ਆਰਡੀਨੈਂਸਾਂ ਵਿਰੁੱਧ ਪੈਦਾ ਹੋਏ ਲੋਕ ਰੋਹ ਤੋਂ ਡਰਦਿਆਂ ਭਾਜਪਾ ਸਫਾਈਆਂ ਦੇਣ ਲੱਗੀ

ਆਰਡੀਨੈਂਸਾਂ ਵਿਰੁੱਧ ਪੈਦਾ ਹੋਏ ਲੋਕ ਰੋਹ ਤੋਂ ਡਰਦਿਆਂ ਭਾਜਪਾ ਸਫਾਈਆਂ ਦੇਣ ਲੱਗੀ 

ਅੰਮ੍ਰਿਤਸਰ, 2 ਜੁਲਾਈ( ਰਾਜਨ ਮਾਨ ) : ਕੇਂਦਰ ਦੀ ਭਾਜਪਾ ਸਰਕਾਰ ਵਲੋਂ ਜਾਰੀ ਤਿੰਨ ਆਰਡੀਨੈਂਸਾਂ ਵਿਰੁੱਧ ਪੈਦਾ ਹੋਏ ਲੋਕ ਰੋਹ ਤੋਂ ਡਰਦਿਆਂ ਭਾਜਪਾ ਸਫਾਈਆਂ ਦੇਣ ਲੱਗ ਗਈ ਹੈ ਅਤੇ ਲੋਕਾਂ ਦੀਆਂ ਬਰੂਹਾਂ ਤੇ ਜਾ ਆਪਣੇ ਆਪ ਨੂੰ ਲੋਕ ਤੇ ਕਿਸਾਨ ਹਿਤੈਸ਼ੀ ਹੋਣ ਦਾ ਢੋਲ ਵਜਾ ਰਹੀ ਹੈ। ਕੇਂਦਰ ਸਰਕਾਰ ਵਲੋਂ ਜਾਰੀ ਕੀਤੇ ਗਏ ਆਰਡੀਨੈਂਸਾਂ ਦੇ ਵਿਰੁੁੱਧ ਪੰਜਾਬ ਦੀ ਕਾਂਗਰਸ ਸਰਕਾਰ ਬਾਜ਼ੀ ਮਾਰਦਿਆਂ ਇਸ ਮਾਮਲੇ ਵਿੱਚ ਕਿਸਾਨਾਂ ਦੇ ਨਾਲ ਖੜਨ ਦਾ ਦਾਅਵਾ ਕਰਕੇ ਹਰ ਕੁਰਬਾਨੀ ਦੇਣ ਦੇ ਕੀਤੇ ਐਲਾਨ ਨੇ ਭਾਜਪਾ ਦੀ ਨੀਂਦ ਉਡਾਈ ਹੈੈ। ਇਕ ਤੋਂ ਬਾਅਦ ਇਕ ਲੋੋੋਕ ਵਿਰੋਧੀ ਹੋ ਰਹੇ ਫੈਸਲਿਆਂ ਕਾਰਨ  ਕਿਸਾਨਾਂ ਤੇ ਆਮ ਲੋਕਾਂ ਵਿੱਚ ਭਾਰੀ ਹੱਕ ਪਾਇਆ ਜਾ ਰਿਹਾ ਹੈ।

