸਥਾਵਾਂ ਦਾ ਵੀ ਧੰਨਵਾਦ ਕੀਤਾ।
ਜਲ ਸਰੋਤ ਮੰਤਰੀ ਨੇ ਦੱਸਿਆ ਕਿ ਵਿਭਾਗ ਵੱਲੋਂ ਸਥਾਨਕ ਜ਼ਿਲਾ ਪ੍ਰਸ਼ਾਸਨ, ਸੈਨਾ ਤੇ ਐਨ.ਡੀ.ਆਰ.ਐਫ. ਦੀ ਮੱਦਦ ਨਾਲ ਪਾੜ ਪੂਰਨ ਦੇ ਕੰਮ ਜੰਗੀ ਪੱਧਰ ਉਤੇ ਕੀਤੇ ਜਾ ਰਹੇ ਹਨ। ਪਿੰਡ ਡਹਿਰ ਤੋਂ ਟਿਵਾਣਾ ਤੱਕ ਘੱਗਰ ਦੇ ਬੰਨ੍ਹਾਂ ਉੱਤੇ ਚੱਲ ਰਹੇ ਕੰਮਾਂ ਦੇ ਵੇਰਵੇ ਦਿੰਦਿਆਂ ਦੱਸਿਆ ਕਿ ਪੰਜ ਪੋਕਲੇਨ ਮਸ਼ੀਨਾਂ, ਦੋ ਟਰੈਕਟਰ-ਟਰਾਲੀਆਂ, ਦੋ ਕਰਾਹ ਟਰੈਕਟਰ ਤੇ 10 ਟਿੱਪਰ ਕੰਮ ਕਰ ਰਹੇ ਹਨ। ਸਵਾ ਲੱਖ ਲੱਖ ਥੈਲਿਆਂ ਦੇ ਪ੍ਰਬੰਧ ਤੋੰ ਇਲਾਵਾ 10 ਹਜ਼ਾਰ ਤੋਂ ਵੱਧ ਖਾਲੀ ਬੈਗ ਭਰੇ ਜਾ ਚੁੱਕੇ ਹਨ।ਕਰੇਟ ਬਣਾਉਣ ਲਈ ਰੱਸੀਆਂ ਦੇ ਜਾਲ ਬੁਣੇ ਜਾ ਰਹੇ ਹਨ। 250 ਤੋਂ ਵੱਧ ਮਜ਼ਦੂਰ ਕੰਮ ਕਰ ਰਹੇ ਹਨ।ਜੇਕਰ ਹੋਰ ਵੀ ਕਿਸੇ ਸਮਾਨ ਜਾਂ ਮਜ਼ਦੂਰਾਂ ਦੀ ਲੋੜ ਪਈ ਤਾਂ ਉਹ ਮੱਦਦ ਵੀ ਤੁਰੰਤ ਮੁਹੱਈਆ ਕਰਵਾਈ ਜਾਵੇਗੀ।ਇਸੇ ਤਰ੍ਹਾਂ ਟਾਂਗਰੀ ਨਦੀ ਦੇ ਬੰਨ੍ਹ ਦੀ ਰਿਪੇਅਰ ਲਈ ਦੋ ਜੇਸੀਬੀ, ਇਕ ਪੋਕਲੇਨ ਮਸ਼ੀਨ ਅਤੇ ਦੋ ਟਰੈਕਟਰ ਟਰਾਲੀਆਂ ਕੰਮ ਕਰ ਰਹੀਆਂ ਹਨ।
ਇਸ ਮੌਕੇ ਐਸ.ਡੀ.ਐਮ. ਹਿਮਾਂਸ਼ੂ ਗੁਪਤਾ, ਏ.ਐਸ.ਪੀ. ਡਾ ਦਰਪਣ ਆਹਲੂਵਾਲੀਆ, ਜਲ ਸਰੋਤ ਵਿਭਾਗ ਦੇ ਐਸ.ਈ. ਮਨੋਜ ਬਾਂਸਲ ਸਣੇ ਸਬੰਧਤ ਅਧਿਕਾਰੀ ਹਾਜ਼ਰ ਸਨ।
———
ਪੰਜਾਬ ਵਿੱਚ ਸਰਕਾਰੀ ਦਫ਼ਤਰਾਂ ਦਾ ਸਮਾਂ 17 ਜੁਲਾਈ ਤੋਂ 9 ਤੋਂ 5 ਵਜੇ ਤੱਕ ਕਰਨ ਦਾ ਫੈਸਲਾ
ਚੰਡੀਗੜ੍ਹ, 14 ਜੁਲਾਈ
