ਕੋਵਿਡ 19 ਦੇ ਹਰ ਤਰ੍ਹਾ ਦੇ ਕੰਮਾਂ ਦਾ ਬਾਈਕਾਟ ਕਰਕੇ ਕਰੋਨਾ ਮਹਾਂਮਾਰੀ ਦੇ ਸਮੇਂ ਮੂਹਰਲੀ ਕਤਾਰ ਵਿਚ ਲੜਨ ਵਾਲੀਆਂ ਆਸ਼ਾ ਵਰਕਰਾਂ 9 ਜੁਲਾਈ ਤੋਂ  ਤਿੰਨ ਰੋਜ਼ਾ ਹੜਤਾਲ ਤੇ

ਗੁਰਦਾਸਪੁਰ 7 ਜੁਲਾਈ (  ਅਸ਼ਵਨੀ ) ਕਰੋਨਾ ਮਹਾਂਮਾਰੀ ਦੇ ਸਮੇਂ ਮੂਹਰਲੀ ਕਤਾਰ ਵਿਚ ਲੜਨ ਵਾਲੀਆਂ ਆਸ਼ਾ ਵਰਕਰਾਂ ਅਤੇ ਫੈਸੀਲੀਟੇਟਰਜ ਪੰਜਾਬ ਸਰਕਾਰ ਦੀ ਆਸ਼ਾ ਵਰਕਰ ਵਿਰੋਧੀ ਨੀਤੀਆਂ ਕਾਰਨ ਆਪਣੀ ਮਿਹਨਤ ਦਾ ਮੁੱਲ ਨਾ ਮਿਲਣ ਦੇ ਰੋਸ਼ ਵਜੋਂ 9 ਜੁਲਾਈ ਤੋਂ  ਕੋਵਿਡ 19 ਦੇ ਹਰ ਤਰ੍ਹਾ ਦੇ ਕੰਮ ਅਤੇ ਹੋਰ ਬਣਦੇ ਕੰਮਾਂ ਦਾ ਬਾਈਕਾਟ ਕਰਕੇ ਤਿੰਨ ਰੋਜ਼ਾ ਹੜਤਾਲ ਤੇ ਜਾ ਰਹੀਆਂ ਹਨ।  ਆਸ਼ਾ ਵਰਕਰਜ ਅਤੇ ਫੈਸੀਲੀਟੇਟਰਜ ਯੂਨੀਅਨ ਪੰਜਾਬ ਦੀ ਪ੍ਰਧਾਨ ਅਮਰਜੀਤ ਕੌਰ ਕੰਮਿਆਣਾ ਅਤੇ ਪਰਮਜੀਤ ਕੌਰ ਮਾਨ ਵੱਲੋਂ ਸਿਹਤ ਵਿਭਾਗ ਦੇ ਉੱਚ ਅਧਿਕਾਰੀਆਂ ਨੂੰ ਹੜਤਾਲ ਦਾ ਨੋਟਿਸ ਭੇਜਕੇ ਦੋਸ਼ ਲਾਇਆ ਹੈ ਕਿ ਕੋਵਿਡ19 ਦੀ ਮਹਾਂਮਾਰੀ ਦੌਰਾਨ ਔਖੀ ਹਾਲਤ ਵਿੱਚ ਕੰਮ ਬਦਲੇ ਪਹਿਲੀ ਜਨਵਰੀ ਤੋਂ 30 ਜੂਨ ਤੱਕ ਆਸ਼ਾ ਵਰਕਰਾਂ ਨੂੰ 2500 ਰੁਪਏ ਪ੍ਰਤੀ ਮਹੀਨਾ ਅਤੇ ਫੈਸੀਲੀਟੇਟਰਜ ਨੂੰ 1500 ਰੁਪਏ ਪ੍ਰਤੀ ਮਹੀਨਾ ਮਾਣ ਭੱਤਾ ਦਿੱਤਾ ਜਾਂਦਾ ਸੀ ਜੋ ਕਿ ਹੁਣ  ਬੰਦ ਕਰ ਦਿੱਤਾ ਹੈ। ਇਸ ਦੇ ਉਲਟ ਕਰੋਨਾ ਮਹਾਂਮਾਰੀ ਦੇ ਸੰਕਟ ਵਿਚ ਕਰੋਨਾ ਪੀੜਤਾਂ ਦੀ ਗਿਣਤੀ ਵੱਧਣ ਨਾਲ ਆਸ਼ਾ ਵਰਕਰਾਂ ਤੇ ਕੰਮ ਦਾ ਦਬਾਅ ਵੱਧ ਗਿਆ ਹੈ।

