ਨਵੀਂ ਦਿੱਲੀ : ਪੰਜਾਬੀ ਰੈਪਰ ਸਿੱਧੂ ਮੂਸੇਵਾਲਾ ਦੇ ਕਤਲ ਮਾਮਲੇ ‘ਚ ਰਾਸ਼ਟਰੀ ਜਾਂਚ ਏਜੰਸੀ (ਐੱਨ.ਆਈ.ਏ.) ਨੇ ਵੱਡਾ ਖੁਲਾਸਾ ਕੀਤਾ ਹੈ। ਐਨਆਈਏ ਮੁਤਾਬਕ ਮੂਸੇਵਾਲਾ ਨੂੰ ਮਾਰਨ ਲਈ ਵਰਤੇ ਗਏ ਹਥਿਆਰ ਦੁਬਈ ਤੋਂ ਆਏ ਸਨ ਅਤੇ ਪਾਕਿਸਤਾਨੀ ਸਪਲਾਇਰ ਵੱਲੋਂ ਭੇਜੇ ਗਏ ਸਨ। ਇਹ ਪਹਿਲੀ ਵਾਰ ਹੈ ਜਦੋਂ ਕਿਸੇ ਪੰਜਾਬੀ ਗਾਇਕ ਦੀ ਮੌਤ ‘ਚ ਕਿਸੇ ਪਾਕਿਸਤਾਨੀ ਦੀ ਸ਼ਮੂਲੀਅਤ ਸਾਹਮਣੇ ਆਈ ਹੈ।
ਮੀਡੀਆ ਰਿਪੋਰਟਾਂ ਮੁਤਾਬਕ ਦੁਬਈ ਸਥਿਤ ਹਥਿਆਰ ਸਪਲਾਇਰ ਹਾਮਿਦ ਨੇ ਲਾਰੇਂਸ ਬਿਸ਼ਨੋਈ ਗੈਂਗ ਨੂੰ ਹਥਿਆਰ ਵੇਚੇ ਸਨ। ਹਾਮਿਦ ਨੇ ਬੁਲੰਦਸ਼ਹਿਰ ਦੇ ਇਕ ਸਪਲਾਇਰ ਸ਼ਹਿਬਾਜ਼ ਅੰਸਾਰੀ ਨਾਲ ਵੀ ਮੁਲਾਕਾਤ ਕੀਤੀ ਜੋ ਅਕਸਰ ਬਿਸ਼ਨੋਈ ਗੈਂਗ ਨੂੰ ਹਥਿਆਰਾਂ ਦੀ ਸਪਲਾਈ ਕਰਦਾ ਰਿਹਾ ਹੈ। ਗੋਲਡੀ ਬਰਾੜ ਗਰੁੱਪ ਨੂੰ ਹਾਮਿਦ ਦੀ ਤਰਫੋਂ ਹਥਿਆਰ ਦਿੱਤੇ ਗਏ ।
ਐਨਆਈਏ ਵੱਲੋਂ ਅਦਾਲਤ ਵਿੱਚ ਦਿੱਤੀ ਗਈ ਜਾਣਕਾਰੀ ਮੁਤਾਬਕ ਸ਼ਾਹਬਾਜ਼ ਅੰਸਾਰੀ ਕਈ ਵਾਰ ਦੁਬਈ ਗਿਆ ਸੀ ਜਿੱਥੇ ਉਸ ਦੀ ਮੁਲਾਕਾਤ ਪਾਕਿਸਤਾਨੀ ਨਾਗਰਿਕ ਰਾਹੀਂ ਹਾਮਿਦ ਨਾਲ ਹੋਈ ਸੀ। ਇਸ ਦੌਰਾਨ ਦੋਵਾਂ ਵਿਚਾਲੇ ਭਾਰਤ ‘ਚ ਹਥਿਆਰਾਂ ਦੀ ਸਪਲਾਈ ਨੂੰ ਲੈ ਕੇ ਗੱਲਬਾਤ ਹੋਈ, ਜਿਸ ਦੌਰਾਨ ਹਾਮਿਦ ਨੇ ਦੱਸਿਆ ਕਿ ਉਹ ਸਿੱਧੂ ਮੂਸੇਵਾਲਾ ਲਈ ਲਾਰੈਂਸ ਬਿਸ਼ਨੋਈ ਨੂੰ ਸਪਲਾਈ ਕਰ ਰਿਹਾ ਹੈ ਅਤੇ ਉਹ ਗੋਲਡੀ ਬਰਾੜ ਦੇ ਸੰਪਰਕ ‘ਚ ਵੀ ਹੈ।