ਪੰਜਾਬ ਸਰਕਾਰ ਵੱਲੋਂ ਸੂਬੇ ਅਤੇ ਚੰਡੀਗੜ੍ਹ ਸਥਿਤ ਸਾਰੇ ਸਰਕਾਰੀ ਦਫ਼ਤਰਾਂ ਦਾ ਸਮਾਂ 17 ਜੁਲਾਈ ਤੋਂ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਕਰਨ ਦਾ ਫੈਸਲਾ ਕੀਤਾ ਗਿਆ ਹੈ। ਮੁੱਖ ਮੰਤਰੀ ਭਗਵੰਤ ਵੱਲੋਂ ਸਮੇਂ ਵਿੱਚ ਤਬਦੀਲੀ ਦੇ ਨਿਰਦੇਸ਼ਾਂ ’ਤੇ ਮੁੱਖ ਸਕੱਤਰ ਅਨੁਰਾਗ ਵਰਮਾ ਵੱਲੋਂ ਅੱਜ ਇਸ ਸਬੰਧੀ ਬਾਕਾਇਦਾ ਹੁਕਮ ਜਾਰੀ ਕੀਤੇ ਗਏ ਹਨ।
———
ਪੰਜਾਬ ਸਰਕਾਰ ਬੱਚਿਆ ਦੇ ਸਰਵਪੱਖੀ ਵਿਕਾਸ ਲਈ ਯਤਨਸ਼ੀਲ: ਡਾ.ਬਲਜੀਤ ਕੌਰ
ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਔਰਤਾਂ, ਬੱਚਿਆਂ, ਬਜ਼ੁਰਗਾਂ ਅਤੇ ਦਿਵਿਆਂਗ ਵਿਅਕਤੀਆਂ ਦੀ ਭਲਾਈ ਲਈ ਕਾਰਜਸ਼ੀਲ
ਚੰਡੀਗੜ੍ਹ, 14 ਜੁਲਾਈ
ਪੰਜਾਬ ਸਰਕਾਰ ਜੁਵੇਨਾਈਲ ਜਸਟਿਸ ਐਕਟ ਤਹਿਤ ਸੂਬੇ ਦੇ ਕਾਨੂੰਨੀ ਵਿਵਾਦ ਵਿੱਚ ਸ਼ਾਮਿਲ ਬੱਚਿਆ ਦੀ ਸਾਂਭ ਸੰਭਾਲ ਲਈ ਮਹੱਤਵਪੂਰਨ ਕਦਮ ਚੁੱਕ ਰਹੀ ਹੈ।ਇਸ ਗੱਲ ਦਾ ਪ੍ਰਗਟਾਵਾ ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਮੰਤਰੀ ਡਾ.ਬਲਜੀਤ ਕੌਰ ਨੇ ਅੱਜ ਇੱਥੇ ਕੀਤਾ।
ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਮੰਤਰੀ ਡਾ.ਬਲਜੀਤ ਕੌਰ ਨੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਔਰਤਾਂ, ਬੱਚਿਆਂ, ਬਜ਼ੁਰਗਾਂ ਅਤੇ ਦਿਵਿਆਂਗ ਵਿਅਕਤੀਆਂ ਦੀ ਭਲਾਈ ਲਈ ਲਗਾਤਾਰ ਕਾਰਜਸ਼ੀਲ ਹੈ। ਇਸ ਵਾਸਤੇ ਮਿਸ਼ਨ ਵਾਤਸਲਿਆ ਦੇ ਹੇਠ ਵਿਭਾਗ ਵੱਲੋਂ ਬਾਲ ਸੁਰੱਖਿਆ ਯੋਜਨਾ ਚਲਾਈ ਜਾ ਰਹੀ ਹੈ। ਇਹ ਮਿਸ਼ਨ ਸਮਾਜ ਵਿੱਚ ਹਿੰਸਾ, ਸ਼ੋਸ਼ਣ, ਅਣਗਹਿਲੀ, ਦੁਰਵਿਵਹਾਰ, ਬਾਲ ਵਿਆਹ, ਬਾਲ ਮਜ਼ਦੂਰੀ ਅਤੇ ਅੱਤਿਆਚਾਰ ਦੇ ਹੋਰ ਰੂਪਾਂ ਦਾ ਸਾਹਮਣਾ ਕਰ ਰਹੇ ਕਮਜ਼ੋਰ ਬੱਚਿਆਂ ਦੀ ਦੇਖਭਾਲ ਅਤੇ ਸੁਰੱਖਿਆ ਲਈ ਕੰਮ ਕਰ ਰਿਹਾ ਹੈ।
ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਕੈਬਨਿਟ ਮੰਤਰੀ ਨੇ ਦੱਸਿਆ ਕਿ ਸੂਬੇ ਦੇ ਹਰ ਜ਼ਿਲ੍ਹੇ ਵਿੱਚ ਇਸ ਸਕੀਮ ਸਬੰਧੀ ਜ਼ਿਲ੍ਹਾ ਬਾਲ ਸੁਰੱਖਿਆ ਯੂਨਿਟਾਂ ਅਤੇ ਇੱਕ ਬਾਲ ਕਲਿਆਣ ਕਮੇਟੀ ਰਾਹੀਂ ਕੰਮ ਕੀਤਾ ਜਾਂਦਾ ਹੈ। ਸਕੀਮ ਦਾ ਉਦੇਸ਼ ਕਿਸੇ ਵੀ ਬੱਚੇ ਨੂੰ ਦੇਖਭਾਲ ਅਤੇ ਸੁਰੱਖਿਆ ਦੀ ਲੋੜ ਵਿੱਚ ਸਹਾਇਤਾ ਪ੍ਰਦਾਨ ਕਰਨਾ ਹੈ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਬੱਚੇ ਨੂੰ ਸਮਾਜ ਵਿੱਚ ਸਹਾਇਤਾ ਨਹੀ ਮਿਲ ਰਹੀ ਅਤੇ ਦੁਰਵਿਵਹਾਰ ਦਾ ਸ਼ਿਕਾਰ ਹੋ ਰਿਹਾ ਹੈ ਤਾਂ ਇਸ ਸਬੰਧੀ ਸੂਚਨਾ ਆਪਣੇ ਜ਼ਿਲ੍ਹੇ ਦੇ ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਜਾਂ ਬਾਲ ਭਲਾਈ ਕਮੇਟੀ ਨੂੰ ਦਿੱਤੀ ਜਾਣੀ ਚਾਹੀਦੀ ਹੈ। ਇਨ੍ਹਾਂ ਅਧਿਕਾਰੀਆਂ ਦੇ ਸੰਪਰਕ ਵੇਰਵੇ ਵਿਭਾਗ ਦੀ ਵੈੱਬਸਾਈਟ www.sswcd.punjab.gov.in ਜਾਂ ਸਬੰਧਤ ਜ਼ਿਲ੍ਹਾ ਪ੍ਰਸ਼ਾਸਨ ਦੀ ਵੈੱਬਸਾਈਟ ’ਤੇ ਉਪਲੱਬਧ ਹਨ।
ਡਾ. ਬਲਜੀਤ ਕੌਰ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋ ਚਲਾਏ ਜਾ ਰਹੇ 7 ਬਾਲ ਘਰਾਂ ਵਿੱਚ 280 ਬੱਚੇ ਅਤੇ 32 ਐਨ.ਜੀ.ਓਜ਼ ਦੁਆਰਾ ਚਲਾਏ ਜਾ ਰਹੇ ਬਾਲ ਘਰਾਂ ਵਿੱਚ 1358 ਬੱਚੇ ਰਹਿ ਰਹੇ ਹਨ। ਇਹ ਘਰ ਬੱਚਿਆਂ ਨੂੰ ਸੰਪੂਰਨ ਦੇਖਭਾਲ, ਆਸਰਾ ਅਤੇ ਸੁਰੱਖਿਆ ਪ੍ਰਦਾਨ ਕਰਦੇ ਹਨ। ਉਨ੍ਹਾਂ ਇਹ ਵੀ ਦੱਸਿਆਂ ਕਿ ਇਨ੍ਹਾਂ ਬਾਲ ਸੰਭਾਲ ਘਰਾਂ ਦੇ ਸਾਰੇ ਬੱਚੇ ਸਕੂਲਾਂ ਵਿੱਚ ਦਾਖਲ ਹਨ ਅਤੇ ਰਸਮੀ ਸਿੱਖਿਆ ਪ੍ਰਾਪਤ ਕਰ ਰਹੇ ਹਨ।
