ਨਵੀਂ ਦਿੱਲੀ : ਭਾਰਤ ‘ਚ ਅਗਲੇ ਵਰ੍ਹੇ ਤੋਂ ਸ਼ੁਰੂ ਹੋਣ ਵਾਲੀ ਜਨ-ਗਣਨਾ (ਮਰਦਮਸ਼ੁਮਾਰੀ) ਇਸ ਵਾਰ ਕੁਝ ਹਾਈ-ਟੈੱਕ ਹੋਵੇਗੀ। ਇਸ ਲਈ ਹੁਣ ਕਿਸੇ ਨੂੰ ਮੈਨ ਟੂ ਮੈਨ ਆਪਣੇ ਵੇਰਵੇ ਦੇਣ ਦੀ ਲੋੜ ਨਹੀਂ ਪਏਗੀ, ਸਗੋਂ ਘਰ ਬੈਠਿਆਂ ਹੀ ਹਰ ਕੋਈ ਆਪਣੇ ਵੇਰਵੇ ਆਨਲਾਈਨ ਭਰ ਸਕਦਾ ਹੈ। ਇਹ ਮਰਦਮਸ਼ੁਮਾਰੀ ਡਾਇਰੈਕਟੋਰੇਟ ਜਨਰਲ ਵੱਲੋਂ ਤਿਆਰ ਵੈੱਬ–ਪੋਰਟਲ ਰਾਹੀਂ ਭਰੀ ਜਾਵੇਗੀ। ਜਿਸ ਵਿੱਚ ਇਸ ਵਾਰ ਮੋਬਾਇਲ ਨੰਬਰ ਦਰਜ ਕਰਵਾਉਣਾ ਵੀ ਲਾਜ਼ਮੀ ਹੋ ਸਕਦਾ ਹੈ।
ਹਿੰਦੁਸਤਾਨ ਟਾਈਮਜ਼ ਪੰਜਾਬੀ ਦੀ ਖ਼ਬਰ ਮੁਤਾਬਕ ਜਦੋਂ ਤੱਕ ਪੋਰਟਲ ‘ਤੇ ਪੁੱਛੇ ਸਾਰੇ ਹੀ ਆਨਲਾਈਨ ਸੁਆਲਾਂ ਦੇ ਜੁਆਬ ਨਹੀਂ ਦਰਜ ਕੀਤੇ ਜਾਂਦੇ ਉਦੋਂ ਤੱਕ ਅਧਿਕਾਰੀ ਤੁਹਾਡੇ ਤੋਂ ਸਵਾਲ ਕਰਦੇ ਰਹਿਣਗੇ। ਆਨਲਾਈਨ ਵੇਰਵੇ ਦਰਜ ਕਰਨ ‘ਚ ਕਿਸੇ ਤਰ੍ਹਾਂ ਦੀ ਕੋਈ ਚਲਾਕੀ ਵੀ ਨਹੀਂ ਵਰਤੀ ਜਾ ਸਕੇਗੀ। ਜੋ ਲੋਕ ਆਨਲਾਈਨ ਪੋਰਟਲ ਉੱਤੇ ਖ਼ੁਦ ਆਪਣੇ ਵੇਰਵੇ ਦਰਜ ਨਹੀਂ ਕਰਨਾ ਚਾਹੁੰਦੇ, ਉਹ ਅਧਿਕਾਰੀਆਂ ਦੇ ਸੁਆਲਾਂ ਦੇ ਜੁਆਬ ਦੇਣਗੇ ਅਤੇ ਉਨ੍ਹਾਂ ਦੇ ਸਾਹਮਣੇ ਹੀ ਉਹ ਅਧਿਕਾਰੀ ਜਾਂ ਤਾਂ ਕਾਗਜ਼ ਦੀ ਸ਼ੀਟ ਉੱਤੇ ਜਾਂ ਫਿਰ ਸਮਾਰਟ ਮੋਬਾਇਲ-ਐਪ ਉੱਤੇ ਜਵਾਬ ਦਰਜ ਕਰਨਗੇ।
ਭਾਰਤ ’ਚ ਮਰਦਮਸ਼ੁਮਾਰੀ ਹਰ 10 ਸਾਲਾਂ ਪਿੱਛੋਂ ਹੁੰਦੀ ਹੈ। ਇਸ ਵਾਰ ਮਰਦਮਸ਼ੁਮਾਰੀ ਦੋ ਗੇੜਾਂ ਵਿੱਚ ਹੋਵੇਗੀ। ਪਹਿਲਾ ਗੇੜ ਅਗਲੇ ਵਰ੍ਹੇ ਭਾਵ 2020 ’ਚ ਇੱਕ ਅਪ੍ਰੈਲ ਤੋਂ 30 ਸਤੰਬਰ ਤੱਕ ਹੋਵੇਗਾ, ਜਿਸ ਵਿੱਚ ਮਕਾਨਾਂ ਦਾ ਸੂਚੀਕਰਣ ਤੇ ਮਕਾਨਾਂ ਦੀ ਗਿਣਤੀ ਨਾਲ ਜੁੜੇ 34 ਸੁਆਲ ਪੁੱਛੇ ਜਾਣਗੇ। ਇਹ ਕੰਮ ਸੂਬਿਆਂ ਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੀਆਂ ਸਰਕਾਰਾਂ ਵੱਲੋਂ ਉਪਲਬਧ ਕਰਵਾਏ ਮੁਲਾਜ਼ਮਾਂ ਰਾਹੀਂ ਕਰਵਾਇਆ ਜਾਵੇਗਾ। ਫਿਰ ਦੂਜਾ ਗੇੜ 2021 ’ਚ 9 ਤੋਂ 28 ਫ਼ਰਵਰੀ ਦਰਮਿਆਨ ਹੋਵੇਗਾ, ਜਿਸ ‘ਚ ਤੁਹਾਡੇ ਪਰਿਵਾਰ ਨਾਲ ਜੁੜੇ 28 ਸੁਆਲ ਪੁੱਛੇ ਜਾਣਗੇ। 28 ਫ਼ਰਵਰੀ ਦੀ ਰਾਤ ਨੂੰ ਬੇਘਰਾਂ ਦੀ ਗਿਣਤੀ ਹੋਵੇਗੀ।
EDITOR
CANADIAN DOABA TIMES
Email: editor@doabatimes.com
Mob:. 98146-40032 whtsapp