ਆਸ਼ਾ ਵਰਕਰਜ ਅਤੇ ਫੈਸੀਲੀਟੇਟਰਜ ਯੂਨੀਅਨ ਪੰਜਾਬ ਗੁਰਦਾਸਪੁਰ ਦੀ ਪ੍ਰਧਾਨ ਰਾਜਵਿੰਦਰ ਕੌਰ ਤੇ  ਜਰਨਲ ਸਕੱਤਰ ਬਲਵਿੰਦਰ ਕੌਰ ਅਲੀ ਸ਼ੇਰ ਹੜਤਾਲ ਦਾ ਸੱਦਾ ਦਿੰਦਿਆਂ ਕਿਹਾ ਕਿ ਘਰ ਘਰ ਸਰਵੇਖਣ ਕਰ ਰਹੀਆਂ ਆਸ਼ਾ ਵਰਕਰਾਂ ਨੂੰ ਚਾਰ ਰੁਪਏ ਪ੍ਰਤੀ ਵਿਅਕਤੀ ਮਿਹਨਤਾਨਾ ਦੇ ਕੇ ਉਨ੍ਹਾਂ ਨਾਲ ਮਜ਼ਾਕ ਕੀਤਾ ਜਾ ਰਿਹਾ ਹੈ। ਦਿਨ ਰਾਤ  ਗਰਮੀ ਵਿਚ ਕੰਮ ਕਰ ਰਹੀਆਂ ਆਸ਼ਾ ਵਰਕਰਾਂ ਵੈਬਸਾਈਟ ਨਾ ਚਲਣ ਕਾਰਨ ਡਾਟਾ ਚਾੜਣ ਲਈ ਖਜਲ ਖੁਆਰ ਹੋ ਰਹੀਆਂ ਹਨ। ਸ੍ਰੀ ਮਤੀ ਚੰਚਲ ਮੱਟੂ,ਗੁਰਵਿੰਦਰ ਕੌਰ ਬਹਿਰਾਮਪੁਰ,ਮੀਰਾਂ ਕਾਹਨੂੰਵਾਨ,ਕਾਂਤਾ ਦੇਵੀ ਭੁੱਲਰ ,ਕੁਲਵੀਰ ਕੌਰ,ਕੁਲਵੰਤ ਕੌਰ,ਪਰਮਜੀਤ ਕੌਰ ਭਾਮ ਨੇ ਚੇਤਾਵਨੀ ਦਿੰਦਿਆਂ ਕਿਹਾ ਕਿ ਉਨ੍ਹਾਂ ਦੇ ਘਰ ਘਰ ਸਰਵੇਖਣ ਦੇ ਪੈਸਿਆਂ ਵਿੱਚ ਵਾਧਾ ਕੀਤਾ ਜਾਵੇ। ਜਿਨ੍ਹਾਂ ਚਿਰ ਪੰਜਾਬ ਕਰੋਨਾ ਮੁਕਤੀ ਫਤਿਹ ਮਿਸ਼ਨ ਪੂਰਾ ਨਹੀਂ ਹੁੰਦਾ ਉਨ੍ਹਾਂ ਨੂੰ ਮਿਲਦਾ ਕਰੋਨਾ ਮੁਕਤੀ ਭੱਤਾ ਜਾਰੀ ਰੱਖਿਆ ਜਾਵੇ। ਆਸ਼ਾ ਵਰਕਰਾਂ ਤੋਂ ਵਾਧੂ ਕੰਮ ਲੈਣੇ ਬੰਦ ਕੀਤੇ ਜਾਣ।

Related posts

Leave a Reply