ਮੰਤਰੀ ਨੇ ਕਿਹਾ ਕਿ ਮੈਡੀਕਲ ਅਫ਼ਸਰਾਂ ਵੱਲੋਂ ਇਨ੍ਹਾਂ ਬੱਚਿਆਂ ਦਾ ਮਹੀਨਾਵਾਰ ਮੈਡੀਕਲ ਚੈਕਅੱਪ ਅਤੇ ਲਾਜ਼ਮੀ ਟੀਕੇ ਲਗਾਏ ਜਾਂਦੇ ਹਨ। ਬੱਚਿਆਂ ਦੇ ਸੰਪੂਰਨ ਵਿਕਾਸ ਲਈ ਉਨ੍ਹਾਂ ਨੂੰ ਬਾਹਰ ਘੁੰਮਣ, ਪਿਕਨਿਕ, ਫਿਲਮਾਂ ਅਤੇ ਹੋਰ ਮਨੋਰੰਜਨ ਗਤੀਵਿਧੀਆਂ ’ਤੇ ਲਿਜਾਇਆ ਜਾਂਦਾ ਹੈ। ਇਸ ਤੋਂ ਇਲਾਵਾ ਖੇਡ ਮੁਕਾਬਲੇ, ਹੁਨਰ ਵਿਕਾਸ ਕੋਰਸ, ਕੰਪਿਊਟਰ ਕੋਰਸ, ਕਲਾ ਅਤੇ ਕਰਾਫਟ ਗਤੀਵਿਧੀਆਂ ਪ੍ਰਦਾਨ ਕੀਤੀਆਂ ਜਾਂਦੀਆਂ ਹਨ। ਉਨ੍ਹਾਂ ਕਿਹਾ ਕਿ ਮਾਨਸਿਕ ਸਦਮੇ ਵਿੱਚੋਂ ਗੁਜਰ ਰਹੇ ਬੱਚਿਆਂ ਦਾ ਇਲਾਜ ਕਰਨ ਲਈ ਇਹਨਾਂ ਬਾਲ ਸੰਭਾਲ ਘਰਾਂ ਵਿੱਚ ਮਾਨਸਿਕ ਸਿਹਤ ਸਲਾਹਕਾਰ ਨਿਯੁਕਤ ਕੀਤੇ ਗਏ ਹਨ।
ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਮੰਤਰੀ ਡਾ. ਬਲਜੀਤ ਕੌਰ ਨੇ ਦੱਸਿਆ ਕਿ ਵਿਭਾਗ ਬੱਚਿਆਂ ਦੀ ਸੁਰੱਖਿਆ ਲਈ ਵੱਖ-ਵੱਖ ਸੁਰੱਖਿਆ ਕਾਨੂੰਨ ਜਿਵੇਂ ਕਿ ਜੁਵੇਨਾਈਲ ਜਸਟਿਸ ਕੇਅਰ ਐਂਡ ਪ੍ਰੋਟੈਕਸ਼ਨ ਆਫ਼ ਚਿਲਡਰਨ, ਐਕਟ 2015, ਬਾਲ ਵਿਆਹ ਐਕਟ, ਜਿਨਸੀ ਅਪਰਾਧਾਂ ਤੋਂ ਬੱਚਿਆਂ ਦੀ ਸੁਰੱਖਿਆ ਐਕਟ, 2012, ਬਾਲ ਮਜ਼ਦੂਰੀ ਦੀ ਰੋਕਥਾਮ, ਸਮਾਜ ਵਿੱਚ ਬੱਚਿਆਂ ਦੇ ਵਿਰੁੱਧ ਖਤਰੇ ਨੂੰ ਰੋਕਣ ਅਤੇ ਬਾਲ ਸੁਰੱਖਿਆ ਪ੍ਰਣਾਲੀ ਨੂੰ ਮਜ਼ਬੂਤ ਕਰਨ ਲਈ ਐਮਰਜੈਂਸੀ ਚਾਈਲਡ ਹੈਲਪਲਾਈਨ ਨੰ: 1098 (24×7) ਕਾਰਜਸ਼ੀਲ ਹੈ, ਜਿੱਥੇ ਬੱਚਿਆਂ ਨਾਲ ਸਬੰਧਤ ਰਿਪੋਰਟ ਕੀਤੀ ਜਾ ਸਕਦੀ ਹੈ।