ਦੱਸ ਦੇਈਏ ਕਿ 28 ਸਾਲਾ ਸਿੱਧੂ ਮੂਸੇਵਾਲਾ ਪੰਜਾਬ ਦਾ ਮਸ਼ਹੂਰ ਰੈਪਰ ਸੀ ਅਤੇ ਨੌਜਵਾਨਾਂ ‘ਚ ਕਾਫੀ ਮਸ਼ਹੂਰ ਸੀ। ਸਿੱਧੂ ਮੂਸੇਵਾਲਾ ਨੂੰ ਪਿਛਲੇ ਸਾਲ ਮਈ ਵਿੱਚ ਪੰਜਾਬ ਦੇ ਮਾਨਸਾ ਜ਼ਿਲ੍ਹੇ ਵਿੱਚ ਅੱਧੀ ਦਰਜਨ ਦੇ ਕਰੀਬ ਸ਼ੂਟਰਾਂ ਨੇ ਮਾਰ ਦਿੱਤਾ ਸੀ।
ਗਾਇਕ ਸਿੱਧੂ ਮੂਸੇਵਾਲਾ ਕਤਲ ਕੇਸ ਵਿੱਚ ਪੰਜਾਬ ਪੁਲਿਸ ਨੇ ਮਾਨਸਾ ਦੀ ਅਦਾਲਤ ਵਿੱਚ ਚਾਰਜਸ਼ੀਟ ਦਾਇਰ ਕੀਤੀ ਸੀ, ਜਿਸ ਵਿੱਚ ਕੁੱਲ 34 ਲੋਕਾਂ ਦੇ ਨਾਮ ਦਰਜ ਕੀਤੇ ਗਏ ਹਨ। ਇਸ ਵਿੱਚ ਲਾਰੈਂਸ ਬਿਸ਼ਨੋਈ, ਜੱਗੂ ਭਗਵਾਨਪੁਰੀਆ ਸਮੇਤ ਦਰਜਨ ਦੇ ਕਰੀਬ ਨਿਸ਼ਾਨੇਬਾਜ਼ਾਂ ਦੇ ਨਾਂ ਸ਼ਾਮਲ ਹਨ। ਇਸ ਕਤਲ ਦਾ ਮਾਸਟਰਮਾਈਂਡ ਗੋਲਡੀ ਬਰਾੜ ਦੱਸਿਆ ਜਾਂਦਾ ਹੈ, ਜਿਸ ਨੇ ਲਾਰੈਂਸ ਬਿਸ਼ਨੋਈ ਨਾਲ ਮਿਲ ਕੇ ਮੂਸੇਵਾਲਾ ਦੇ ਕਤਲ ਦੀ ਪੂਰੀ ਯੋਜਨਾ ਬਣਾਈ ਅਤੇ ਫਿਰ ਆਪਣੇ ਸ਼ੂਟਰਾਂ ਰਾਹੀਂ ਇਸ ਕਤਲ ਨੂੰ ਅੰਜਾਮ ਦਿੱਤਾ।
EDITOR
CANADIAN DOABA TIMES
Email: editor@doabatimes.com
Mob:. 98146-40032 whtsapp