 ਆਪਣੇ ਵਿਰੁੱਧ ਪੈਦਾ ਹੋ ਰਹੀ ਲੋਕ ਲਹਿਰ ਤੋਂ ਡਰਦੀ ਭਾਜਪਾ ਸਫਾਈਆਂ ਦੇਣ ਲੱਗ ਪਈ ਹੈ। ਭਾਜਪਾ ਵਲੋਂ ਲੋਕਾਂ ਨੂੰ ਜਾਗਰੂਕ ਕਰਨ ਲਈ ਵਿੱਢੀ ਮੁਹਿੰਮ  ਤਹਿਤ ਸਾਬਕਾ ਮੰਤਰੀ ਮਨੋਰੰਜਨ ਕਾਲੀਆ ਨੇ ਅੱਜ ਇਥੇ ਆਖਿਆ ਕਿ ਇਹ ਤਿੰਨਾਂ ਕਾਨੂੰਨਾਂ ਦੇ ਖਿਲਾਫ ਸਿਆਸੀ ਪਾਰਟੀਆਂ ਵਲੋਂ ਲੋਕਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ। ਜਦੋਂਕਿ ਮੋਦੀ ਸਰਕਾਰ ਕਿਸਾਨ ਹਿਤੈਸ਼ੀ ਸਰਕਾਰ ਹੈ।ਅੱਜ ਇਥੇ ਭਾਜਪਾ ਆਗੂਆਂ ਨਾਲ ਮੀਟਿੰਗ ਉਪਰੰਤ  ਗੱਲਬਾਤ ਕਰਦਿਆਂ ਸ੍ਰੀ ਕਾਲੀਆ ਨੇ ਦਾਅਵਾ ਕੀਤਾ ਕਿ ਇਨ੍ਹਾਂ ਕਾਨੂੰਨਾਂ ਦੇ ਨਾਲ ਕਿਸਾਨਾਂ  ਨੂੰ ਕੋਈ ਨੁਕਸਾਨ ਨਹੀਂ ਹੋਵੇਗਾ ਸਗੋਂ ਉਨ੍ਹਾਂ ਨੂੰ ਉਪਜ ਦਾ ਸਹੀ ਮੁਲ ਮਿਲੇਗਾ, ਜਿਸ ਨਾਲ ਆਮਦਨ ਵਿਚ ਵਾਧਾ ਹੋਵੇਗਾ।

ਉਨ੍ਹਾਂ ਦੋਸ਼ ਲਾਇਆ ਕਿ ਕਾਂਗਰਸ ਸਮੇਤ ਹੋ ਸਿਆਸੀ ਪਾਰਟੀਆਂ ਇਸ ਬਾਰੇ ਗੁੰਮਰਾਹਕੁੰਨ ਪ੍ਰਚਾਰ ਕਰ ਰਹੀਆਂ ਹਨ। ਇਸ ਨਾਲ ਫਸਲਾਂ ਦੇ ਘੱਟੋ ਘੱਟ ਸਮਰਥਨ ਮੁਲ ਨੂੰ ਤਹਿ ਕਰਨ ਵਿਚ ਕੋਈ ਤਬਦੀਲੀ ਨਹੀਂ ਹੋਵੇਗੀ ਅਤੇ ਨਾ ਹੀ ਕੋਈ ਤਬਦੀਲੀ ਕੀਤੀ ਜਾਵੇਗੀ। ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਭਾਜਪਾ ਤੋਂ ਪਹਿਲਾਂ ਕਾਂਗਰਸ ਦੀ ਸਰਕਾਰ ਦਸ ਸਾਲ ਸਤਾ ਵਿਚ ਰਹੀ ਹੈ ਪਰ ਉਨ੍ਹਾਂ ਨੇ ਇਨ੍ਹਾਂ ਸਿਫਾਰਸ਼ਾਂ ਨੂੰ ਲਾਗੂ ਨਹੀਂ ਕੀਤਾ ਜਦੋਂਕਿ ਮੋਦੀ ਸਰਕਾਰ ਨੇ ਸਿਫਾਰਸ਼ ਨੂੰ ਲਾਗਤ ਮੁਲ ਨਾਲ ਜੋੜ ਕੇ ਲਾਗੂ ਕੀਤਾ ਹੈ। ਉਨ੍ਹਾਂ ਕਿਹਾ ਕਿ ਕੇਂਦਰੀ ਖੇਤੀਬਾੜੀ ਮੰਤਰੀ ਨੇ ਹਾਲ ਹੀ ਵਿਚ ਐਲਾਨ ਕੀਤਾ ਹੈ ਕਿ ਘੱਟੋ ਘੱਟ ਸਮਰਥਨ ਮੁਲ ਪਹਿਲਾਂ ਵਾਂਗ ਹੀ ਕਾਇਮ ਰਹੇਗਾ।