ਡਾ. ਬਲਜੀਤ ਕੌਰ ਨੇ ਵਿਭਾਗ ਦੇ ਅਧਿਕਾਰੀਆਂ ਨੂੰ ਬਾਲ ਐਕਟਾਂ ਨੂੰ ਸਹੀ ਅਰਥਾਂ ਵਿੱਚ ਲਾਗੂ ਕਰਨ ਦੀ ਲੋੜ ’ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਇਹ ਸਾਡੀ ਸਮੂਹਿਕ ਜਿੰਮੇਵਾਰੀ ਹੈ ਕਿ ਇਸ ਐਕਟ ਅਧੀਨ ਅਸੀਂ ਬੱਚਿਆਂ ਦੇ ਅਧਿਕਾਰਾਂ ਦੀ ਰੱਖਿਆ ਕਰੀਏ।
ਸਮਾਜਿਕ ਸੁਰੱਖਿਆ ਅਤੇ ਇਸਤਰੀ ਅਤੇ ਬਾਲ ਵਿਕਾਸ ਵਿਭਾਗ ਦੇ ਡਾਇਰੈਕਟਰ ਸ੍ਰੀਮਤੀ ਮਾਧਵੀ ਕਟਾਰੀਆਂ ਨੇ ਕਿਹਾ ਕਿ ਵਿਭਾਗ ਦਾ ਮੁੱਖ ਉਦੇਸ਼ “ਮਿਸ਼ਨ ਵਾਤਸਲਿਆ” ਨੂੰ ਜ਼ਮੀਨੀ ਪੱਧਰ ’ਤੇ ਲਾਗੂ ਕਰਨਾ ਅਤੇ ਬੱਚਿਆਂ ਨੂੰ ਹਿੰਸਾ, ਸ਼ੋਸ਼ਣ, ਦੁਰਵਿਵਹਾਰ ਅਤੇ ਅਣਗਹਿਲੀ ਤੋਂ ਬਚਾਉਣਾ ਹੈ। ਬੱਚਿਆਂ ਨੂੰ ਨੁਕਸਾਨ ਪਹੁੰਚਾਉਣ ਵਾਲਿਆਂ ਨੂੰ ਜਵਾਬਦੇਹ ਠਹਿਰਾਉਣਾ ਵੀ ਬਰਾਬਰ ਜ਼ਰੂਰੀ ਹੈ। ਉਨ੍ਹਾ ਆਮ ਜਨਤਾ ਨੂੰ ਅਪੀਲ ਕੀਤੀ ਕਿ ਜੇਕਰ ਤੁਸੀਂ ਕਿਸੇ ਬੱਚੇ ਨਾਲ ਦੁਰਵਿਵਹਾਰ ਅਤੇ ਸ਼ੋਸ਼ਣ ਹੋ ਰਿਹਾ ਦੇਖਦੇ ਹੋ ਤਾਂ ਇਸ ਮਾਮਲੇ ਦੀ ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਜਾਂ ਬਾਲ ਭਲਾਈ ਕਮੇਟੀ ਨੂੰ ਸੂਚਨਾ ਦਿੱਤੀ ਜਾਵੇ।
—————
EDITOR
CANADIAN DOABA TIMES
Email: editor@doabatimes.com
Mob:. 98146-40032 whtsapp
Advertisements
Advertisements
Advertisements
Advertisements
Advertisements
Advertisements
Advertisements