ਤਾਰਾ ਸਿੰਘ ਸੰਧੂ ਦਾ ਵਿਛੋੜਾ ਦੇ ਗਏ


ਤਾਰਾ ਸਿੰਘ ਸੰਧੂ ਦਾ ਵਿਛੋੜਾ

ਗੁਰਦਾਸਪੁਰ ( ਚੰਡੀਗੜ੍ਹ ) 20 ਜਨਵਰੀ ( ਅਸ਼ਵਨੀ ) :- ਕੇਂਦਰੀ ਪੰਜਾਬੀ ਲੇਖਕ ਸਭਾ (ਰਜਿ.) ਦੇ ਸਾਬਕਾ ਜਨਰਲ ਸਕੱਤਰ, ਪ੍ਰਸਿਧ ਨਾਟਕਕਾਰ, ਸਫ਼ਰਨਾਮਾ ਲੇਖਕ ਅਤੇ ਖੋਜੀ ਤਾਰਾ ਸਿੰਘ ਸੰਧੂ ਸਦੀਵੀ ਵਿਛੋੜਾ ਦੇ ਗਏ ਹਨ। ਤਾਰਾ ਸਿੰਘ ਸੰਧੂ ਬਹੁ-ਪੱਖੀ ਪ੍ਰਤਿਭਾ ਦਾ ਸਵਾਮੀ ਸੀ। ਸਾਹਿਤ ਸਿਰਜਣਾ ਅਤੇ ਰਾਜਨੀਤੀ ਦੇ ਖੇਤਰ ਵਿਚ ਉਸ ਨੇ ਆਪਣੀ ਵੱਖਰੀ ਪਛਾਣ ਬਣਾਈ। ਉਹ ਸਰਬ ਭਾਰਤ ਨੌਜਵਾਨ ਫੈਡਰੇਸ਼ਨ ਅਤੇ ਸਰਬ ਭਾਰਤ ਵਿਦਿਆਰਥੀ ਸਭਾ ਦਾ ਕੌਮੀ ਪੱਧਰ ਉਤੇ ਪ੍ਰਧਾਨ ਅਤੇ ਜਨਰਲ ਸਕੱਤਰ ਦੇ ਅਹੁਦਿਆਂ ਉਤੇ ਕਾਰਜਸ਼ੀਲ ਰਿਹਾ। ਉਸ ਨੇ ਪੰਜਾਬ ਦੀ ਖੱਬੇ-ਪੱਖੀ ਰਾਜਨੀਤੀ ਵਿਚ ਸਰਗਰਮ ਭਾਗੀਦਾਰੀ ਕੀਤੀ। ਬਾਅਦ ਵਿਚ ਉਹ ਕਾਂਗਰਸ ਵਿਚ ਸ਼ਾਮਲ ਹੋ ਗਿਆ। ਲੇਖਕ ਵੱਜੋਂ ਉਸ ਦੀ ਪਛਾਣ ਉਸ ਦੇ ਨਾਟਕ ‘ਚੌਰਸ ਕਿੱਲ’, ‘ਬਾਬਰ’, ‘ਬਾਰ ਪਰਾਇ ਬੈਸਣਾ’, ‘ਗੂੰਗੇ ਬੋਲ’, ‘ਦੁੱਖ ਦਰਿਆਵਾਂ ਦੇ’ ਅਤੇ ‘ਰਤਨਾ ਕੁਮਾਰੀ’ ਆਦਿ ਨਾਟਕਾਂ ਨਾਲ ਬਣੀ। ਉਸ ਨੇ ਹੀਰ ਵਾਰਸ ਦਾ ਲੋਕ-ਧਾਰਾ ਦੀ ਦ੍ਰਿਸ਼ਟੀ ਤੋਂ ਅਧਿਅਨ ਕਰਕੇ ਪੀ. ਐੱਚ. ਡੀ. ਦੀ ਉਪਾਧੀ ਹਾਸਲ ਕੀਤੀ। 
ਕੇਂਦਰੀ ਪੰਜਾਬੀ ਲੇਖਕ ਸਭਾ (ਰਜਿ.) ਦੇ ਜਨਰਲ ਸਕੱਤਰ ਵੱਜੋਂ ਉਸ ਨੇ ਅਤਿਵਾਦ ਦੇ ਦਿਨਾਂ ਵਿਚ ਸ਼ਾਨਦਾਰ ਭੂਮਿਕਾ ਨਿਭਾਈ। ਅੱਜ ਸਵੇਰੇ 10 ਵਜੇ ਲੁਧਿਆਣਾ ਦੇ ਇਕ ਹਸਪਤਾਲ ਵਿਚ ਉਨ੍ਹਾਂ ਆਖਰੀ ਸਾਹ ਲਿਆ।ਕੇਂਦਰੀ ਪੰਜਾਬੀ ਲੇਖਕ ਸਭਾ (ਰਜਿ.) ਦੇ ਪ੍ਰਧਾਨ ਦਰਸ਼ਨ ਬੁੱਟਰ ਅਤੇ ਜਨਰਲ ਸਕੱਤਰ ਡਾ. ਸੁਖਦੇਵ ਸਿੰਘ ਸਿਰਸਾ ਨੇ ਤਾਰਾ ਸਿੰਘ ਸੰਧੂ ਦੇ ਸੁਰਗਵਾਸ ਹੋ ਜਾਣ ਉਤੇ ਉਨ੍ਹਾਂ ਦੇ ਪਰਿਵਾਰ ਅਤੇ ਸਨੇਹੀਆਂ ਨਾਲ ਹਾਰਦਿਕ ਸੰਵੇਦਨਾ ਪ੍ਰਗਟ ਕੀਤੀ ਹੈ।   

Related posts

Leave a Reply