ਇਸ ਮੌਕੇ ਉਨ੍ਹਾਂ ਨੇ ਕਾਂਗਰਸ ਨੂੰ ਘੇਰਦਿਆਂ ਆਖਿਆ ਕਿ ਕਾਂਗਰਸ ਨੇ ਦੇਸ਼ ਵਿਚ ਐਮਰਜੈਂਸੀ ਲਾਈ, ਧਾਰਾ 356 ਦੀ ਦੁਰਵਰਤੋਂ ਕਰਕੇ ਸੂਬਾ ਸਰਕਾਰਾਂ ਬਰਖਾਸਤ ਕੀਤੀਆਂ ਪਰ ਅੱਜ ਉਹ ਸੰਘੀ ਢਾਂਚੇ ਦੀ ਗੱਲ ਕਰ ਰਹੇ ਹਨ। ਉਨ੍ਹਾਂ ਦਾਅਵਾ ਕੀਤਾ ਕਿ ਪ੍ਰਧਾਨ ਮੰਤਰੀ ਦੇਸ਼ ਦੇ ਸੰਘੀ ਢਾਂਚੇ ਨੂੰ ਮਜ਼ਬੂਤ ਕਰਨ ਦੇ ਹੱਕ ਵਿਚ ਹਨ। ਇਨ੍ਹਾਂ ਕਾਨੂੰਨਾਂ ਬਾਰੇ ਪ੍ਰਚਾਰ ਕਰਨ ਵਾਲੇ ਕਾਂਗਰਸੀ ਅਤੇ ਆਪ ਆਗੂਆਂ ਨੂੰ ਉਨ੍ਹਾਂ ਨੇ ਕਿਹਾ ਕਿ ਉਹ ਪਹਿਲਾਂ ਇਨ੍ਹਾਂ ਕਾਨੂੰਨਾਂ ਨੂੰ ਚੰਗੀ ਤਰ੍ਹਾਂ ਪੜ੍ਹ ਲੈਣ ਅਤੇ ਬਾਅਦ ਵਿਚ ਇਸ ਬਾਰੇ ਬਿਆਨਬਾਜੀ ਕਰਨ।

ਉਨ੍ਹਾਂ ਆਖਿਆ ਕਿ ਦੇਸ਼ ਦੀ ਆਜ਼ਾਦੀ ਤੋਂ ਬਾਅਦ ਮੋਦੀ ਸਰਕਾਰ ਨੇ ਇਨ੍ਹਾਂ ਕਾਨੂੰਨਾਂ ਰਾਹੀਂ ਕਿਸਾਨ ਨੂੰ ਆਜ਼ਾਦੀ ਦਿੱਤੀ ਹੈ ਕਿ ਉਹ ਬਿਨਾਂ ਕਿਸੇ ਰੋਕ ਟੋਕ ਅਤੇ ਟੈਕਸ ਦੇ ਆਪਣੀ ਜਿਣਸ ਕਿਸੇ ਵੀ ਸੂਬੇ ਵਿਚ ਜਾ ਕੇ ਵੇਚ ਸਕਦੇ ਹਨ।ਉਨ੍ਹਾਂ ਨੇ ਸਿਆਸੀ ਆਗੂਆਂ ਨੂੰ ਅਪੀਲ ਕੀਤੀ ਕਿ ਉਹ ਕਿਸਾਨਾਂ ਨੂੰ ਗੁੰਮਰਾਹ ਨਾ ਕਰਨ ਅਤੇ ਸਿਆਸੀ ਹਿੱਤਾਂ ਤੋਂ ਉਪਰ ਉਠ ਕੇ ਇਨ੍ਹਾਂ ਕਾਨੂੰਨਾਂ ਦਾ ਸਮਰਥਨ ਕਰਨ। ਉਨ੍ਹਾਂ ਆਖਿਆ ਕਿ ਭਾਜਪਾ ਜਲਦੀ ਹੀ ਕਿਸਾਨਾਂ ਨੂੰ ਇਸ ਬਾਰੇ ਜਾਗਰੂਕ ਕਰਨ ਲਈ ਇਕ ਮੁਹਿੰਮ ਸ਼ੁਰੂ ਕਰੇਗੀ, ਜਿਸ ਤਹਿਤ ਪਾਰਟੀ ਵਰਕਰ ਪਿੰਡ ਪਿੰਡ ਜਾ ਕੇ ਕਿਸਾਨਾਂ ਨੂੰ ਜਾਗਰੂਕ ਕਰਨਗੇ।ਕਿਸਾਨਾਂ ਦੇ ਨਾਲ ਨਾਲ ਵਿਰੋਧੀ ਧਿਰਾਂ ਵਲੋਂ ਵੀ ਕੇਂਦਰ ਸਰਕਾਰ ਵਿਰੁਧ ਕਮਰਕੱਸੇ ਕਰ ਲਏ ਗਏ ਹਨ। 

Related posts

Leave a Reply